For the best experience, open
https://m.punjabitribuneonline.com
on your mobile browser.
Advertisement

ਜ਼ਿਮਨੀ ਚੋਣਾਂ: ਚਾਰ ਸੀਟਾਂ ਦੇ ਵੋਟਰਾਂ ਨੂੰ ਮੌਜਾਂ ਹੀ ਮੌਜਾਂ..!

08:01 AM Nov 04, 2024 IST
ਜ਼ਿਮਨੀ ਚੋਣਾਂ  ਚਾਰ ਸੀਟਾਂ ਦੇ ਵੋਟਰਾਂ ਨੂੰ ਮੌਜਾਂ ਹੀ ਮੌਜਾਂ
ਡੀਏਪੀ ਨਾ ਮਿਲਣ ਕਾਰਨ ਪਿੰਡ ਭੈਣੀਬਾਘਾ ਦੀ ਸਹਿਕਾਰੀ ਸੁਸਾਇਟੀਵਿੱਚ ਪਸਰੀ ਸੁੰਨ। ਫੋਟੋ: ਜੋਗਿੰਦਰ ਮਾਨ
Advertisement

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 3 ਨਵੰਬਰ
ਪੰਜਾਬ ’ਚ ਜਿਨ੍ਹਾਂ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ ਹੋ ਰਹੀ ਹੈ, ਉਨ੍ਹਾਂ ਦੇ ਵੋਟਰਾਂ ਨੂੰ ਮੌਜਾਂ ਹੀ ਮੌਜਾਂ ਹਨ। ਸਮੁੱਚੇ ਪੰਜਾਬ ’ਚ ਡੀਏਪੀ ਖਾਦ ਦਾ ਸੰਕਟ ਹੈ ਪ੍ਰੰਤੂ ਜ਼ਿਮਨੀ ਚੋਣਾਂ ਵਾਲੇ ਹਲਕਿਆਂ ’ਚ ਇਹ ਕਮੀ ਘੱਟ ਰੜਕ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਮਾਲੇਰਕੋਟਲਾ ਦੀ ਹੈ ਜਿੱਥੇ ਕਿਸਾਨਾਂ ਨੇ ਡੀਏਪੀ ਖਾਦ ਦੇ ਰੇਲ ਰੈਕ ਦਾ ਘਿਰਾਓ ਕਰ ਦਿੱਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕਾਰਕੁਨਾਂ ਨੇ 34,164 ਬੋਰੀਆਂ ਦੀ ਭਰੀ ਰੇਲ ਗੱਡੀ ਨੂੰ ਮਾਲੇਰਕੋਟਲਾ ਵਿਚ ਰੋਕ ਲਿਆ। ਇਸ ਰੈਕ ਵਿਚ 75 ਫ਼ੀਸਦੀ ਖਾਦ ਮਾਲੇਰਕੋਟਲਾ ਲਈ ਅਤੇ 25 ਫ਼ੀਸਦੀ ਜ਼ਿਲ੍ਹਾ ਬਰਨਾਲਾ ਲਈ ਸੀ। ਕਿਸਾਨਾਂ ਦਾ ਇਲਜ਼ਾਮ ਸੀ ਕਿ ਖਾਦ ਦੀ ਵੰਡ ਵਿਚ ਫੇਰਬਦਲ ਕਰ ਕੇ ਜ਼ਿਆਦਾ ਖਾਦ ਜ਼ਿਲ੍ਹਾ ਬਰਨਾਲਾ ਵਿਚ ਭੇਜੀ ਜਾ ਰਹੀ ਸੀ ਕਿਉਂਕਿ ਬਰਨਾਲਾ ’ਚ ਜ਼ਿਮਨੀ ਚੋਣ ਹੋ ਰਹੀ ਹੈ। ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਖਾਦ ਦੀ ਵੰਡ ਵਿਚ ਫੇਰਬਦਲ ਦੇ ਰੋਸ ਵਿਚ ਕਿਸਾਨਾਂ ਨੇ ਤਿੰਨ ਘੰਟੇ ਪ੍ਰਦਰਸ਼ਨ ਕੀਤਾ। ਰੌਲਾ ਪੈਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਦਖਲ ਦਿੱਤਾ ਜਿਸ ਪਿੱਛੋਂ 10,500 ਬੋਰੀਆਂ ਮਾਲੇਰਕੋਟਲਾ ਅਤੇ 10,000 ਬੋਰੀਆਂ ਬਰਨਾਲਾ ਭੇਜਣ ਦਾ ਫ਼ੈਸਲਾ ਹੋਇਆ। ਜਦਕਿ 13,664 ਬੋਰੀਆਂ ਪ੍ਰਾਈਵੇਟ ਬਾਕੀ ਅੱਠ ਹਜ਼ਾਰ ਬੋਰੀ ਪ੍ਰਾਈਵੇਟ ਡੀਲਰਾਂ ਨੂੰ ਦਿੱਤੀ ਗਈ ਹੈ। ਮਾਲੇਰਕੋਟਲਾ ਦੀ ਡਿਪਟੀ ਕਮਿਸ਼ਨਰ ਪੱਲਵੀ ਦਾ ਕਹਿਣਾ ਸੀ ਕਿ ਹਰ ਜ਼ਿਲ੍ਹੇ ਦੀ ਲੋੜ ਦੇ ਆਧਾਰ ’ਤੇ ਖਾਦਾਂ ਦੀ ਵੰਡ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਮਾਰਕਫੈੱਡ ਦੇ ਐਮਡੀ ਗਿਰੀਸ਼ ਦਿਆਲਨ ਦਾ ਕਹਿਣਾ ਸੀ ਕਿ ਉਹ ਦੇਖਣਗੇ ਕਿ ਇਸ ਮਾਮਲੇ ਵਿਚ ਕਿੰਨੀ ਖਾਦ ਕਿਸ ਜ਼ਿਲ੍ਹੇ ਨੂੰ ਪਹਿਲਾਂ ਐਲੋਕੇਟ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ’ਚ ਦੀਵਾਲੀ ਤੋਂ ਪਹਿਲਾ ਰੈਕ ਲੱਗਿਆ ਸੀ ਜਿਸ ਵਿਚੋਂ 14 ਹਜ਼ਾਰ ਬੋਰੀਆਂ ਜ਼ਿਲ੍ਹਾ ਮਾਨਸਾ ਨੂੰ ਅਤੇ 10 ਹਜ਼ਾਰ ਬੋਰੀਆਂ ਜ਼ਿਲ੍ਹਾ ਬਰਨਾਲਾ ਨੂੰ ਭੇਜੀਆਂ ਗਈਆਂ ਸਨ। ਦੱਸਣਯੋਗ ਹੈ ਕਿ ਡੀਏਪੀ ਭਾਰਤ ਸਰਕਾਰ ਵੱਲੋਂ ਭੇਜੀ ਜਾਂਦੀ ਹੈ ਪਰ ਸੂਬਾ ਸਰਕਾਰ ਵੱਲੋਂ ਇਸ ਦੀ ਜ਼ਿਲ੍ਹਾਵਾਰ ਅਲਾਟਮੈਂਟ ਮਾਰਕਫੈੱਡ ਰਾਹੀਂ ਕੀਤੀ ਜਾਂਦੀ ਹੈ। ਕਿਸਾਨ ਆਗੂ ਕੋਕਰੀ ਕਲਾਂ ਨੇ ਇਲਜ਼ਾਮ ਲਾਇਆ ਕਿ ਸੱਤਾਧਾਰੀ ਧਿਰ ਵੱਲੋਂ ਗੁਪਤ ਤਰੀਕੇ ਨਾਲ ਖਾਦ ਚੋਣਾਂ ਵਾਲੇ ਹਲਕਿਆਂ ਵਿਚ ਭੇਜੀ ਜਾ ਰਹੀ ਸੀ ਤਾਂ ਕਿ ਦਿਹਾਤੀ ਵੋਟਰਾਂ ਨੂੰ ਖ਼ੁਸ਼ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਜ਼ਿਮਨੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਇਨ੍ਹਾਂ ਹਲਕਿਆਂ ਨੂੰ ਵਿਸ਼ੇਸ਼ ਤੌਰ ’ਤੇ ਵਿਕਾਸ ਕੰਮਾਂ ਲਈ ਫ਼ੰਡ ਜਾਰੀ ਕੀਤੇ ਸਨ। ਪੰਜਾਬ ਵਿਚ ਗਿੱਦੜਬਾਹਾ ਸੀਟ ’ਤੇ ਸਖ਼ਤ ਟੱਕਰ ਬਣੀ ਹੋਈ ਹੈ ਜਿੱਥੇ ਕੁੱਲ 1.66 ਲੱਖ ਵੋਟਰ ਹਨ ਜਿਨ੍ਹਾਂ ਵਿਚੋਂ 1.22 ਲੱਖ ਪੇਂਡੂ ਵੋਟਰ ਹਨ। ਇਸ ਤਰ੍ਹਾਂ ਬਰਨਾਲਾ ਹਲਕੇ ਦੇ ਕੁੱਲ 1.80 ਲੱਖ ਵੋਟਰਾਂ ਵਿਚੋਂ 92 ਹਜ਼ਾਰ ਵੋਟਰ ਪੇਂਡੂ ਹਨ। ਡੇਰਾ ਬਾਬਾ ਨਾਨਕ ਹਲਕੇ ਦੇ 1.95 ਲੱਖ ਵੋਟਰਾਂ ਵਿਚੋਂ 1.85 ਲੱਖ ਦਿਹਾਤੀ ਵੋਟਰ ਹਨ। ਇਸ ਹਲਕੇ ਵਿਚ 279 ਪਿੰਡ ਪੈਂਦੇ ਹਨ। ਹਲਕਾ ਚੱਬੇਵਾਲ ਵਿਚ 1.56 ਲੱਖ ਵੋਟਰ ਹਨ ਜਿਨ੍ਹਾਂ ਵਿਚੋਂ ਜ਼ਿਆਦਾ ਪੇਂਡੂ ਵੋਟਰ ਹਨ।

