Jammu and Kashmir: ‘ਇੰਡੀਆ’ ਗੱਠਜੋੜ ਜੇ ਸੰਸਦੀ ਚੋਣਾਂ ਲਈ ਸੀ ਤਾਂ ਇਸ ਨੂੰ ਖਤਮ ਕਰ ਦੇਣਾ ਚਾਹੀਦੈ: ਉਮਰ
ਜੰਮੂ, 9 ਜਨਵਰੀ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਵਿਰੋਧੀ ਗੱਠਜੋੜ ‘ਇੰਡੀਆ’ ਦੀ ਲੀਡਰਸ਼ਿਪ ਤੇ ਏਜੰਡੇ ਬਾਰੇ ਸਪੱਸ਼ਟਤਾ ਦੀ ਘਾਟ ’ਤੇ ਅੱਜ ਨਿਰਾਸ਼ਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਜੇ ਗੱਠਜੋੜ ਸਿਰਫ਼ ਸੰਸਦੀ ਚੋਣਾਂ ਲਈ ਸੀ ਤਾਂ ਇਸ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਆਪ’, ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਤੈਅ ਕਰਨਗੀਆਂ ਕਿ ਭਾਜਪਾ ਦਾ ਅਸਰਦਾਰ ਢੰਗ ਨਾਲ ਕਿਵੇਂ ਮੁਕਾਬਲਾ ਕੀਤਾ ਜਾਵੇ। ਉਨ੍ਹਾਂ ਕਿਹਾ, ‘ਦਿੱਲੀ ਵਿਧਾਨ ਸਭਾ ਚੋਣਾਂ ਮਗਰੋਂ ਉਨ੍ਹਾਂ ਨੂੰ ਗੱਠਜੋੜ ਦੇ ਸਾਰੇ ਮੈਂਬਰਾਂ ਦੀ ਮੀਟਿੰਗ ਸੱਦਣੀ ਚਾਹੀਦੀ ਹੈ। ਜੇ ਗੱਠਜੋੜ ਸਿਰਫ਼ ਸੰਸਦੀ ਚੋਣਾਂ ਲਈ ਸੀ ਤਾਂ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਅਤੇ ਅਸੀਂ ਵੱਖ ਵੱਖ ਕੰਮ ਕਰਾਂਗੇ। ਪਰ ਜੇ ਇਹ ਵਿਧਾਨ ਸਭਾ ਚੋਣਾਂ ਲਈ ਵੀ ਹੈ ਤਾਂ ਸਾਨੂੰ ਇਕੱਠਿਆਂ ਬੈਠਣਾ ਪਵੇਗਾ ਤੇ ਸਮੂਹਿਕ ਤੌਰ ’ਤੇ ਕੰਮ ਕਰਨਾ ਪਵੇਗਾ।’ ਉਧਰ, ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਅਸੀਂ ਦਿੱਲੀ ਨਾਲ ਲੜਨਾ ਨਹੀਂ ਚਾਹੁੰਦੇ। ਅਸੀਂ ਸੂਬੇ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਦਿੱਲੀ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਲੜਾਈ ’ਚ ਸ਼ਾਮਲ ਨਹੀਂ ਹੋਣਾ ਚਾਹੁੰਦੇ। ਜੋ ਲੜਨਾ ਚਾਹੁੰਦੇ ਹਨ ਉਹ ਲੜ ਸਕਦੇ ਨੇ।’ -ਪੀਟੀਆਈ