ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੰਮੀ ਗਾਥਾ ਗਾਉਣ ਦਾ ਸ਼ੌਂਕੀ ਸੀ ਜਾਨਾ ਰਾਗੀ ਪੱਖੋਵਾਲੀਆ

06:27 AM Feb 24, 2024 IST

ਹਰਦਿਆਲ ਸਿੰਘ ਥੂਹੀ
Advertisement

ਤੂੰਬੇ ਅਲਗੋਜ਼ੇ ਵਾਲੇ ਰਾਗੀਆਂ (ਗਵੰਤਰੀਆਂ) ਦੀ ਸੂਚੀ ਵਿਚ ਰਮਜ਼ਾਨ ਸ਼ਾਹ ਪੱਖੋਵਾਲੀਏ ਦਾ ਵੀ ਜ਼ਿਕਰਯੋਗ ਸਥਾਨ ਰਿਹਾ ਹੈ। ਉਸ ਦੇ ਚਾਹੁਣ ਵਾਲੇ ਭਾਵ ਸਰੋਤੇ ਉਸ ਦਾ ਅਸਲ ਨਾਂ ਘੱਟ ਹੀ ਜਾਣਦੇ ਹਨ। ਉਨ੍ਹਾਂ ਵਿਚ ਉਸ ਦੀ ਪਛਾਣ ‘ਜਾਨਾ ਪੱਖੋਵਾਲੀਆ’ ਦੇ ਤੌਰ ’ਤੇ ਹੀ ਰਹੀ ਹੈ।
ਜਾਨੇ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੱਖੋਵਾਲ ਵਿਖੇ ਪਿਤਾ ਰੋਸ਼ਨ ਸ਼ਾਹ ਦੇ ਘਰ ਹੋਇਆ। ਮਾਂ ਦਾ ਨਾਂ ਆਇਸ਼ਾ ਸੀ। ਆਪਣੇ ਜਨਮ ਦੇ ਅਸਲ ਸੰਨ ਬਾਰੇ ਤਾਂ ਉਸ ਨੂੰ ਪਤਾ ਨਹੀਂ ਸੀ ਪਰ ਏਨਾ ਯਾਦ ਸੀ ਕਿ ਹੱਲਿਆਂ ਵੇਲੇ ਉਹ 16-17 ਸਾਲ ਦਾ ਭਰ ਜਵਾਨ ਗੱਭਰੂ ਸੀ। ਇਸ ਲੇਖੇ ਉਸ ਦਾ ਜਨਮ 1930-31 ਦਾ ਹੋਇਆ।
ਉਹ ਪਿਤਾ ਰੋਸ਼ਨ ਸ਼ਾਹ ਨਾਲ ਬੰਦੀ ਭਾਵ ਪਸ਼ੂਆਂ ਦੇ ਖੁਰੀਆਂ ਲਾਉਣ ਦਾ ਕੰਮ ਕਰਦਾ ਸੀ। ਜਾਨੇ ਨੇ ਦੋ ਕੁ ਜਮਾਤਾਂ ਤੱਕ ਸਕੂਲੀ ਪੜ੍ਹਾਈ ਵੀ ਕੀਤੀ, ਜੋ ਉਸ ਸਮੇਂ ਉਰਦੂ ਵਿਚ ਸੀ। ਸਕੂਲ ਛੱਡ ਕੇ ਨੌਂ ਦਸ ਸਾਲ ਦੀ ਉਮਰ ਵਿਚ ਉਹ ‘ਵੱਗ’ ਚਾਰਨ ਲੱਗ ਪਿਆ। ਇੱਥੇ ਉਸ ਦਾ ਸਾਥ ਆਪਣੇ ਹੀ ਪਿੰਡ ਦੇ ਹਮਉਮਰ ਅਮਰ ਸਿੰਘ ਨਾਲ ਸੀ। ਵੱਗ ਚਾਰਦੇ ਹੋਏ ਦੋਵੇਂ ਖੁੱਲ੍ਹੀਆਂ ਰੋਹੀਆਂ ਅਤੇ ਬੰਜਰਾਂ ਵਿਚ ਉੱਚੀਆਂ ਲੰਬੀਆਂ ਹੇਕਾਂ ਲਾ ਕੇ ਗਾਉਂਦੇ। ਇਸੇ ਦੌਰਾਨ ਉਸ ਨੇ ਖ਼ੁਦ-ਬ-ਖ਼ੁਦ ਸਾਜ਼ ਵਜਾਉਣੇ ਵੀ ਸਿੱਖ ਲਏ। ਬਾਰਾਂ-ਤੇਰਾਂ ਸਾਲ ਦੀ ਉਮਰ ਵਿਚ ਜਵਾਨ ਹੋਇਆ ਸਮਝ ਕੇ ਪਿਤਾ ਨੇ ਪਸ਼ੂ ਚਾਰਨ ਤੋਂ ਹਟਾ ਕੇ ਆਪਣੇ ਜੱਦੀ-ਪੁਸ਼ਤੀ ਕਿੱਤੇ ਵਿਚ ਲਾ ਲਿਆ। ਬੰਨ੍ਹੇ-ਰੁੰਨ੍ਹੇ ਨੇ ਸਾਲ ਛੇ ਮਹੀਨੇ ਇਹ ਕੰਮ ਕੀਤਾ ਪਰ ਖੁੱਲ੍ਹੀਆਂ ਉਡਾਰੀਆਂ ਲਾਉਣ ਵਾਲਾ ਜਾਨਾ ਪੱਕੇ ਤੌਰ ’ਤੇ ਇਸ ਕੰਮ ਨਾਲ ਜੁੜ ਨਾ ਸਕਿਆ।
ਆਪਣੇ ‘ਗੌਣ’ ਦੇ ਸ਼ੌਕ ਨੂੰ ਪੂਰਾ ਕਰਨ ਲਈ ਜਾਨੇ ਨੇ ਰਾਏਕੋਟ ਵਾਲੇ ਪ੍ਰਸਿੱਧ ਗਵੰਤਰੀ ਫ਼ਜ਼ਲ ਮੁਹੰਮਦ ਦੇ ਜਾ ਚਰਨੀਂ ਹੱਥ ਲਾਏ। ਉਸਤਾਦ ਦੇ ਆਸ਼ੀਰਵਾਦ ਅਤੇ ਆਪਣੀ ਮਿਹਨਤ ਨਾਲ ਛੇਤੀ ਹੀ ਉਸ ਨੇ ਬਹੁਤ ਸਾਰਾ ‘ਗੌਣ’ ਕੰਠ ਕਰ ਲਿਆ। ਫ਼ਜ਼ਲ ਮੁਹੰਮਦ ਦੇ ਗਰੁੱਪ ਵਿਚ ਪਾਲ ਸਿੰਘ ਰਾਏਕੋਟ ਗਾਉਂਦਾ ਸੀ। ਜਾਨੇ ਨੇ ਤਿੰਨ ਚਾਰ ਸਾਲ ਉਸਤਾਦਾਂ ਦੀ ਖੂਬ ਸੰਗਤ ਮਾਣੀ। ਵੰਡ ਵੇਲੇ ਉਸਤਾਦ ਪਾਕਿਸਤਾਨ ਚਲਾ ਗਿਆ। ਜਾਨੇ ਦੇ ਪਰਿਵਾਰ ਨੂੰ ਪਿੰਡ ਵਾਲਿਆਂ ਨੇ ਪਾਕਿਸਤਾਨ ਨਹੀਂ ਜਾਣ ਦਿੱਤਾ।
ਟਿਕ-ਟਿਕਾਅ ਹੋਣ ਤੋਂ ਬਾਅਦ ਜਾਨੇ ਨੇ ਆਪਣੇ ਪੁਰਾਣੇ ਸਾਥੀ ਅਮਰ ਸਿੰਘ ਨੂੰ ਤੂੰਬੇ ਅਤੇ ਹਲਵਾਰੇ ਵਾਲੇ ਸ਼ਾਦੀ ਨੂੰ ਜੋੜੀ ’ਤੇ ਲਾ ਕੇ ਆਪਣਾ ਗਰੁੱਪ ਬਣਾ ਲਿਆ। ਇਨ੍ਹਾਂ ਨੇ ਮੇਲਿਆਂ ਅਤੇ ਹੋਰ ਪ੍ਰੋਗਰਾਮਾਂ ’ਤੇ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ। ਛੇਤੀ ਹੀ ਇਸ ਗਰੁੱਪ ਦੀ ਆਲੇ ਦੁਆਲੇ ਪ੍ਰਸਿੱਧੀ ਹੋ ਗਈ ਅਤੇ ਉਹ ‘ਜਾਨਾ ਪੱਖੋਵਾਲੀਆ’ ਕਰਕੇ ਜਾਣਿਆ ਜਾਣ ਲੱਗਾ। ਲਗਾਤਾਰ 30-35 ਸਾਲ ਇਨ੍ਹਾਂ ਨੇ ਇਕੱਠਿਆਂ ਗਾਇਆ। ਅਮਰ ਸਿੰਘ ਦੀ 1988 ਵਿਚ ਮੌਤ ਹੋ ਗਈ। ਉਸ ਤੋਂ ਬਾਅਦ ਉਸ ਦਾ ਮੁੰਡਾ ਭਿੰਦਰ ਸਿੰਘ ਜਾਨੇ ਨਾਲ ਪਾਛੂ ਵਜੋਂ ਤੂੰਬੇ ’ਤੇ ਸਾਥ ਦੇਣ ਲੱਗ ਪਿਆ। ਧੰਨਾ ਬੜੂੰਦੀ ਵਾਲਾ ਜੋੜੀ ’ਤੇ ਇਨ੍ਹਾਂ ਦਾ ਸਾਥ ਦਿੰਦਾ ਸੀ। 1962 ਵਿਚ ਜਨਮਿਆ ਭਿੰਦਰ ਸਿੰਘ ਆਪਣੇ ਉਸਤਾਦ ਜਾਨੇ ਨੂੰ ਪਿਓ ਵਾਲਾ ਸਤਿਕਾਰ ਦਿੰਦਾ ਸੀ। ਪੱਚੀ ਸਾਲ ਉਸ ਨੇ ਜਾਨੇ ਨਾਲ ਸਾਥ ਨਿਭਾਇਆ। ਕੁਝ ਸਮਾਂ ਨੌਜਵਾਨ ਜੋੜੀ ਵਾਦਕ ਅਵਤਾਰ ਕਲੇਰਾਂ ਵਾਲੇ ਨੇ ਵੀ ਇਸ ਗਰੁੱਪ ਨਾਲ ਜੋੜੀ ਵਜਾਈ।
ਜਾਨੇ ਨੇ ਸੱਤ ਦਹਾਕਿਆਂ ਦੇ ਲਗਭਗ ਲਗਾਤਾਰ ਗਾਇਆ। ਆਪਣੇ ਇਸ ਲੰਬੇ ਗਾਇਕੀ ਸਫ਼ਰ ਦੌਰਾਨ ਉਸ ਨੇ ਪੰਜਾਬ ਅਤੇ ਪੰਜਾਬੋਂ ਬਾਹਰ ਲੱਗਦੇ ਲੋਕ ਮੇਲਿਆਂ ਅਤੇ ਧਾਰਮਿਕ ਮੇਲਿਆਂ ’ਤੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਜਰਗ, ਛਪਾਰ, ਜਗਰਾਵਾਂ ਦੀ ਰੌਸ਼ਨੀ, ਮਾਲੇਰਕੋਟਲੇ ਦੀ ਨਿਮਾਣੀ ਇਕਾਦਸ਼ੀ, ਸੰਗਰੂਰ ਦੇ ਦੁਸਹਿਰੇ ਆਦਿ ਤੋਂ ਇਲਾਵਾ ਪੀਰਾਂ ਫ਼ਕੀਰਾਂ ਦੀਆਂ ਦਰਗਾਹਾਂ ’ਤੇ ਲੱਗਦੇ ਮੇਲਿਆਂ ’ਤੇ ਉਹ ਹਾਜ਼ਰੀ ਭਰਦੇ ਸਨ। ਭਲੇ ਸਮਿਆਂ ਵਿਚ ਤਾਂ ਉਨ੍ਹਾਂ ਨੂੰ ਵਿਆਹਾਂ-ਸ਼ਾਦੀਆਂ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ ਤੋਂ ਹੀ ਵਿਹਲ ਨਹੀਂ ਸੀ ਮਿਲਦੀ। ਕਮਾਈ ਵੀ ਚੰਗੀ ਹੋ ਜਾਂਦੀ ਸੀ।
ਜਾਨੇ ਨੂੰ ਬੇਅੰਤ ‘ਗੌਣ’ ਯਾਦ ਸੀ। ਇਕ ਇਕ ਗਾਥਾ ਉਹ ਕਈ ਕਈ ਦਿਨ ਗਾ ਸਕਦਾ ਸੀ। ਉਸ ਦਾ ਪੂਰਾ ‘ਗੌਣ’ ਸੁਣਨ ਲਈ ਦਿਨਾਂ ਦੀ ਨਹੀਂ, ਸਗੋਂ ਮਹੀਨਿਆਂ ਦੀ ਲੋੜ ਸੀ। ਹੀਰ, ਸੱਸੀ, ਸੋਹਣੀ, ਮਲਕੀ, ਮਿਰਜ਼ਾ, ਢੋਲ ਸੰਮੀ, ਪੂਰਨ, ਕੌਲਾਂ, ਰਾਜਾ ਹਰੀ ਚੰਦ, ਦੁੱਲਾ ਭੱਟੀ, ਜੈਮਲ ਫੱਤਾ, ਜਿਉਣਾ ਮੌੜ, ਸ਼ਾਹ ਬਹਿਰਾਮ, ਦਹੂਦ ਆਦਿ ਅਨੇਕਾਂ ‘ਗੌਣ’ ਉਸ ਦੇ ਯਾਦ ਸਨ। ਉਸ ਦਾ ਕਥਾ ਨੂੰ ਬਿਆਨ ਕਰਨ ਦਾ ਢੰਗ ਬੜਾ ਪ੍ਰਭਾਵਸ਼ਾਲੀ ਸੀ। ਉਹ ਸਰੋਤਿਆਂ ਨੂੰ ਆਪਣੇ ਨਾਲ ਤੋਰਨ ਦੀ ਸਮਰੱਥਾ ਰੱਖਦਾ ਸੀ। ਛਪਾਰ ਦੇ ਮੇਲੇ ’ਤੇ ਮੈਨੂੰ ਉਸ ਨੂੰ ਕਈ ਵਾਰ ਸੁਣਨ ਦਾ ਮੌਕਾ ਮਿਲਿਆ। 2010 ਵਿਚ ਅਸੀਂ ਇਸੇ ਮੇਲੇ ਦੇ ਅਖਾੜੇ ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਵੱਲੋਂ ਉਸ ਦੀਆ ਦੋ ਰਚਨਾਵਾਂ ਰਿਕਾਰਡ ਵੀ ਕੀਤੀਆਂ ਸਨ, ਜੋ ਅਕਾਦਮੀ ਵੱਲੋਂ ਰਿਲੀਜ਼ ਕੀਤੀ ਇੱਕ ਵੀਡੀਓ ਕੈਸੇਟ ਵਿਚ ਸ਼ਾਮਲ ਹਨ। ਉਸ ਦੀ ਗਾਇਕੀ ਦੇ ਨਮੂਨੇ ਇਸ ਪ੍ਰਕਾਰ ਹਨ:
ਆਪਣੇ ਪਤੀ ਬੀਜੇ ਵੱਲੋਂ ਰੱਖੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਸ਼ਾਹਣੀ ਕੌਲਾਂ ਬੀਜੇ ਨੂੰ ਕਿਸ ਤਰ੍ਹਾਂ ਜਵਾਬ ਕਰਦੀ ਹੈ:
ਅੱਗਿਓਂ ਕੌਲਾਂ ਬੋਲਦੀ, ਬੀਜੇ ਨੂੰ ਕਹੇ ਸੁਣਾ।
ਤੈਂ ਜਤ ਸਤ ਮੇਰਾ ਦੇਖਿਆ, ਹੁਣ ਆਪਣਾ ਦਈਂ ਦਿਖਾ।
ਸੱਤ ਸ਼ਰਤਾਂ ਕੀਤੀਆਂ ਪੂਰੀਆਂ, ਮੇਰੀ ਇਕੋ ਸ਼ਰਤ ਪੁਜਾ।
ਜਿਵੇਂ ਮੈਨੂੰ ਚਾੜ੍ਹਿਆ ਚਿਖਾ ’ਤੇ, ਐਥੇ ਚਿਖਾ ਲਵੀਂ ਚਿਣਵਾ।
ਤੂੰ ਉੱਪਰ ਚਿਖਾ ਦੇ ਬੈਠ ਜੇਂ, ਮੈਂ ਲਾਂਬੂ ਦੇਵਾਂ ਲਾ।
ਤੀਜੇ ਦਿਨ ਚਿਖਾ ’ਚੋਂ ਨਿਕਲਕੇ, ਮੈਨੂੰ ਚੌਂਕੇ ਲਈਂ ਚੜ੍ਹਾ।
ਏਸੇ ਗੱਲ ’ਤੇ ਚੌਂਕੇ ਚੜੂੰਗੀ, ਨਹੀਂ ਮੈਂ ਭੈਣ ਤੇ ਤੂੰ ਭਰਾ।
