ਜੰਜੂਆ ਨੇ ਚੁਣੌਤੀਪੂਰਨ ਕੰਮਾਂ ਨੂੰ ਬਿਹਤਰ ਢੰਗ ਨਾਲ ਨਜਿੱਠਿਆ: ਭਗਵੰਤ ਮਾਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗਡ਼੍ਹ, 30 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੂੰ ਸੇਵਾਮੁਕਤੀ ਮੌਕੇ ਵਿਦਾਇਗੀ ਪਾਰਟੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਜੰਜੂਆ ਨੇ ਆਈਏਐਸ ਵਜੋਂ ਵੱਖ-ਵੱਖ ਅਹੁਦਿਆਂ ਉਤੇ ਰਹਿੰਦੇ ਹੋਏ 34 ਸਾਲ ਸੂਬੇ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਇਕ ਸਾਲ ਵਿਚ ਵੱਡੇ ਲੋਕ ਪੱਖੀ ਫੈਸਲੇ ਲਏ ਹਨ ਜਿਨ੍ਹਾਂ ਨੂੰ ਜੰਜੂਆ ਨੇ ਬਿਹਤਰ ਢੰਗ ਨਾਲ ਮੁਕੰਮਲ ਕਰਵਾਇਆ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਠੇਕੇ ’ਤੇ ਕੰਮ ਕਰ ਰਹੇ ਅਧਿਆਪਕਾਂ ਦੀਆਂ ਸੇਵਾਵਾਂ ਨਿਯਮਤ ਕਰਨਾ ਚੁਣੌਤੀਪੂਰਨ ਕਾਰਜ ਸੀ ਪਰ ਜੰਜੂਆ ਨੇ ਪੰਜਾਬ ਸਰਕਾਰ ਦੇ ਇਸ ਕਾਰਜ ਨੂੰ ਬਾਖੂਬੀ ਸਿਰੇ ਚਡ਼੍ਹਾਇਆ। ਉਨ੍ਹਾਂ ਕਿਹਾ ਕਿ ਆਈਏਐੱਸ ਅਧਿਕਾਰੀ ਸਰਕਾਰ ਦੀ ਰੀਡ਼੍ਹ ਦੀ ਹੱਡੀ ਹੁੰਦੇ ਹਨ ਜੋ ਸੂਬੇ ਦੇ ਹਿੱਤ ਲਈ ਦਿਨ ਰਾਤ ਮਿਹਨਤ ਕਰਦੇ ਹਨ। ਉਨ੍ਹਾਂ ਆਈਏਐੱਸ ਅਧਿਕਾਰੀਆਂ ਨੂੰ ਆਪਣਾ ਪਰਿਵਾਰ ਦੱਸਦਿਆਂ ਕਿਹਾ ਕਿ ਉਹ ਸਾਰੇ ਪੰਜਾਬ ਦੀ ਤਰੱਕੀ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਵਿਚ ਵਿਚਰਨ ਕਰਕੇ ਕਿਸੇ ਵੀ ਅਧਿਕਾਰੀ ਦਾ ਤਜਰਬਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਲੰਮੇ ਜਨਤਕ ਜੀਵਨ ਸਦਕਾ ਇਨ੍ਹਾਂ ਅਧਿਕਾਰੀਆਂ ਕੋਲ ਕੌਡ਼ਾ-ਮਿੱਠਾ ਤਜਰਬਾ ਹੁੰਦਾ ਹੈ ਜਿਸ ਦਾ ਲੋਕ ਹਿੱਤ ਵਿਚ ਲਾਭ ਉਠਾਇਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਜੀ ਆਇਆਂ ਆਖਿਆ।