ਜੰਮੂ ਕਸ਼ਮੀਰ: ਸੜਕ ਹਾਦਸਿਆਂ ’ਚ ਦੋ ਹਲਾਕ, 30 ਜ਼ਖ਼ਮੀ
ਜੰਮੂ, 29 ਅਕਤੂਬਰ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਅਤੇ ਊਧਮਪੁਰ ਜ਼ਿਲ੍ਹਿਆਂ ਵਿੱਚ ਅੱਜ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 30 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚੋਂ ਜ਼ਿਆਦਾਤਰ ਨਰਸਿੰਗ ਕਾਲਜ ਦੇ ਵਿਦਿਆਰਥੀ ਹਨ। ਮ੍ਰਿਤਕਾਂ ਦੀ ਪਛਾਣ ਬਿਲਾਲ ਅਹਿਮਦ (28) ਅਤੇ ਇਸ਼ਰਤ ਹੁਸੈਨ (42) ਵਾਸੀ ਛਾਂਗਾ ਵਜੋਂ ਹੋਈ ਹੈ। ਕਿਸ਼ਤਵਾੜ ਜ਼ਿਲ੍ਹੇ ਦੇ ਦਰਾਬਸ਼ਾਲਾ ਵਿੱਚ ਟਰੱਕ ਦੀ ਫੇਟ ਵੱਜਣ ਕਾਰਨ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਊਧਮਪੁਰ ਜ਼ਿਲ੍ਹੇ ਵਿੱਚ ਪ੍ਰਾਈਵੇਟ ਬੱਸ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 30 ਯਾਤਰੀ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਬੱਸ ਸਲਮਾਰੀ ਤੋਂ ਊਧਮਪੁਰ ਜਾ ਰਹੀ ਸੀ। ਇਸ ਦੌਰਾਨ ਬਾਅਦ ਦੁਪਹਿਰ ਕਰੀਬ 12.30 ਵਜੇ ਪਿੰਡ ਫਾਰਮਾ ਨੇੜੇ ਹਾਦਸਾ ਹੋ ਗਿਆ। -ਪੀਟੀਆਈ
ਰਾਜਸਥਾਨ: ਬੱਸ ਪੁਲ ਨਾਲ ਟਕਰਾਈ; 12 ਹਲਾਕ
ਜੈਪੁਰ:
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਅੱਜ ਦੁਪਹਿਰ ਬੱਸ ਪੁਲ ਨਾਲ ਟਕਰਾਉਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 30 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਜ਼ਿਲ੍ਹਾ ਪੁਲੀਸ ਸੁਪਰਡੈਂਟ ਭੁਵਨ ਭੂਸ਼ਣ ਯਾਦਵ ਨੇ ਦੱਸਿਆ ਕਿ ਸਾਲਾਸਰ ਤੋਂ ਲਕਸ਼ਮਣਗੜ੍ਹ ਆ ਰਹੀ ਇੱਕ ਪ੍ਰਾਈਵੇਟ ਬੱਸ ਮੋੜ ਕੱਟਣ ਵੇਲੇ ਲਕਸ਼ਮਣਗੜ੍ਹ ਵਿੱਚ ਪੁਲ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ 10 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ 36 ਤੋਂ ਵੱਧ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਲਕਸ਼ਮਣਗੜ੍ਹ ਅਤੇ ਸੀਕਰ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। -ਪੀਟੀਆਈ