ਜੰਮੂ: ਪਾਕਿਸਤਾਨ ਰੇਂਜਰਾਂ ਵੱਲੋਂ ਬਗ਼ੈਰ ਭੜਕਾਹਟ ਤੋਂ ਕੀਤੀ ਗੋਲੀਬਾਰੀ ਕਾਰਨ ਬੀਐੱਸਐੱਫ ਦੇ 2 ਜਵਾਨ ਤੇ ਔਰਤ ਜ਼ਖ਼ਮੀ
ਜੰਮੂ, 27 ਅਕਤੂਬਰ
ਜੰਮੂ ਜ਼ਿਲ੍ਹੇ ਦੇ ਅਰਨੀਆ ਅਤੇ ਸੁਚੇਤਗੜ੍ਹ ਸੈਕਟਰਾਂ ਵਿੱਚ ਵੀਰਵਾਰ ਰਾਤ ਨੂੰ ਪਾਕਿਸਤਾਨ ਰੇਂਜਰਾਂ ਵੱਲੋਂ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਭਾਰੀ ਗੋਲੀਬਾਰੀ ਕਰਨ ਕਾਰਨ ਬੀਐੱਸਐੱਫ ਦੇ ਦੋ ਜਵਾਨ ਤੇ ਔਰਤ ਜ਼ਖਮੀ ਹੋ ਗਏ। ਗੋਲਾਬਾਰੀ ਕਾਰਨ ਬਹੁਤ ਸਾਰੇ ਨਾਗਰਿਕਾਂ ਨੇ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਖੇਤਰਾਂ ਵਿੱਚ ਸ਼ਰਨ ਲਈ। ਬੀਐਸਐਫ ਨੇ ਕਿਹਾ,‘ਅੱਜ ਰਾਤ 8 ਵਜੇ ਪਾਕਿਸਤਾਨ ਰੇਂਜਰਾਂ ਨੇ ਅਰਨੀਆ ਖੇਤਰ ਵਿੱਚ ਬੀਐੱਸਐੱਫ ਦੀਆਂ ਚੌਕੀਆਂ ਉੱਤੇ ਬਗ਼ੈਰ ਭੜਕਾਹਟ ਗੋਲੀਬਾਰੀ ਸ਼ੁਰੂ ਕੀਤੀ ਗਈ, ਜਿਸ ਦਾ ਬੀਐਸਐਫ ਦੇ ਜਵਾਨਾਂ ਨੇ ਢੁਕਵਾਂ ਜਵਾਬ ਦਿੱਤਾ।’ ਅਰਨੀਆ ਸੈਕਟਰ 'ਚ ਗੋਲੀਬਾਰੀ ਨਾਲ ਸਰਹੱਦ ਨਾਲ ਲੱਗਦੇ ਅੱਧੀ ਦਰਜਨ ਪਿੰਡਾਂ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਪਾਕਿਸਤਾਨੀ ਫੌਜੀਆਂ ਨੇ ਗੋਲੀਬਾਰੀ ਸੁਚੇਤਗੜ੍ਹ ਸੈਕਟਰ ਦੇ ਤਿੰਨ ਪਿੰਡਾਂ ਤੱਕ ਵਧਾ ਦਿੱਤੀ। ਰੇਂਜਰਾਂ ਵੱਲੋਂ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੁਝ ਮੋਰਟਾਰ ਗੋਲੇ ਵੀ ਦਾਗੇ ਗਏ। ਪੁਲੀਸ ਨੇ ਦੱਸਿਆ ਕਿ ਰਾਤ 11 ਵਜੇ ਤੱਕ ਭਾਰੀ ਗੋਲੀਬਾਰੀ ਜਾਰੀ ਸੀ, ਜਿਸ ਤੋਂ ਬਾਅਦ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਅਰਨੀਆ ਸੈਕਟਰ ਵਿੱਚ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਬੀਐੱਸਐੱਫ ਦੇ ਜਵਾਨਾਂ ਦੀ ਪਛਾਣ ਕਰਨਾਟਕ ਦੇ ਬਸਵਰਾਜ ਅਤੇ ਸ਼ੇਰ ਸਿੰਘ ਵਜੋਂ ਹੋਈ ਹੈ। ਜ਼ਖਮੀ ਔਰਤ ਦੀ ਪਛਾਣ ਰਜਨੀ ਬਾਲਾ (38) ਵਾਸੀ ਅਰਨੀਆ ਵਜੋਂ ਹੋਈ ਹੈ।