ਜੰਮੂ-ਕੱਟੜਾ ਐਕਸਪ੍ਰੈੱਸਵੇਅ: ਐੱਨਐੱਚਏਆਈ ਤੇ ਠੇਕੇਦਾਰਾਂ ਤੋਂ 85.87 ਲੱਖ ਰੁਪਏ ਵਸੂਲੇ
ਚੰਡੀਗੜ੍ਹ (ਰਾਜਮੀਤ ਸਿੰਘ):
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਤੇ ਉਸ ਦੇ ਨਿੱਜੀ ਠੇਕੇਦਾਰਾਂ ਤੋਂ ਰੂਪਨਗਰ ਵਿੱਚ ਜੰਮੂ-ਕੱਟੜਾ ਐਕਸਪ੍ਰੈੱਸਵੇਅ ਦੇ ਨਿਰਮਾਣ ਲਈ ਮਨਜ਼ੂਰੀ ਤੋਂ ਵੱਧ ਖਣਨ ਕਰ ਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ 85.87 ਲੱਖ ਰੁਪਏ ਵਾਤਾਵਰਨ ਮੁਆਵਜ਼ਾ ਵਸੂਲਿਆ ਗਿਆ ਹੈ। ਇਹ ਵਾਤਾਵਰਨ ਮੁਆਵਜ਼ਾ ਐਕਸਪ੍ਰੈੱਸਵੇਅ ਲਈ ਵਾਧੂ ਉਸਾਰੀ ਸਮੱਗਰੀ ਦੀ ਖੁਦਾਈ ਕਰਨ ਲਈ ਲਾਏ ਗਏ 62.75 ਲੱਖ ਰੁਪਏ ਦੇ ਜੁਰਮਾਨੇ ਤੋਂ ਵੱਖਰਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜ਼ਿਲ੍ਹਾ ਮੈਜਿਸਟਰੇਟ ਰੋਪੜ ਦੀ ਸਾਂਝੀ ਕਮੇਟੀ ਵਿਚ ਸਾਹਮਣੇ ਆਇਆ ਕਿ ਐਕਸਪ੍ਰੈੱਸਵੇਅ ਦੇ ਨਿਰਮਾਣ ਲਈ ਐੱਨਐੱਚਏਆਈ ਵੱਲੋਂ ਲਾਈ ਗਈ ਕੰਪਨੀ ਮੈਸਰਜ਼ ਸੀਗਲ ਇੰਡੀਆ ਵੱਲੋਂ ਉਸਾਰੀ ਸਮੱਗਰੀ ਕੱਢਣ ਵੇਲੇ ਵਾਤਾਵਰਨ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਰੂਪਨਗਰ ਦੇ ਪਿੰਡ ਪਥਰੇੜੀ ਜੱਟਾਂ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਐੱਨਜੀਟੀ ਕੋਲ ਪਹੁੰਚ ਕਰਦਿਆਂ ਸ਼ਿਕਾਇਤ ਕੀਤੀ ਕਿ ਜੰਗਲ ਨਾਲ ਲੱਗਦੀ ਵਾਹੀਯੋਗ ਜ਼ਮੀਨ ਵਿੱਚ 15 ਤੋਂ 20 ਫੁੱਟ ਤੱਕ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ।