For the best experience, open
https://m.punjabitribuneonline.com
on your mobile browser.
Advertisement

ਜੰਡਿਆਲਾ ਗੁਰੂ ਦਾ ਠਠੇਰਾ ਸ਼ਿਲਪ

11:42 AM Nov 26, 2023 IST
ਜੰਡਿਆਲਾ ਗੁਰੂ ਦਾ ਠਠੇਰਾ ਸ਼ਿਲਪ
ਦੇਗ ਬਣਾਉਣ ਲਈ ਵੱਖ ਵੱਖ ਹਿੱਸਿਆਂ ਨੂੰ ਜੋੜ ਰਿਹਾ ਕਾਰੀਗਰ ਅਤੇ ਪਿੱਤਲ ਦੇ ਪਤੀਲੇ।
Advertisement

ਪ੍ਰੋ. ਸੁਖਦੇਵ ਸਿੰਘ

Advertisement

ਜੰਡਿਆਲਾ ਗੁਰੂ ਵਿਖੇ ਤਾਂਬੇ, ਪਿੱਤਲ ਅਤੇ ਕੈਂਹ (ਕਾਂਸੀ) ਦੇ ਬਰਤਨ ਬਣਾਉਣ ਦੀ ਸਦੀਆਂ ਪੁਰਾਣੀ ਠਠੇਰਾ ਸ਼ਿਲਪ ਪਰੰਪਰਾ ਨੂੰ ਕੌਮਾਂਤਰੀ ਸੰਸਥਾ ਯੂਨੈਸਕੋ ਨੇ ਸਾਲ 2014 ਤੋਂ ਵਿਸ਼ਵ ਸੱਭਿਆਚਾਰਕ ਵਿਰਾਸਤ ਐਲਾਨਿਆ ਸੀ। ਇਸ ਦੇ ਬਾਵਜੂਦ ਸ਼ਿਲਪੀਆਂ ਦੀ ਵਿੱਤੀ ਅਤੇ ਸਮਾਜਿਕ ਸਥਿਤੀ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ। ਪੰਜਾਬ ਅਤੇ ਭਾਰਤ ਸਰਕਾਰ ਦੁਆਰਾ ਪੇਸ਼ ਨਾਮਜ਼ਦਗੀ ਪੱਤਰ ’ਤੇ ਵਿਚਾਰ ਤੋਂ ਬਾਅਦ ਯੂਨੈਸਕੋ ਦੀ ‘ਅਮੂਰਤ (ਇਨਟੈਂਜੀਬਲ) ਵਿਰਾਸਤ ਸੁਰੱਖਿਆ’ ਲਈ ਗਠਿਤ ਅੰਤਰ-ਸਰਕਾਰੀ ਕਮੇਟੀ (ਆਈ.ਜੀ.ਸੀ.) ਨੇ 26 ਨਵੰਬਰ 2014 ਨੂੰ ਇਸ ਨੂੰ ਵਿਸ਼ਵ ਵਿਰਾਸਤ ਸਵੀਕਾਰਦਿਆਂ ਆਪਣੀ ‘ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ’ ਵਿੱਚ ਦਰਜ ਕਰਨ ਦਾ ਐਲਾਨ ਕੀਤਾ। ਯੂਨੈਸਕੋ ਦੀ ਇਨਟੈਂਜੀਬਲ ਕਲਚਰਲ ਹੈਰੀਟੇਜ ਭਾਵ ‘ਅਮੂਰਤ ਸੱਭਿਆਚਾਰਕ ਵਿਰਾਸਤ’ ਸੂਚੀ ਵਿੱਚ ਸਥਾਨ ਪ੍ਰਾਪਤ ਕਰਨ ਵਾਲਾ ਇਹ ਭਾਰਤ ਦਾ ਪਹਿਲਾ ਧਾਤੂ ਸ਼ਿਲਪ ਹੈ।