Advertisement

ਕਿਸਾਨਾਂ ਖ਼ਿਲਾਫ਼ ਨਹੀਂ ਕੀਤੀ ਜਾ ਰਹੀ ਸਖ਼ਤੀ

ਜ਼ਿਮਨੀ ਚੋਣਾਂ ਵਾਲੇ ਜ਼ਿਲ੍ਹਿਆਂ ਵਿਚ ਪਰਾਲੀ ਪ੍ਰਦੂਸ਼ਣ ਵੀ ਘੱਟ ਨਜ਼ਰ ਆ ਰਿਹਾ ਹੈ। ਪੰਜਾਬ ਵਿਚ ਹੁਣ ਤੱਕ ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ 4132 ਹੈ। ਦੂਸਰੇ ਜ਼ਿਲ੍ਹਿਆਂ ਦੇ ਕਿਸਾਨਾਂ ’ਤੇ ਜ਼ਿਆਦਾ ਸਖ਼ਤੀ ਹੈ ਜਦੋਂ ਕਿ ਜ਼ਿਲ੍ਹਾ ਮੁਕਤਸਰ ਵਿਚ 12 ਪੁਲੀਸ ਕੇਸ ਅਤੇ 9 ਰੈੱਡ ਐਂਟਰੀਆਂ ਪਾਈਆਂ ਗਈਆਂ ਹਨ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਿਰਫ਼ ਤਿੰਨ ਪੁਲੀਸ ਕੇਸ ਅਤੇ ਚਾਰ ਐਂਟਰੀਆਂ ਪਾਈਆਂ ਹਨ। ਇਵੇਂ ਜ਼ਿਲ੍ਹਾ ਗੁਰਦਾਸਪੁਰ ਵਿਚ 78 ਕੇਸ ਤੇ 79 ਰੈੱਡ ਐਂਟਰੀਆਂ ਦਰਜ ਕੀਤੀਆਂ ਹਨ ਅਤੇ ਜ਼ਿਲ੍ਹਾ ਬਰਨਾਲਾ ਵਿਚ 19 ਕੇਸ ਅਤੇ 18 ਰੈੱਡ ਐਂਟਰੀਆਂ ਪਾਈਆਂ ਗਈਆਂ ਹਨ।

ਝੋਨੇ ਦੀ ਲਿਫ਼ਟਿੰਗ ਹੱਥੋ ਹੱਥ

ਜ਼ਿਮਨੀ ਚੋਣਾਂ ਵਾਲੇ ਹਲਕਿਆਂ ਵਿਚ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਬਾਕੀ ਪੰਜਾਬ ਦੀ ਔਸਤ ਨਾਲੋਂ ਜ਼ਿਆਦਾ ਹੈ। ਸਮੁੱਚੇ ਪੰਜਾਬ ਵਿਚ 90.83 ਲੱਖ ਮੀਟਰਿਕ ਟਨ ਫ਼ਸਲ ਖ਼ਰੀਦ ਕੀਤੀ ਗਈ ਹੈ ਜਿਸ ਵਿਚੋਂ 43.82 ਲੱਖ ਮੀਟਰਿਕ ਟਨ ਫ਼ਸਲ ਦੀ ਲਿਫ਼ਟਿੰਗ ਹੋਈ ਹੈ ਜੋ ਕਿ 48.23 ਫ਼ੀਸਦੀ ਬਣਦੀ ਹੈ। ਬਰਨਾਲਾ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਮੰਡੀਆਂ ਵਿਚੋਂ 67.53 ਫ਼ੀਸਦੀ ਫ਼ਸਲ ਦੀ ਲਿਫ਼ਟਿੰਗ ਹੋ ਚੁੱਕੀ ਹੈ ਜਦੋਂ ਕਿ ਡੇਰਾ ਬਾਬਾ ਨਾਨਕ ਦੀ ਮਾਰਕੀਟ ਕਮੇਟੀ ਦੀਆਂ ਮੰਡੀਆਂ ਵਿਚੋਂ 71.23 ਫ਼ੀਸਦੀ ਫ਼ਸਲ ਦੀ ਲਿਫ਼ਟਿੰਗ ਹੋ ਚੁੱਕੀ ਹੈ।

Advertisement
Author Image

Advertisement