ਜਾਹਨਵੀ ਤੇ ਖੁਸ਼ੀ ਕਪੂਰ ਨੇ ਆਪਣੀ ਮਾਂ ਸ੍ਰੀਦੇਵੀ ਨੂੰ ਜਨਮ ਦਿਨ ਮੌਕੇ ਕੀਤਾ ਯਾਦ
ਮੁੰਬਈ:
ਅਦਾਕਾਰ ਭੈਣਾਂ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਨੇ ਅੱਜ ਆਪਣੀ ਮਾਂ ਤੇ ਮਰਹੂਮ ਅਦਾਕਾਰਾ ਸ੍ਰੀਦੇਵੀ ਨੂੰ ਉਨ੍ਹਾਂ ਦੇ 61ਵੇਂ ਜਨਮ ਦਿਨ ਮੌਕੇ ਯਾਦ ਕੀਤਾ ਅਤੇ ਉਨ੍ਹਾਂ ਨਾਲ ਆਪਣੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਜਾਹਨਵੀ ਕਪੂਰ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ, ‘‘ਜਨਮ ਦਿਨ ਮੁਬਾਰਕ ਮਾਂ... ਬਹੁਤ ਸਾਰਾ ਪਿਆਰ।’’ ਇਸੇ ਦੌਰਾਨ ਅਦਾਕਾਰਾ ਆਲੀਆ ਭੱਟ, ਅਦਾਕਾਰ ਵਰੁਣ ਧਵਨ ਤੇ ਅਨੰਨਿਆ ਪਾਂਡੇ ਨੇ ਸੋਸ਼ਲ ਮੀਡੀਆ ’ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਅਤੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਇਸੇ ਦੌਰਾਨ ਖੁਸ਼ੀ ਕਪੂਰ ਨੇ ਵੀ ਸੋਸ਼ਲ ਮੀਡੀਆ ’ਤੇ ਕਈ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਉਹ ਆਪਣੀ ਮਾਂ ਸ੍ਰੀਦੇਵੀ ਤੇ ਭੈਣ ਜਾਹਨਵੀ ਕਪੂਰ ਨਾਲ ਦਿਖਾਈ ਦੇ ਰਹੀ ਹੈ। ਇਸੇ ਦੌਰਾਨ ਸ੍ਰੀਦੇਵੀ ਦੇ ਪਤੀ ਬੋਨੀ ਕਪੂਰ ਨੇ ਮਰਹੂਮ ਅਦਾਕਾਰਾ ਨੂੰ ਯਾਦ ਕਰਦਿਆਂ ਕੁਝ ਯਾਦਗਾਰੀ ਤਸਵੀਰਾਂ ਸਾਂਝੀਆਂ ਕੀਤੀਆਂ। ਅਦਾਕਾਰਾ ਜਾਹਨਵੀ ਕਪੂਰ ਨੇ ਅੱਜ ਆਂਧਰਾ ਪ੍ਰਦੇਸ਼ ਦੇ ਤਿਰੁਪਤੀ ਮੰਦਰ ਵਿੱਚ ਮੱਥਾ ਟੇਕਿਆ। ਜਾਹਨਵੀ ਨਾਲ ਉਸ ਦਾ ਦੋਸਤ ਦੱਸਿਆ ਜਾਂਦਾ ਸ਼ਿਖਰ ਪਹਾੜੀਆ ਵੀ ਮੌਜੂਦ ਸੀ। ਅਦਾਕਾਰਾ ਨੇ ਬਹੁਤ ਖੂਬਸੂਰਤ ਲਿਬਾਸ ਪਹਿਨਿਆ ਹੋਇਆ ਸੀ ਅਤੇ ਬਹੁਤ ਫੱਬ ਰਹੀ ਸੀ। ਜਾਣਕਾਰੀ ਅਨੁਸਾਰ ਸ੍ਰੀਦੇਵੀ ਦਾ ਜਨਮ 1963 ਵਿੱਚ ਹੋਇਆ ਸੀ ਤੇ ਉਸ ਦਾ ਨਾਮ ਅੰਮਾ ਯੇਂਗਰ ਅਯੱਪਨ ਸੀ। ਸ੍ਰੀਦੇਵੀ ਨੂੰ ਫਿਲਮ ‘ਚਾਂਦਨੀ’, ‘ਮਿਸਟਰ ਇੰਡੀਆ’, ‘ਚਾਲਬਾਜ਼’, ‘ਨਗੀਨਾ’ ਤੇ ‘ਇੰਗਲਿਸ਼ ਵਿੰਗਲਿਸ਼’ ਫ਼ਿਲਮਾਂ ਵਿਚ ਨਿਭਾਏ ਕਿਰਦਾਰਾਂ ਲਈ ਜਾਣਿਆ ਜਾਂਦਾ ਹੈ। -ਪੀਟੀਆਈ/ਏਐੱਨਆਈ