ਜੰਮੂ ਕਸ਼ਮੀਰ: ਬਾਰਾਮੂਲਾ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ
ਸ੍ਰੀਨਗਰ/ਜੰਮੂ, 14 ਸਤੰਬਰ
ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨੇ ਮੁਕਾਬਲੇ ’ਚ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਉੱਤਰੀ ਕਸ਼ਮੀਰ ਜ਼ਿਲ੍ਹੇ ਵਿੱਚ ਪੱਟਨ ਇਲਾਕੇ ਦੇ ਚੱਕ ਟੱਪਰ ਕਰੀਰੀ ਵਿੱਚ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਦੇਰ ਰਾਤ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਇਲਾਕੇ ਵਿੱਚ ਤਲਾਸ਼ੀ ਦੌਰਾਨ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ, ਜਿਨ੍ਹਾਂ ਵੱਲੋਂ ਜਵਾਬੀ ਕਾਰਵਾਈ ਕਰਨ ’ਤੇ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਸਾਰੀ ਰਾਤ ਘੇਰਾ ਪਾਈ ਰੱਖਿਆ ਅਤੇ ਸਵੇਰ ਵੇਲੇ ਹੋਏ ਮੁਕਾਬਲੇ ’ਚ ਤਿੰਨ ਦਹਿਸ਼ਤਗਰਦਾਂ ਨੂੰ ਹਲਾਕ ਕਰ ਦਿੱਤਾ। ਹਲਾਕ ਹੋਏ ਦਹਿਸ਼ਤਗਰਦਾਂ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਪਰੇਸ਼ਨ ਹਾਲੇ ਵੀ ਜਾਰੀ ਹੈ।
ਇਸੇ ਦੌਰਾਨ ਸੁਰੱਖਿਆ ਬਲਾਂ ਨੇ ਲੰਘੇ ਦਿਨ ਕਿਸ਼ਤਵਾੜ ਮੁਕਾਬਲੇ ’ਚ ਦੋ ਜਵਾਨਾਂ ਦੇ ਸ਼ਹੀਦ ਹੋਣ ਮਗਰੋਂ ਦਹਿਸ਼ਤਗਰਦਾਂ ਦੀ ਭਾਲ ਲਈ ਅੱਜ ਕਿਸ਼ਤਵਾੜ, ਊਧਮਪੁਰ, ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ’ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਕਿਸ਼ਤਵਾੜ ਜ਼ਿਲ੍ਹੇ ਦੀ ਛੱਤਰੂ ਪੱਟੀ ’ਚ ਪਿੰਗਨਾਲ ਡੁਗਾਡਾ ਦੇ ਜੰਗਲਾਂ ’ਚ ਅਪਰੇਸ਼ਨ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਘੇਰਾਬੰਦੀ ਕਰਕੇ ਹਮਲੇ ਲਈ ਜ਼ਿੰਮੇਵਾਰ ਦਹਿਸ਼ਤਗਰਦਾਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਲੰਘੇ ਦਿਨ ਕਿਸ਼ਤਵਾੜ ਦੇ ਛੱਤਰੂ ਇਲਾਕੇ ਵਿੱਚ ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਜੇਸੀਓ ਨਾਇਬ ਸੂਬੇਦਾਰ ਵਿਪਨ ਕੁਮਾਰ (42) ਨੂੰ ਅੱਜ ਰਾਜੌਰੀ ਜ਼ਿਲ੍ਹੇ ਅਧੀਨ ਪੈਂਦੇ ਉਸ ਦੇ ਜੱਦੀ ਪਿੰਡ ਪਾਤਰਾ ’ਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। -ਪੀਟੀਆਈ
ਫੌਜ ਨੇ ਰਾਜੌਰੀ ’ਚ ਘੁਸਪੈਠ ਨਾਕਾਮ ਕੀਤੀ; ਮੁਕਾਬਲੇ ’ਚ ਜਵਾਨ ਜ਼ਖਮੀ
ਰਾਜੌਰੀ/ਜੰਮੂ: ਫੌਜ ਨੇ ਅੱਜ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐੱਲਓਸੀ) ’ਤੇ ਸਰਹੱਦ ਪਾਰੋਂ ਘੁਸਪੈਠ ਨਾਕਾਮ ਬਣਾ ਦਿੱਤੀ, ਜਿਸ ਦੌਰਾਨ ਮੁਕਾਬਲੇ ’ਚ ਇੱਕ ਜਵਾਨ ਜ਼ਖਮੀ ਹੋ ਗਿਆ। ਇਹ ਮੁਕਾਬਲਾ ਨੌਸ਼ਹਿਰਾ ਸੈਕਟਰ ਦੇ ਕਲਾਲਾ ਇਲਾਕੇ ’ਚ ਫੌਜ ਦੇ ਜਵਾਨਾਂ ਵੱਲੋਂ ਕੰਟਰੋਲ ਰੇਖਾ ਨੇੜੇ ਇਸ ਪਾਸੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦਹਿਸ਼ਤਗਰਦਾਂ ਦੇ ਗਰੁੱਪ ਨੂੰ ਰੋਕਣ ਦੌਰਾਨ ਹੋਇਆ। ਮੁਕਾਬਲੇ ਮਗਰੋਂ ਦਹਿਸ਼ਤਗਰਦ ਨੇੜਲੇ ਜੰਗਲੀ ਇਲਾਕੇ ਵੱਲ ਭੱਜ ਗਏ, ਜਿਨ੍ਹਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। -ਪੀਟੀਆਈ