ਜੰਮੂ ਕਸ਼ਮੀਰ: ਪੁਣਛ ਵਿੱਚ ਗੋਲੀਬਾਰੀ ’ਚ ਫੌਜੀ ਜਵਾਨ ਸ਼ਹੀਦ
ਜੰਮੂ, 23 ਜੁਲਾਈ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਫੌਜ ਨੇ ਅੱਜ ਤੜਕੇ ਕੰਟਰੋਲ ਰੇਖਾ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਹਾਲਾਂਕਿ, ਇਸ ਦੌਰਾਨ ਹੋਏ ਮੁਕਾਬਲੇ ਵਿੱਚ ਇਕ ਫੌਜੀ ਜਵਾਨ ਸ਼ਹੀਦ ਹੋ ਗਿਆ। ਵ੍ਹਾਈਟ ਨਾਈਟ ਕੋਰ ਨੇ ‘ਐਕਸ’ ਉੱਤੇ ਕਿਹਾ, ‘‘ਚੌਕਸ ਫੌਜੀ ਜਵਾਨਾਂ ਨੇ ਤੜਕੇ 3 ਵਜੇ ਬੱਟਲ ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅਤਿਵਾਦੀਆਂ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਕੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ।’’
ਕੋਰ ਨੇ ਕਿਹਾ, ‘‘ਦੋਹਾਂ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਇਕ ਫੌਜੀ ਜਵਾਨ ਲਾਂਸ ਨਾਇਕ ਸੁਭਾਸ਼ ਕੁਮਾਰ ਸ਼ਹੀਦ ਹੋ ਗਿਆ। ਇਲਾਕੇ ਵਿੱਚ ਕਾਰਵਾਈ ਅਜੇ ਜਾਰੀ ਹੈ।’’ ਸੂਤਰਾਂ ਮੁਤਾਬਕ, ਹਥਿਆਰਾਂ ਨਾਲ ਲੈਸ ਅਤਿਵਾਦੀਆਂ ਦੇ ਇਕ ਸਮੂਹ ਨੇ ਕ੍ਰਿਸ਼ਨਾਘਾਟੀ ਬੈਲਟ ਦੇ ਬੱਟਲ ਖੇਤਰ ਵਿੱਚ ਸ਼ੱਕੀ ਗਤੀਵਿਧੀਆਂ ਨੂੰ ਭਾਂਪਦਿਆਂ ਤੁਰੰਤ ਕਾਰਵਾਈ ਕੀਤੀ। ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਹੋਈ ਜ਼ਬਰਦਸਤ ਗੋਲੀਬਾਰੀ ਵਿਚਾਲੇ ਫੌਜੀ ਜਵਾਨਾਂ ਨੇ ਅਤਿਵਾਦੀਆਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਪਰ ਘਟਨਾ ਵਿੱਚ ਇਕ ਫੌਜੀ ਜਵਾਨ ਲਾਂਸ ਨਾਇਕ ਸੁਭਾਸ਼ ਕੁਮਾਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਫੌਜੀ ਜਵਾਨ ਦੀ ਮ੍ਰਿਤਕ ਦੇਹ ਫੌਜ ਹਵਾਲੇ ਕਰ ਦਿੱਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਗੋਲੀਬਾਰੀ ਵਿੱਚ ਅਤਿਵਾਦੀਆਂ ਦਾ ਵੀ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। -ਪੀਟੀਆਈ