ਜੰਮੂ, 14 ਅਗਸਤਜੰਮੂ ਦੇ ਡੋਡਾ ਜ਼ਿਲ੍ਹੇ ’ਚ ਬੁੱਧਵਾਰ ਨੂੰ ਚੱਲ ਰਹੀ ਤਲਾਸ਼ੀ ਮੁਹਿੰਮ ਦੌਰਾਨ ਫੌਜ ਦਾ ਇਕ ਕਪਤਾਨ ਸ਼ਹੀਦ ਹੋ ਗਿਆ ਜਦੋਂ ਕਿ ਇਕ ਅਤਿਵਾਦੀ ਮਾਰਿਆ ਗਿਆ। ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ’ਤੇ ਸ਼ੁਰੂ ਹੋਏ ਮੁਕਾਬਲੇ ਵਿੱਚ ਇੱਕ ਆਮ ਨਾਗਰਿਕ ਵੀ ਜ਼ਖਮੀ ਹੋ ਗਿਆ। ਜੰਮੂ-ਕਸ਼ਮੀਰ ਦੇ ਊਧਮਪੁਰ-ਡੋਡਾ-ਕਿਸ਼ਤਵਾੜ ਖੇਤਰ 'ਚ ਹਾਲ ਹੀ ਦੇ ਦਿਨਾਂ ’ਚ ਇਹ ਚੌਥਾ ਮੁਕਾਬਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵਗੜ੍ਹ-ਅਸਾਰ ਪੱਟੀ ਵਿੱਚ ਲੁਕੇ ਹੋਏ ਅਤਿਵਾਦੀਆਂ ਦੇ ਇੱਕ ਸਮੂਹ ਦਾ ਪਤਾ ਲਗਾਉਣ ਲਈ ਸੁਰੱਖਿਆ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਵੱਲੋਂ ਘੇਰਾਬੰਦੀ ਸ਼ੁਰੂ ਕੀਤੀ ਗਈ ਜਿਸ ਦੌਰਾਨ ਬੁੱਧਵਾਰ ਸਵੇਰੇ ਸੰਘਣੇ ਜੰਗਲ ਵਾਲੇ ਖੇਤਰ ਵਿੱਚ ਗੋਲੀਆਂ ਚੱਲੀਆਂ। ਉਨ੍ਹਾਂ ਦੱਸਿਆ ਕਿ ਕੈਪਟਨ ਦੀਪਕ ਸਿੰਘ ਮੁਕਾਬਲੇ ’ਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਮਿਲਟਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਫੌਜ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਚੱਲ ਰਹੇ ਮੁਕਾਬਲੇ ਵਿਚ ਇਕ ਅਤਿਵਾਦੀ ਨੂੰ ਮਾਰ ਦਿੱਤਾ ਗਿਆ ਹੈ। ਇਕ ਏ.ਕੇ. 47 ਬਰਾਮਦ ਕੀਤੀ ਗਈ ਹੈ। ਮੁਕਾਬਲਾ ਅਜੇ ਜਾਰੀ ਹੈ ਤੇ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ।’’ ਪੁਲੀਸ ਨੇ ਇੱਕ ਅਤਿਵਾਦੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਸ਼ੁਰੂਆਤੀ ਤੌਰ ’ਤੇ ਮੰਨਿਆ ਹੈ ਕਿ ਕੁੱਲ ਚਾਰ ਅਤਿਵਾਦੀ ਮਾਰੇ ਗਏ ਸਨ। ਜਦੋਂਕਿ ਸਿਰਫ ਇੱਕ ਅੱਤਵਾਦੀ ਦੀ ਮੌਤ ਦੀ ਪੁਸ਼ਟੀ ਹੋਈ ਹੈ। -ਪੀਟੀਆਈ