ਠਠੇਰਾ ਸ਼ਿਲਪਕਾਰੀ ਦਾ ਕੰਮ ਭਾਰਤ ਵਿੱਚ ਕਈ ਹੋਰ ਥਾਵਾਂ ’ਤੇ ਵੀ ਕੀਤਾ ਜਾਂਦਾ ਹੈ; ਪਰ ਜੰਡਿਆਲਾ ਗੁਰੂ ਵਿੱਚ ਕਾਰੀਗਰਾਂ ਦੀ ਵਿਲੱਖਣਤਾ ਇਹ ਹੈ ਕਿ ਉਹ ਇੱਕ ਪਰਿਵਾਰਕ ਭਾਈਚਾਰੇ ਵਜੋਂ ਹੱਥਾਂ ਨਾਲ ਤਾਂਬੇ ਅਤੇ ਪਿੱਤਲ ਦੇ ਭਾਂਡੇ ਬਣਾਉਣ ਦੀ ਰਵਾਇਤ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧਾ ਰਹੇ ਹਨ। ਜੰਡਿਆਲਾ ਗੁਰੂ ਦੇ ਠਠੇਰਿਆਂ ਦੀ ਸ਼ਿਲਪਕਾਰੀ ਪਰੰਪਰਾ ਉਨ੍ਹਾਂ ਦੀਆਂ ਦਸ ਤੋਂ ਬਾਰਾਂ ਪੀੜ੍ਹੀਆਂ ਦੀ ਲੰਮੀ ਯਾਤਰਾ ਹੈ।
1883 ਦੇ ਅੰਮ੍ਰਿਤਸਰ ਡਿਸਟ੍ਰਿਕਟ ਗੈਜ਼ਟੀਅਰ ਅਨੁਸਾਰ, “ਸ਼ਹਿਰ (ਅੰਮ੍ਰਿਤਸਰ) ਤੋਂ ਇਲਾਵਾ... ਧਿਆਨ ਦੇਣ ਯੋਗ ਵਪਾਰਕ ਕੇਂਦਰ ਜੰਡਿਆਲਾ ਕਸਬਾ ਹੀ ਹੈ ਜੋ ਪਿੱਤਲ ਅਤੇ ਤਾਂਬੇ ਦੇ ਭਾਂਡਿਆਂ ਦੇ ਨਿਰਮਾਣ ਅਤੇ ਇਸ ਦੇ ਭਾਰੀ ਨਿਰਯਾਤ ਵਪਾਰ ਲਈ ਜਾਣਿਆ ਜਾਂਦਾ ਹੈ।(ਪੰਨਾ 117)’’ ਜੇ ਉਸ ਸਮੇਂ ਨਿਰਯਾਤ-ਯੋਗ ਪਿੱਤਲ ਅਤੇ ਤਾਂਬੇ ਦੇ ਭਾਂਡਿਆਂ ਦਾ ਨਿਰਮਾਣ ਅਤੇ ਵਪਾਰ ਪ੍ਰਚੱਲਿਤ ਸੀ ਤਾਂ ਯਕੀਨਨ ਜੰਡਿਆਲਾ ਗੁਰੂ ਵਿੱਚ ਇਹ ਸ਼ਿਲਪ ਮਹਾਰਾਜਾ ਰਣਜੀਤ ਸਿੰਘ ਕਾਲ ਤੋਂ ਪਹਿਲਾਂ ਸ਼ੁਰੂ ਹੋਇਆ ਹੋਵੇਗਾ। ਆਮ ਜੀਵਨ ਵਿੱਚ ਪਿੱਤਲ ਅਤੇ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਬਹੁਤ ਘਟ ਗਈ ਹੈ, ਪਰ ਗੁਰਦੁਆਰਿਆਂ ਵਿੱਚ ਲੰਗਰ ਲਈ ਅੱਜ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪੀੜ੍ਹੀ-ਦਰ-ਪੀੜ੍ਹੀ ਰਵਾਇਤੀ ਗਿਆਨ ਦੇ ਸੰਚਾਰ ਅਤੇ ਇਸ ਦੀ ਵਰਤੋਂ ਨਾਲ ਤਿਆਰ ਉਤਪਾਦਾਂ ਦੀ ਨਿਰੰਤਰ ਪ੍ਰਸੰਗਿਕਤਾ ਕਰਕੇ ਇਸ ਸ਼ਿਲਪਕਾਰੀ ਨੂੰ ਇੱਕ ‘ਜੀਵਤ ਪਰੰਪਰਾ’ ਮੰਨਿਆ ਗਿਆ ਹੈ। ਲੋਕ, ਸਥਾਨ ਅਤੇ ਸਮਾਂ ਦੇ ਤਿੰਨ-ਪੱਧਰੀ ਮਾਪਦੰਡਾਂ ਨੂੰ ਪੂਰਾ ਕਰਦਿਆਂ ਇਸ ਸ਼ਿਲਪ ਨੇ ਯੂਨੈਸਕੋ ਤੋਂ ‘ਅਮੂਰਤ ਸੱਭਿਆਚਾਰਕ ਵਿਰਾਸਤ’ ਦਾ ਦਰਜਾ ਹਾਸਲ ਕੀਤਾ ਹੈ।
ਜੰਡਿਆਲਾ ਗੁਰੂ ਦੇ ਕਾਰੀਗਰ ਧਾਤ ਨੂੰ ਢਾਲ ਕੇ ਸਾਂਚੇ ਦੀ ਵਰਤੋਂ ਕਰਨ ਦੀ ਬਜਾਏ ਧਾਤ ਨੂੰ ਛੋਟੇ ਹਥੌੜੇ ਦੀ ਕੁਟਾਈ ਨਾਲ ਨਰਮ ਅਤੇ ਮੋੜਨਯੋਗ ਬਣਾ ਕੇ ਲੋੜੀਂਦੀ ਸ਼ਕਲ ਦੇਣ ਦੇ ਰਵਾਇਤੀ ਗਿਆਨ ਅਤੇ ਹੁਨਰ ਦੀ ਵਰਤੋਂ ਕਰਦੇ ਹਨ। ਬਰਤਨਾਂ ਨੂੰ ਤੇਜ਼ਾਬ, ਇਮਲੀ ਵਾਲੇ ਪਾਣੀ ਅਤੇ ਰੇਤ ਨਾਲ ਰਗੜ ਕੇ ਲਿਸ਼ਕਾਉਣ ਦੀ ਪੂਰੀ ਪ੍ਰਕਿਰਿਆ ਹੱਥਾਂ ਅਤੇ ਪੈਰਾਂ ਨਾਲ ਕਰਦੇ ਹਨ। ਅੰਤ ਵਿੱਚ ਭਾਂਡਿਆਂ ਉੱਤੇ ਇੱਕ ਛੋਟੀ ਹਥੌੜੀ ਨਾਲ ਤਾਰਿਆਂ ਵਰਗੇ ਗੋਲ ਆਕਾਰ ਦੇ ਛੋਟੇ ਛੋਟੇ ਬਿੰਦੂ ਉੱਕਰ ਕੇ ਸਜਾਵਟੀ ਡਿਜ਼ਾਈਨ ਬਣਾਉਂਦੇ ਹਨ।
ਭਾਂਡੇ ਭਾਵੇਂ ਠੋਸ ਵਸਤੂਆਂ ਹਨ, ਪਰ ਇਨ੍ਹਾਂ ਦੇ ਨਿਰਮਾਣ ਦੇ ਰਵਾਇਤੀ ਗਿਆਨ, ਹੁਨਰ ਅਤੇ ਕਲਾ ਦਾ ਰੂਪ ਅਸਥੂਲ ਜਾਂ ਅਮੂਰਤ ਹੈ। ਯੂਨੈਸਕੋ ਦੇ ਸ਼ਿਲਾਲੇਖ ਵਿੱਚ ਸ਼ਿਲਪ, ਸ਼ਿਲਪਕਾਰੀ ਅਤੇ ਇਸ ਦੇ ਗਿਆਨ ਦੇ ਸੁਮੇਲ ਨੂੰ ਮਾਨਤਾ ਦਿੱਤੀ ਗਈ ਹੈ। ਇਹ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਲਈ ਮਾਣ ਦੀ ਗੱਲ ਹੈ।
‘‘ਪਰ ਸਿਰਫ਼ ਮਾਣ ਹੋਣ ਨਾਲ ਕਾਰੀਗਰਾਂ ਦੀਆਂ ਜੀਵਨ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਨਾ ਹੀ ਇਸ ਨਾਲ ਸ਼ਿਲਪ ਜ਼ਿੰਦਾ ਰਹਿ ਸਕਦਾ ਹੈ,’’ ਇੱਕ ਕਾਰੀਗਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ। ਠਠੇਰਾ ਭਾਈਚਾਰੇ ਦੇ ਹਰਦੇਵ ਸਿੰਘ ਦੇ ਕਹਿਣ ਮੁਤਾਬਿਕ, “ਨੌਜਵਾਨ ਪੀੜ੍ਹੀ ਇਸ ਪਰਿਵਾਰਕ ਕਿੱਤੇ ਨੂੰ ਛੱਡ ਰਹੀ ਹੈ ਕਿਉਂਕਿ ਇਸ ਤੋਂ ਨਾ ਤਾਂ ਪੈਸਾ ਮਿਲਦਾ ਹੈ ਅਤੇ ਨਾ ਹੀ ਇੱਜ਼ਤ ਮਿਲ ਰਹੀ ਹੈ।’’
ਹੁਣੇ ਜਿਹੇ ਪੰਜਾਬ ਸਰਕਾਰ ਨੇ ਜੰਡਿਆਲਾ ਗੁਰੂ ਦੇ ਠਠੇਰਾ ਬਾਜ਼ਾਰ ਨੂੰ ਵਿਰਾਸਤੀ ਗਲੀ ਐਲਾਨਿਆ ਹੈ ਅਤੇ ਗਲੀ ਦੇ ਪ੍ਰਵੇਸ਼ ’ਤੇ ਇਸ ਦੀ ਅਹਿਮੀਅਤ ਦੇ ਸੂਚਕ ਵਜੋਂ ਇੱਕ ਗੇਟ ਬਣਵਾਇਆ ਹੈ ਹਾਲਾਂਕਿ ਲੋੜ ਹੈ ਸ਼ਿਲਪੀਆਂ ਦੇ ਹਾਲਾਤ ਸੁਧਾਰਨ ਲਈ ਲੋੜੀਂਦੇ ਗੰਭੀਰ ਕਦਮ ਚੁੱਕਣ ਦੀ। ਸਵਾਲ ਇਹ ਹੈ ਕਿ ਜੇ ਸ਼ਿਲਪੀ ਹੀ ਨਹੀਂ ਰਹਿਣਗੇ ਤਾਂ ਗੇਟ ਅਤੇ ਵਿਰਾਸਤੀ ਗਲੀ ਕਿਸ ਕੰਮ ਆਉਣਗੇ?
ਪੰਜਾਬ ਦੀ ਇਸ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਲਈ ਜੰਡਿਆਲਾ ਗੁਰੂ ਦੀ ਠਠੇਰਾ ਸ਼ਿਲਪਕਾਰੀ ਨੂੰ ਲਘੂ ਜਾਂ ਮਧਿਅਮ ਉਦਯੋਗਾਂ ਦੀ ਸੂਚੀ ਵਿੱਚੋਂ ਕੱਢ ਕੇ ਖ਼ਾਸ ਦਰਜਾ ਅਤੇ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ; ਜੀ.ਐੱਸ.ਟੀ. ਤੋਂ ਛੋਟ ਦੇਣੀ ਚਾਹੀਦੀ ਹੈ; ਜੰਡਿਆਲਾ ਗੁਰੂ ਠਠੇਰਾ ਸਹਿਕਾਰੀ ਸਭਾ ਬਣਾ ਕੇ ਕਾਰੋਬਾਰ ਲਈ ਸਸਤੇ ਵਿਆਜ ’ਤੇ ਕਰਜ਼ਾ ਦੇਣਾ ਅਤੇ ਬਰਤਨਾਂ ਦੀ ਵਿਕਰੀ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ; ਕੱਚੇ ਮਾਲ ਵਜੋਂ ਤਾਂਬੇ ਅਤੇ ਪਿੱਤਲ ਦੇ ਕਬਾੜ ਦੀ ਪੁਰਾਣੀ ਕੋਟਾ ਪ੍ਰਣਾਲੀ ਬਹਾਲ ਕਰਨੀ ਚਾਹੀਦੀ ਹੈ।
