ਪਿਛਲੇ ਪੰਜ ਸਾਲਾਂ ਤੋਂ ਮੁਸ਼ਕਲ ਦੌਰ ’ਚੋਂ ਲੰਘ ਰਿਹੈ ਜੰਮੂ ਕਸ਼ਮੀਰ: ਮਹਿਬੂਬਾ
ਸ੍ਰੀਨਗਰ, 21 ਅਗਸਤ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਅੱਜ ਇੱਥੇ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ ਕਸ਼ਮੀਰ ਪਿਛਲੇ ਪੰਜ ਸਾਲਾਂ ਤੋਂ ‘ਮੁਸ਼ਕਲ ਦੌਰ’ ’ਚੋਂ ਲੰਘ ਰਿਹਾ ਹੈ। ਮਹਿਬੂਬਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ਼ਾਂਤੀ ਤਾਂ ਚਾਹੁੰਦੀ ਹੈ ਪਰ ‘ਕਬਰਿਸਤਾਨਾਂ ਦੇ ਸੰਨਾਟੇ’ ਵਰਗੀ ਸ਼ਾਂਤੀ ਨਹੀਂ। ਇੱਥੇ ਪੀਡੀਪੀ ਹੈੱਡਕੁਆਰਟਰ ਵਿੱਚ ਇੱਕ ਸਮਾਗਮ ਦੌਰਾਨ ਉਨ੍ਹਾਂ ਇਹ ਟਿੱਪਣੀ ਕੀਤੀ।
ਸਮਾਗਮ ਦੌਰਾਨ ਰਾਜੌਰੀ ਦੇ ਸਾਬਕਾ ਵਿਧਾਇਕ ਚੌਧਰੀ ਕਮਰ ਹੁਸੈਨ ਮੁੜ ਪਾਰਟੀ ਵਿੱਚ ਸ਼ਾਮਲ ਹੋ ਗਏ। 2020 ਵਿੱਚ ਹੁਸੈਨ ਅਤੇ ਪੰਜ ਹੋਰ ਪੀਡੀਪੀ ਆਗੂਆਂ ਨੂੰ ਸ੍ਰੀਨਗਰ ਵਿੱਚ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਅਤੇ ਵਿਦੇਸ਼ੀ ਰਾਜਦੂਤਾਂ ਦੇ ਇੱਕ ਵਫ਼ਦ ਨਾਲ ਮੁਲਾਕਾਤ ਕਰਨ ਕਰਕੇ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ।
ਮਹਿਬੂਬਾ ਨੇ ਕਿਹਾ ਕਿ ਨਾ ਸਿਰਫ਼ ਪੀਡੀਪੀ ਸਗੋਂ ਪੂਰਾ ਜੰਮੂ ਕਸ਼ਮੀਰ ਪਿਛਲੇ ਪੰਜ ਸਾਲਾਂ ਤੋਂ ‘ਮੁਸ਼ਕਲ ਦੌਰ’ ’ਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ, “ਹਾਲਾਤ ਅਜਿਹੇ ਹਨ ਕਿ ਅਸੀਂ ਆਪਣੀ ਆਵਾਜ਼ ਨਹੀਂ ਉਠਾ ਸਕਦੇ। ਹਰ ਪਾਸੇ ਡਰ ਦਾ ਮਾਹੌਲ ਹੈ। ਅਜਿਹੇ ’ਚ ਜਦੋਂ ਨਵੇਂ ਆਗੂ ਸਾਡੇ ਨਾਲ ਜੁੜਦੇ ਹਨ ਅਤੇ ਸਾਡੀ ਪਾਰਟੀ ਨੂੰ ਮਜ਼ਬੂਤ ਕਰਦੇ ਹਨ ਤਾਂ ਇਸ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਵੀ ਮਜ਼ਬੂਤ ਹੁੰਦੀ ਹੈ।’’ -ਪੀਟੀਆਈ
ਰਾਸ਼ਿਦ ਇੰਜਨੀਅਰ ਨੇ ਜ਼ਮਾਨਤ ਲਈ ਦਿੱਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ
ਨਵੀਂ ਦਿੱਲੀ:
ਜੇਲ੍ਹ ਵਿੱਚ ਬੰਦ ਕਸ਼ਮੀਰ ਦੇ ਸੰਸਦ ਮੈਂਬਰ ਰਾਸ਼ਿਦ ਇੰਜਨੀਅਰ ਨੇ 2017 ਦੇ ਜੰਮੂ ਕਸ਼ਮੀਰ ਦਹਿਸ਼ਤੀ ਫੰਡਿੰਗ ਮਾਮਲੇ ਵਿੱਚ ਨਿਯਮਤ ਜ਼ਮਾਨਤ ਲਈ ਦਿੱਲੀ ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਰਾਸ਼ਿਦ ਇੰਜਨੀਅਰ ਦੇ ਨਾਂ ਨਾਲ ਮਸ਼ਹੂਰ ਸ਼ੇਖ਼ ਅਬਦੁਲ ਰਾਸ਼ਿਦ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਾਰਾਮੂਲਾ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੂੰ ਹਰਾਇਆ ਸੀ। ਵਧੀਕ ਸੈਸ਼ਨ ਜੱਜ (ਏਐੱਸਜੇ) ਚੰਦਰ ਜੀਤ ਸਿੰਘ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਨੋਟਿਸ ਜਾਰੀ ਕਰਦਿਆਂ 28 ਅਗਸਤ ਤੱਕ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਪਹਿਲਾਂ ਰਾਸ਼ਿਦ ਨੂੰ 5 ਜੁਲਾਈ ਨੂੰ ਅਹੁਦੇ ਦੀ ਸਹੁੰ ਚੁੱਕਣ ਲਈ ਪੈਰੋਲ ਦਿੱਤੀ ਸੀ। ਰਾਸ਼ਿਦ ਦਹਿਸ਼ਤੀ ਫੰਡਿੰਗ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਤਹਿਤ ਅਗਸਤ 2019 ਤੋਂ ਹਿਰਾਸਤ
ਵਿੱਚ ਹੈ। -ਪੀਟੀਆਈ