ਜੰਮੂ-ਕਸ਼ਮੀਰ ਚੋਣ ਨਤੀਜੇ: ਸੱਤ ਆਜ਼ਾਦ ਉਮੀਦਵਾਰ ਜਿੱਤੇ
ਜੰਮੂ, 8 ਅਕਤੂਬਰ
ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ ਸੱਤ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਜੋ ਕਿ 2014 ਦੀਆਂ ਚੋਣਾਂ ਨਾਲੋਂ ਵੱਧ ਹੈ। ਉਸ ਵੇਲੇ ਤਿੰਨ ਆਜ਼ਾਦ ਉਮੀਦਵਾਰ ਵਿਧਾਇਕ ਬਣੇ ਸਨ। ਕਾਂਗਰਸ ਛੱਡ ਕੇ ਜੰਮੂ ਖੇਤਰ ਦੀ ਛੰਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਸਤੀਸ਼ ਸ਼ਰਮਾ ਨੇ ਭਾਜਪਾ ਉਮੀਦਵਾਰ ਰਾਜੀਵ ਸ਼ਰਮਾ ਨੂੰ 6,929 ਵੋਟਾਂ ਦੇ ਫਰਕ ਨਾਲ ਹਰਾਇਆ। ਦੋ ਵਾਰ ਸੰਸਦ ਮੈਂਬਰ ਰਹੇ ਅਤੇ ਸਾਬਕਾ ਕਾਂਗਰਸ ਮੰਤਰੀ ਮਦਨ ਲਾਲ ਸ਼ਰਮਾ ਦੇ ਪੁੱਤਰ ਸਤੀਸ਼ ਸ਼ਰਮਾ ਨੂੰ 33,985 ਵੋਟਾਂ ਮਿਲੀਆਂ। ਇੰਦਰਵਾਲ ਤੋਂ ਆਜ਼ਾਦ ਉਮੀਦਵਾਰ ਪਿਆਰੇ ਲਾਲ ਸ਼ਰਮਾ ਨੇ ਸੀਨੀਅਰ ਆਗੂ ਗੁਲਾਮ ਮੁਹੰਮਦ ਸਾਰੋਰੀ ਨੂੰ 643 ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾਇਆ। ਸ਼ਰਮਾ ਨੂੰ 14,195 ਵੋਟਾਂ ਮਿਲੀਆਂ, ਜਦਕਿ ਆਜ਼ਾਦ ਉਮੀਦਵਾਰ ਸਾਰੋਰੀ ਨੂੰ 13,552 ਵੋਟਾਂ ਮਿਲੀਆਂ, ਸਾਰੋਰੀ ਇਸ ਤੋਂ ਪਹਿਲਾਂ ਦੋ ਵਾਰ ਇਹ ਸੀਟ ਜਿੱਤ ਚੁੱਕੇ ਹਨ। ਬਾਣੀ ’ਚ ਆਜ਼ਾਦ ਉਮੀਦਵਾਰ ਡਾ. ਰਾਮੇਸ਼ਵਰ ਸਿੰਘ ਨੇ ਭਾਜਪਾ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਜੀਵਨ ਲਾਲ ਨੂੰ 2,048 ਵੋਟਾਂ ਨਾਲ ਹਰਾਇਆ। ਰਾਮੇਸ਼ਵਰ ਸਿੰਘ ਨੂੰ 18,672 ਵੋਟਾਂ ਜਦਕਿ ਜੀਵਨ ਲਾਲ ਨੂੰ 16,624 ਵੋਟਾਂ ਮਿਲੀਆਂ। ਸੂਰਨਕੋਟ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅਤੇ ਨੈਸ਼ਨਲ ਕਾਨਫਰੰਸ ਦੇ ਬਾਗੀ ਚੌਧਰੀ ਮੁਹੰਮਦ ਅਕਰਮ ਨੇ ਕਾਂਗਰਸ ਦੇ ਮੁਹੰਮਦ ਸ਼ਾਹਨਵਾਜ਼ ਨੂੰ 8,851 ਵੋਟਾਂ ਦੇ ਫਰਕ ਨਾਲ ਹਰਾਇਆ। ਮੁਜ਼ੱਫਰ ਇਕਬਾਲ ਖਾਨ ਨੇ ਥਾਨਾਮੰਡੀ ਸੀਟ ਤੋਂ ਭਾਜਪਾ ਉਮੀਦਵਾਰ ਮੁਹੰਮਦ ਇਕਬਾਲ ਮਲਿਕ ਨੂੰ 6,179 ਵੋਟਾਂ ਦੇ ਫਰਕ ਨਾਲ ਹਰਾਇਆ। ਲੰਗੇਟ ਵਿਧਾਨ ਸਭਾ ਸੀਟ ਤੋਂ ਖੁਰਸ਼ੀਦ ਅਹਿਮਦ ਸ਼ੇਖ ਨੇ 25,984 ਵੋਟਾਂ ਹਾਸਲ ਕੀਤੀਆਂ ਅਤੇ ਪੀਪਲਜ਼ ਕਾਨਫਰੰਸ ਦੇ ਇਰਫਾਨ ਸੁਲਤਾਨ ਪੰਡਤਪੁਰੀ ਨੂੰ 1,602 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਤਰ੍ਹਾਂ ਸ਼ਬੀਰ ਅਹਿਮਦ ਕੁੱਲੇ ਨੇ ਸ਼ੌਪੀਆਂ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਸ਼ੇਖ ਮੁਹੰਮਦ ਰਫੀ ਨੂੰ 1,207 ਵੋਟਾਂ ਦੇ ਫਰਕ ਨਾਲ ਹਰਾਇਆ। ਪੀਟੀਆਈ