ਗਾਇਕੀ ਦੇ ਨਾਲ ਨਾਲ ਜਾਨਾ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟਿਆ, ਚੜ੍ਹਦੀ ਜਵਾਨੀ ਵਿਚ ਉਸਦਾ ਵਿਆਹ ਅਹਿਮਦਗੜ੍ਹ ਦੇ ਨੇੜਲੇ ਪਿੰਡ ਛੰਨਾਂ ਵਿਖੇ ਜੈਨਬੇ ਨਾਲ ਹੋਇਆ। ਇਨ੍ਹਾਂ ਦੇ ਘਰ ਸੱਤ ਪੁੱਤਰ ਪੈਦਾ ਹੋਏ। ਜਾਨੇ ਨੇ ਸਾਰਿਆਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਅਤੇ ਵਿਆਹੇ। ਇਨ੍ਹਾਂ ਵਿਚੋਂ ਕੋਈ ਵੀ ਜਾਨੇ ਵਾਲੀ ਲਾਈਨ ’ਤੇ ਨਹੀਂ ਚੱਲਿਆ। ਤਸੱਲੀ ਵਾਲੀ ਗੱਲ ਇਹ ਹੈ ਕਿ ਉਸ ਦਾ ਇੱਕ ਪੋਤਾ ਜਾਫ਼ਰ ਸ਼ਾਹ ਆਪਣੇ ਦਾਦੇ ਦੀ ਪ੍ਰੇਰਨਾ ਸਦਕਾ ਇਸ ਗਾਇਕੀ ਨਾਲ ਜੁੜਿਆ ਹੋਇਆ ਹੈ। ਜਾਫ਼ਰ ਬਾਰ੍ਹਾਂ ਕੁ ਸਾਲ ਦੀ ਉਮਰ ਵਿਚ ਹੀ ਜਾਨੇ ਤੋਂ ਸਿੱਖਣ ਲੱਗ ਪਿਆ ਸੀ। ਗਿਆਰ੍ਹਵੀਂ ਜਮਾਤ ਵਿਚ ਪੜ੍ਹਦਿਆਂ ਜਾਫ਼ਰ ਨੇ ਨੌਜਵਾਨ ਰਾਗੀ ਮਨਪ੍ਰੀਤ ਮੰਨੇ ਨਾਲ ਉਸਤਾਦੀ ਸ਼ਾਗਿਰਦੀ ਦੀ ਰਸਮ ਨਿਭਾਈ ਅਤੇ ਬਤੌਰ ਪਾਛੂ (ਤੂੰਬਾ ਵਾਦਕ) ਉਸ ਨਾਲ ਹੀ ਗਾ ਰਿਹਾ ਹੈ। ਮੈਂ ਖ਼ੁਦ ਉਸ ਨੂੰ ਦੋ ਵਾਰ ਜਰਗ ਦੇ ਮੇਲੇ ’ਤੇ ਸੁਣਿਆ ਹੈ।
ਸਾਲ 2015-16 ਤੱਕ ਜਾਨਾ ਅਖਾੜਿਆਂ ਵਿਚ ਗਾਉਂਦਾ ਰਿਹਾ। ਬਾਅਦ ਵਿਚ ਉਮਰ ਦੇ ਤਕਾਜ਼ੇ ਅਨੁਸਾਰ ਉਸ ਨੇ ਅਖਾੜਿਆਂ ਵਿਚ ਜਾਣਾ ਛੱਡ ਦਿੱਤਾ ਅਤੇ ਘਰ ਆਪਣੇ ਪੋਤਰੇ ਜਾਫ਼ਰ ਨੂੰ ਸਿੱਖਿਆ ਦਿੰਦਾ ਰਿਹਾ। ਅਖੀਰ 11 ਨਵੰਬਰ 2023 ਨੂੰ ਉਹ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਿਆ। ਆਸ ਹੈ ਕਿ ਉਸ ਦਾ ਪੋਤਾ ਜਾਫ਼ਰ ਸ਼ਾਹ ਉਸ ਦੀ ਵਿਰਾਸਤ ਨੂੰ ਅੱਗੇ ਤੋਰਦਾ ਰਹੇਗਾ।
ਸੰਪਰਕ: 84271-00341

Advertisement
Advertisement