ਜੂਨੀਅਰ ਚੈਂਪੀਅਨਸ਼ਿਪ ’ਚ ਜਸਨੀਤ ਤੇ ਹਰਪ੍ਰੀਤ ਨੇ ਜਿੱਤੇ ਸਿਲਵਰ ਮੈਡਲ
ਪੱਤਰ ਪ੍ਰੇਰਕ
ਜੈਂਤੀਪੁਰ, 29 ਅਕਤੂਬਰ
ਹਾਕੀ ਇੰਡੀਆ ਵੱਲੋਂ ਗਵਾਲੀਅਰ ਦੇ ਅੰਤਰਰਾਸ਼ਟਰੀ ਐਸਟਰੋਟਰਫ ਹਾਕੀ ਖੇਡ ਸਟੇਡੀਅਮ ਵਿਚ ਕਰਵਾਈ ਗਈ ਵਿਮੈੱਨ ਜੂਨੀਅਰ ਤੇ ਸਬ ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਸ਼ਾਈਨਿੰਗ ਸਟਾਰ ਇੰਟਰਨੈਸ਼ਨਲ ਸਕੂਲ ਸਰਹਾਲਾ ਦੀ ਜਸਨੀਤ ਕੌਰ ਮਰੜ੍ਹੀ ਖੁਰਦ ਅਤੇ ਹਰਪ੍ਰੀਤ ਕੌਰ ਮਰੜ੍ਹੀ ਕਲਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਹਰਚਰਨ ਸਿੰਘ ਸੋਹੀ ਅਤੇ ਕੋਚ ਬਲਵੰਤ ਸਿੰਘ ਭਗਤ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਅਤੇ ਅਕੈਡਮੀਆਂ ਦੀਆਂ ਟੀਮਾਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਸਕੂਲ ਦੀ ਜਸਨੀਤ ਕੌਰ ਮਰੜ੍ਹੀ ਖ਼ੁਰਦ, ਹਰਪ੍ਰੀਤ ਕੌਰ ਮਰੜ੍ਹੀ ਕਲਾਂ, ਸਹਿਜਦੀਪ ਕੌਰ ਪਾਖਰਪੁਰਾ ਅਤੇ ਸਹਿਜਦੀਪ ਕੌਰ ਛਿੱਤ ਨੇ ਭਾਗ ਲਿਆ ਸੀ ਤੇ ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਜਸਨੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਕੇ ਸਿਲਵਰ ਮੈਡਲ ਜਿੱਤਿਆ। ਜੇਤੂ ਟੀਮ ਦਾ ਪ੍ਰਿੰਸੀਪਲ ਵਰਿੰਦਰਜੀਤ ਕੌਰ, ਸੁੱਚਾ ਸਿੰਘ, ਹਰਚਰਨ ਸਿੰਘ ਸੋਹੀ, ਕੋਚ ਬਲਵੰਤ ਸਿੰਘ ਭਗਤ ਤੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।