ਕਬਾੜ ਦੀ ਵਿਕਰੀ ਬੋਲੀ ਰਾਹੀਂ ਵਿਕਰੀ ਨਾਲ ਜ਼ਿਆਦਾ ਸਰਮਾਏ ਵਾਲਾ ਵਪਾਰੀ, ਭਾਵੇਂ ਉਹ ਖ਼ੁਦ ਕਾਰੀਗਰ ਨਾ ਵੀ ਹੋਵੇ, ਸਾਰਾ ਕਬਾੜ ਖਰੀਦ ਲੈਂਦਾ ਹੈ ਅਤੇ ਫਿਰ ਆਪਣੀਆਂ ਸ਼ਰਤਾਂ ਮੁਤਾਬਿਕ ਕਾਰੀਗਰਾਂ ਤੋਂ ਬਰਤਨ ਤਿਆਰ ਕਰਵਾ ਕੇ ਬਜ਼ਾਰ ਵਿੱਚ ਆਪਣੇ ਭਾਅ ’ਤੇ ਵੇਚਦਾ ਹੈ। ਅਜਿਹੇ ਹਾਲਾਤ ਵਿੱਚ ਕਾਰੀਗਰ ਕੋਲ ਆਪਣੇ ਉਤਪਾਦ ਦੀ ਮਾਲਕੀ ਦਾ ਕੋਈ ਦਾਅਵਾ ਨਹੀਂ ਰਹਿੰਦਾ ਅਤੇ ਦਿਨ ਭਰ ਦੀ ਮਿਹਨਤ ਤੋਂ ਬਾਅਦ ਉਹ ਸਿਰਫ਼ 500-600 ਰੁਪਏ ਦਿਹਾੜੀ ਹੀ ਕਮਾਉਂਦਾ ਹੈ। ਇਸ ਤਰ੍ਹਾਂ ਇੱਕ ਸ਼ਿਲਪੀ ਕਾਰੀਗਰ, ਮਜ਼ਦੂਰ ਬਣ ਜਾਂਦਾ ਹੈ। ਇਹ ਦੱਸਦਿਆਂ ਇੱਕ ਸ਼ਿਲਪੀ ਪੁੱਛਦਾ ਹੈ, “ਕੀ ਇਹ ਹੁਨਰ ਦੀ ਕੀਮਤ ਹੈ ਜਾਂ ਮਜ਼ਦੂਰੀ ਦੀ? ਮੇਰਾ ਬੇਟਾ ਇਸ ਕਿੱਤੇ ਨੂੰ ਕਿਉਂ ਅਪਣਾਉਣਾ ਚਾਹੇਗਾ?”
ਕਾਰੀਗਰਾਂ ਨੂੰ ਪੜ੍ਹੇ-ਲਿਖੇ ਅਤੇ ਹੁਨਰਮੰਦ ਮੰਨ ਕੇ ਸਨਮਾਨ ਦੇਣਾ ਚਾਹੀਦਾ ਹੈ; ਇਸ ਬੇਸ਼ਕੀਮਤੀ ਸ਼ਿਲਪ ਕਲਾ ਨੂੰ ਜੀਵਨ ਵਿੱਚ ਉਪਯੋਗੀ ਸੱਭਿਆਚਾਰਕ ਵਿਰਾਸਤ ਵਜੋਂ ਸਮਰਥਨ ਅਤੇ ਉਤਸ਼ਾਹ ਮਿਲਣਾ ਚਾਹੀਦਾ ਹੈ।
* ਪ੍ਰੋਫੈਸਰ (ਸੇਵਾਮੁਕਤ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਮੈਂਬਰ, ਗਵਰਨਿੰਗ ਕੌਂਸਲ, ਇਨਟੈਕ, ਨਵੀਂ ਦਿੱਲੀ।
ਸੰਪਰਕ: 94642-25655

Advertisement

Advertisement
Author Image

sukhwinder singh

View all posts

Advertisement