ਜੰਮੂ ਕਸ਼ਮੀਰ: ਅਤਿਵਾਦੀ ਹਮਲਿਆਂ ਦੀ ਕੋਸ਼ਿਸ਼ ਨਾਕਾਮ
ਰਾਜੌਰੀ/ਜੰਮੂ, 22 ਜੁਲਾਈ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਫੌਜ ਦੇ ਜਵਾਨਾਂ ਨੇ ਅੱਜ ਤੜਕੇ ਇਕ ਫੌਜੀ ਚੌਕੀ ਅਤੇ ਗ੍ਰਾਮ ਰੱਖਿਆ ਗਾਰਡ (ਵੀਡੀਜੀ) ਦੇ ਘਰ ’ਤੇ ਅਤਿਵਾਦੀ ਹਮਲੇ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਫੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿੱਚ ਸ਼ਾਮਲ ਅਤਿਵਾਦੀਆਂ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਅਤੇ ਇਸ ਦੌਰਾਨ ਉਨ੍ਹਾਂ ਦਾ ਅਤਿਵਾਦੀਆਂ ਨਾਲ ਮੁਕਾਬਲਾ ਹੋ ਗਿਆ ਜਿਸ ਵਿੱਚ ਇਕ ਫੌਜੀ ਜਵਾਨ ਅਤੇ ਇਕ ਆਮ ਨਾਗਰਿਕ ਜ਼ਖ਼ਮੀ ਹੋ ਗਿਆ।
ਸੂਤਰਾਂ ਨੇ ਦੱਸਿਆ ਕਿ ਵੀਡੀਜੀ ਦੇ ਘਰ ’ਤੇ ਹਮਲਾ ਕਰਨ ਵਾਲੇ ਇਕ ਅਤਿਵਾਦੀ ਨੂੰ ਹਲਾਕ ਕਰ ਦਿੱਤਾ ਗਿਆ ਹੈ। ਇਸ ਘਟਨਾ ਵਿੱਚ ਇਕ ਜਵਾਨ, ਇਕ ਨਾਗਰਿਕ ਅਤੇ ਵੀਡੀਜੀ ਦਾ ਰਿਸ਼ਤੇਦਾਰ ਜ਼ਖ਼ਮੀ ਹੋਇਆ ਹੈ। ਵ੍ਹਾਈਟ ਨਾਈਟ ਕੋਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਦੱਸਿਆ, ‘‘ਰਾਜੌਰੀ ਦੇ ਗੁੰਦਾ ਇਲਾਕੇ ਵਿੱਚ ਅਤਿਵਾਦੀਆਂ ਨੇ ਵੀਡੀਜੀ ਦੇ ਘਰ ’ਤੇ ਤੜਕੇ 3.10 ਵਜੇ ਹਮਲਾ ਕਰ ਦਿੱਤਾ। ਉੱਥੇ ਨੇੜੇ ਹੀ ਮੌਜੂਦ ਫੌਜ ਦੀ ਇਕ ਟੀਮ ਨੇ ਜਵਾਬ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ।’’ ਉਸ ਨੇ ਦੱਸਿਆ, ‘‘ਮੁਹਿੰਮ ਅਜੇ ਵੀ ਜਾਰੀ ਹੈ।’’
ਇਸ ਹਮਲੇ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਇਕ ਸਥਾਨਕ ਮਹਿਲਾ ਨੇ ਕਿਹਾ, ‘‘ਇਸ ਹਮਲੇ ਨਾਲ ਅਸੀਂ ਦਹਿਸ਼ਤ ਵਿੱਚ ਹਾਂ। ਇਲਾਕੇ ਵਿੱਚ ਅਤਿਵਾਦੀ ਹਮਲਾ ਕਾਫੀ ਸਾਲਾਂ ਬਾਅਦ ਹੋਇਆ ਹੈ। ਇਹ ਇਕ ਸ਼ਾਂਤ ਇਲਾਕਾ ਸੀ। ਗੋਲੀਬਾਰੀ ਤੜਕੇ 3 ਵਜੇ ਸ਼ੁਰੂ ਹੋਈ ਜੋ ਕਿ ਅਜੇ ਵੀ ਜਾਰੀ ਹੈ।’’ ਇਕ ਹੋਰ ਪਿੰਡ ਵਾਸੀ ਨੇ ਕਿਹਾ ਕਿ ਇਹ ਵੀਡੀਜੀ ਨੂੰ ਆਧੁਨਿਕ ਹਥਿਆਰਾਂ ਤੇ ਸੰਚਾਰ ਤਕਨਾਲੋਜੀ ਨਾਲ ਲੈਸ ਕਰਨ ਦਾ ਸਮਾਂ ਹੈ ਤਾਂ ਜੋ ਅਤਿਵਾਦੀਆਂ ਦਾ ਮੁਕਾਬਲਾ ਕੀਤਾ ਜਾ ਸਕੇ। -ਪੀਟੀਆਈ