ਕੋਲਕਾਤਾ: ਜੂਨੀਅਰ ਡਾਕਟਰਾਂ ਵੱਲੋਂ ਲਾਲ ਬਾਜ਼ਾਰ ਤੱਕ ਮਾਰਚ
ਕੋਲਕਾਤਾ, 3 ਸਤੰਬਰ
ਪੁਲੀਸ ਕਮਿਸ਼ਨਰ ਵਿਨੀਤ ਗੋਇਲ ਦੇ ਅਸਤੀਫੇ ਦੀ ਮੰਗ ਕਰ ਰਹੇ ਜੂਨੀਅਰ ਡਾਕਟਰਾਂ ਨੂੰ ਕੋਲਕਾਤਾ ਪੁਲੀਸ ਹੈੱਡਕੁਆਰਟਰ ਲਾਲ ਬਾਜ਼ਾਰ ਤੱਕ ਮਾਰਚ ਕਰਨ ਤੋਂ ਰੋਕੇ ਜਾਣ ਦੇ 24 ਘੰਟੇ ਬਾਅਦ ਪੁਲੀਸ ਨੇ ਅੱਜ ਬੈਰੀਕੇਡ ਹਟਾ ਦਿੱਤੇ ਅਤੇ ਡਾਕਟਰਾਂ ਨੂੰ ਬੀਬੀ ਗਾਂਗੁਲੀ ਸਟਰੀਟ ਤੋਂ ਬੈਂਟਿੰਕ ਸਟ੍ਰੀਟ ਤੱਕ ਮਾਰਚ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸ ਮਗਰੋਂ ਡਾਕਟਰਾਂ ਨੇ ਲਾਲ ਬਾਜ਼ਾਰ ਤੱਕ ਮਾਰਚ ਕੀਤਾ ਅਤੇ ਪੀੜਤ ਲਈ ਇਨਸਾਫ ਅਤੇ ਸਾਰਿਆਂ ਦੀ ਸੁਰੱਖਿਆ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਨੇ ਵਿਨੀਤ ਗੋਇਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ। ਗੋਇਲ ਨਾਲ ਮੁਲਾਕਾਤ ਕਰਨ ਵਾਲੇ 22 ਜੂਨੀਅਰ ਡਾਕਟਰਾਂ ’ਚੋਂ ਇੱਕ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ, “ਵਿਨੀਤ ਗੋਇਲ ਨੇ ਮੰਨਿਆ ਕਿ ਪੁਲੀਸ ਦੀ ਅਣਗਹਿਲੀ ਸੀ ਜਿਸ ਕਾਰਨ 9 ਅਗਸਤ ਨੂੰ ਇਹ ਘਟਨਾ ਵਾਪਰੀ।’’ ਇਸ ਤੋਂ ਪਹਿਲਾਂ ਕੋਲਕਾਤਾ ਪੁਲੀਸ ਦੇ ਵਧੀਕ ਪੁਲੀਸ ਕਮਿਸ਼ਨਰ ਸੰਤੋਸ਼ ਪਾਂਡੇ ਹੋਰ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚੇ ਤੇ ਡਾਕਟਰਾਂ ਨੂੰ ਸ਼ਾਂਤ ਕਰਨ ਲਈ ਗੱਲਬਾਤ ਕੀਤੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ 9 ਅਗਸਤ ਨੂੰ ਡਾਕਟਰ ਨਾਲ ਕਥਿਤ ਜਬਰ-ਜਨਾਹ ਅਤੇ ਹੱਤਿਆ ਦੀ ਘਟਨਾ ਦੀ ਜਾਂਚ ਕਰਦਿਆਂ ਪੁਲੀਸ ਨੇ ਢੁਕਵੇਂ ਕਦਮ ਨਹੀਂ ਚੁੱਕੇ। ਸਿਹਤ ਵਿਭਾਗ ਨੇ ਸਾਬਕਾ ਆਰ.ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਸੀਬੀਆਈ ਵੱਲੋਂ ਘੋਸ਼ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ। -ਪੀਟੀਆਈ
ਬੰਗਾਲੀ ਕਲਾਕਾਰਾਂ ਵੱਲੋਂ ਸੂਬਾ ਸਰਕਾਰ ਦਾ ਪੁਰਸਕਾਰ ਵਾਪਸ ਕਰਨ ਦਾ ਐਲਾਨ
ਕੋਲਕਾਤਾ:
ਕੋਲਕਾਤਾ ਜਬਰ-ਜਨਾਹ ਅਤੇ ਹੱਤਿਆ ਮਾਮਲੇ ਦੇ ਮੱਦੇਨਜ਼ਰ ਬੰਗਾਲੀ ਥੀਏਟਰ ਦੇ ਕਲਾਕਾਰਾਂ ਬਿਪਲਬ ਬੰਦੋਪਾਧਿਆਏ, ਚੰਦਨ ਸੇਨ ਅਤੇ ਸੁਦੀਪਤਾ ਚਕਰਵਰਤੀ ਨੇ ਅੱਜ ਸੂਬਾ ਸਰਕਾਰ ਦਾ ‘ਬੈਸਟ ਥੀਏਟਰ ਡਾਇਰੈਕਟਰ’ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਬੰਦੋਪਾਧਿਆਏ ਨੇ ਕਿਹਾ ਕਿ ਉਹ ਇਸ ਸਾਲ ਦੇ ਸ਼ੁਰੂ ਵਿੱਚ ‘ਪਸ਼ਚਿਮਬੰਗਾ ਨਾਟਿਆ ਅਕੈਡਮੀ’ ਵੱਲੋਂ ਦਿੱਤਾ ਗਿਆ ਪੁਰਸਕਾਰ ਅਤੇ 30,000 ਰੁਪਏ ਦੀ ਰਕਮ ਵਾਪਸ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਸੂਬਾ ਸਰਕਾਰ ਅਤੇ ਪੁਲੀਸ ਤੱਥ ਲੁਕਾਉਣਾ ਚਾਹੁੰਦੀ ਹੈ।’’ -ਪੀਟੀਆਈ