ਦੇਸ਼ ਭਰ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ
ਮਥੁਰਾ, 26 ਅਗਸਤ
ਇਸ ਪਵਿੱਤਰ ਨਗਰੀ ਦੇ ਭਗਵਾਨ ਕ੍ਰਿਸ਼ਨ ਮੰਦਰਾਂ ਵਿਚ ਅੱਜ ਜਨਮ ਅਸ਼ਟਮੀ ਸਮਾਗਮ ਉਤਸ਼ਾਹ ਨਾਲ ਮਨਾਏ ਗਏ। ਇਸ ਮੌਕੇ ਦੇਸ਼ ਭਰ ਤੋਂ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ ਹੋਏ। ਇੱਥੋਂ ਦੇ ਕ੍ਰਿਸ਼ਨ ਜਨਮ ਭੂਮੀ ਮੰਦਰ ’ਚ ਸਵੇਰੇ ਮੰਗਲਾ ਆਰਤੀ ਹੋਈ ਜਿਸ ਵਿਚ ਸੈਂਕੜੇ ਲੋਕਾਂ ਨੇ ਹਾਜ਼ਰੀ ਭਰੀ ਅਤੇ ‘ਜੈ ਜੈ ਸ੍ਰੀ ਰਾਧੇ’ ਅਤੇ ‘ਜੈ ਕਨ੍ਹੱਈਆ ਲਾਲ ਕੀ’ ਦੇ ਜੈਕਾਰੇ ਲਾਏ। ਗੋਕੁਲ ਦੇ ਨੰਦ ਭਵਨ ਮੰਦਰ ਦੇ ਪੁਜਾਰੀ ਮਥੁਰਾ ਦਾਸ ਨੇ ਦੱਸਿਆ ਕਿ ਛੱਠ ਪੂਜਨ ਪ੍ਰੋਗਰਾਮ ਲਈ ਅੱਜ ਬਹੁਤ ਵੱਡੀ ਗਿਣਤੀ ਵਿਚ ਸ਼ਰਧਾਲੂ ਪੁੱਜੇ। ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਵਾਲੇ ਮੰਦਰ ਵਿੱਚ ਅੱਜ ਸਵੇਰੇ ਕਈ ਸ਼ਰਧਾਲੂਆਂ ਨੇ ਸ਼ਲੋਕਾਂ ਦਾ ਉਚਾਰਨ ਕੀਤਾ। ਇਸ ਮੌਕੇ ਸ਼ਰਧਾਲੂ ਖੂਬ ਨੱਚੇ।
ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਮੰਗਲਾ ਆਰਤੀ ਤੋਂ ਬਾਅਦ ਚਰਨਅੰਮ੍ਰਿਤ ਭੇਟ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਥੁਰਾ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਜਸ਼ਨ ਸਮਾਗਮਾਂ ਦੀ ਅਗਵਾਈ ਕਰਦਿਆਂ ਪ੍ਰਾਰਥਨਾ ਕੀਤੀ। ਇਸ ਦੌਰਾਨ ਵਰਿੰਦਾਵਨ ਵਿੱਚ ਵੀ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਗਈ।
ਰਾਂਚੀ: ਝਾਰਖੰਡ ਵਿੱਚ ਅੱਜ ਜਨਮ ਅਸ਼ਟਮੀ ਦਾ ਤਿਉਹਾਰ ਰਵਾਇਤੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਕ੍ਰਿਸ਼ਨ ਦੇ ਮੰਦਰਾਂ ਵਿੱਚ ਮੱਥਾ ਟੇਕਿਆ। ਭਗਵਾਨ ਕ੍ਰਿਸ਼ਨ ਦਾ ਜਨਮ ਦਿਨ ਮਨਾਉਣ ਲਈ ਰਾਂਚੀ ਦੇ ਵੱਖ-ਵੱਖ ਖੇਤਰਾਂ ਵਿੱਚ ਦਹੀ-ਹਾਂਡੀ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਜਨਮ ਅਸ਼ਟਮੀ ਮੌਕੇ ਸੂਬੇ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਅਤੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵਧਾਈ ਦਿੱਤੀ। ਗੰਗਵਾਰ ਨੇ ਐਕਸ ’ਤੇ ਪੋਸਟ ਕੀਤਾ, ‘ਭਗਵਾਨ ਕ੍ਰਿਸ਼ਨ ਦੇ ਆਸ਼ੀਰਵਾਦ ਨਾਲ ਤੁਹਾਡਾ ਜੀਵਨ ਖੁਸ਼ਹਾਲੀ ਅਤੇ ਸ਼ਾਂਤੀ ਨਾਲ ਭਰਿਆ ਹੋਵੇ। ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ਸੱਚ, ਧਰਮ ਅਤੇ ਕਰਮ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦੀਆਂ ਹਨ।’
ਜੈਪੁਰ: ਇੱਥੋਂ ਦੇ ਮੰਦਰਾਂ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਨਾਇਆ ਗਿਆ। ਲੱਖਾਂ ਸ਼ਰਧਾਲੂਆਂ ਨੇ ਗੋਵਿੰਦ ਦੇਵਜੀ ਮੰਦਰ ਅਤੇ ਸ੍ਰੀ ਰਾਧਾ ਗੋਪੀਨਾਥ ਮੰਦਰ ’ਚ ਮੱਥਾ ਟੇਕਿਆ। ਸ਼ਰਧਾਲੂ ਸਵੇਰੇ ਤਿੰਨ ਵਜੇ ਹੀ ਮੰਦਰਾਂ ’ਚ ਪੁੱਜ ਗਏ ਤੇ ਭਗਵਾਨ ਕ੍ਰਿਸ਼ਨ ਦਾ ਗੁਣਗਾਣ ਕੀਤਾ। -ਪੀਟੀਆਈ
ਕੇਰਲ ਦੇ ਮੁੱਖ ਮੰਤਰੀ ਵੱਲੋਂ ਜਨਮ ਅਸ਼ਟਮੀ ਦੀ ਵਧਾਈ
ਤਿਰੂਵਨੰਤਪੁਰਮ:
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਜਨਮ ਅਸ਼ਟਮੀ ਮੌਕੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਐਕਸ ’ਤੇ ਪੋਸਟ ਪਾ ਕੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਕ੍ਰਿਸ਼ਨ ਦੀ ਸਤਿਕਾਰਤ ਧਾਰਨਾ ਸ਼ਰਧਾਲੂਆਂ ਦੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ। ਇਸ ਮੌਕੇ ਕੇਰਲ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ। ਇਸ ਮੌਕੇ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ ਤੇ ਰੰਗਾਰੰਗ ਸਮਾਗਮ ਹੋਏ। -ਪੀਟੀਆਈ