ਜਲੇਬੀ ਵਰਗਾ ਕਹਾਣੀਕਾਰ ਸੁਖਜੀਤ
ਡਾ. ਸੁਖਦਰਸ਼ਨ ਸਿੰਘ ਚਹਿਲ*
ਕਤਰੀ ਦਾੜ੍ਹੀ, ਪਿੱਛੇ ਵੱਲ ਵਾਹੇ ਹੋਏ ਲੰਬੇ ਵਾਲ ਤੇ ਭਰਵਾਂ ਜੁੱਸਾ। ਵਿਦਵਤਾ ਵਾਲੀ ਤੇ ਧੜੱਲੇਦਾਰ ਸ਼ਖ਼ਸੀਅਤ। ਚੁਗਾਠਾ ਚੌੜਾ ਤੇ ਲੰਬੇ ਕੱਦ ਕਰਕੇ ਉਸ ਨੂੰ ਕਮੀਜ਼-ਪਜਾਮਾ ਫਬ ਰਿਹਾ ਸੀ। ਜਿਉਂ ਹੀ ਉਸ ਨੇ ਖਚਾਖਚ ਭਰੇ ਹਾਲ ਵਿੱਚ ਪ੍ਰਵੇਸ਼ ਕੀਤਾ ਤਾਂ ਸਭ ਨੂੰ ਸਹਿਜੇ ਹੀ ਪਛਾਣ ਆ ਗਈ ਕਿ ਸਮਾਗਮ ਦਾ ਕੇਂਦਰ ਬਿੰਦੂ ਤੇ ਕਹਾਣੀਕਾਰ ਸੁਖਜੀਤ ਇਹੀ ਹੈ। ਉਸ ਦਾ ਸੁਹਜ, ਸਲੀਕਾ ਤੇ ਪੁਸ਼ਾਕ ਦਰਸਾਉਂਦੇ ਸਨ ਕਿ ਉਹ ਸਵੈ-ਅਨੁਸ਼ਾਸਿਤ ਤੇ ਮੜ੍ਹਕ ਵਾਲਾ ਪੰਜਾਬੀ ਹੈ। ਉਸ ਦਾ ਮੜ੍ਹਕ ਨਾਲ ਤੁਰਨ ਵਾਲਾ ਲਹਿਜ਼ਾ ਤੇ ਤੱਕਣੀ ’ਚ ਪੁਲੀਸ ਅਫਸਰਾਂ ਵਾਲਾ ਰੋਅਬ ਵੀ ਉਸ ਨੂੰ ਹੋਰਨਾਂ ਲੋਕਾਂ ਨਾਲੋਂ ਨਿਖੇੜਦਾ।
ਰੂ-ਬ-ਰੂ ਸਮਾਗਮ ਦੀ ਪ੍ਰੰਪਰਾ ਅਨੁਸਾਰ ਸੁਖਜੀਤ ਦਾ ਸਵਾਗਤ ਕੀਤਾ ਅਤੇ ਉਸ ਨੂੰ ਬੂਟਾ ਪ੍ਰਸ਼ਾਦ ਭੇਟ ਕੀਤਾ ਗਿਆ। ਫਿਰ ਸੁਖਜੀਤ ਨੇ ਆਪਣੇ ਜੀਵਨ ਤੇ ਸਾਹਿਤਕ ਸਫ਼ਰ ਬਾਰੇ ਬੋਲਣਾ ਸ਼ੁਰੂ ਕੀਤਾ ਤਾਂ ਵਿਲੱਖਣ ਕਿਸਮ ਦਾ ਸੰਨਾਟਾ ਛਾ ਗਿਆ, ਹਰ ਕੋਈ ਇਸ ਵਿਲੱਖਣ ਜਾਪਦੀ ਸ਼ਖ਼ਸੀਅਤ ਨੂੰ ਸੁਣਨ ਲਈ ਬੇਤਾਬ ਜਾਪਦਾ ਸੀ। ਉਸ ਨੇ ਆਪਣੇ ਨਿਡਰ ਸੁਭਾਅ ਪਿੱਛੇ ਛੁਪੇ ਰਾਜ਼ ਬਾਰੇ ਦੱਸਦਿਆਂ ਭਾਸ਼ਨ ਦੀ ਸ਼ੁਰੂਆਤ ਕੀਤੀ, ‘‘ਪਾਕਿਸਤਾਨ ਤੋਂ ਆ ਕੇ ਸਾਡੇ ਪਰਿਵਾਰ ਮਾਲਵੇ ’ਚ ਪੈਰ ਜਮਾਉਣ ਲਈ ਯਤਨਸ਼ੀਲ ਸਨ। ਅਸੀਂ ਖੇਤਾਂ ’ਚ ਹੀ ਛੱਪਰ (ਸਰਕੜੇ ਦੀ ਛੱਤ ਵਾਲੀ ਝੁੱਗੀ) ’ਚ ਰਹਿੰਦੇ ਸੀ। ਇੱਕ ਵਾਰ ਸ਼ਾਮ ਨੂੰ ਸਾਡੇ ਚੁੱਲ੍ਹੇ ਚੌਂਕੇ ਵੱਲ ਸੱਪ ਆ ਗਿਆ। ਮੇਰੀ ਮਾਂ ਨੇ ਮੈਨੂੰ ਹਾਕ ਮਾਰ ਕੇ ਕਿਹਾ ਕਿ ਲਿਆ ਵੇ ਸੋਟੀ, ਦੇਖਦਾ ਕੀ ਏਂ? ਮੈਂ ਸੋਟੀ ਲਿਆਇਆ ਤੇ ਸੱਪ ਮਾਰ ਦਿੱਤਾ। ਇਸ ਤਰ੍ਹਾਂ ਦੀਆਂ ਘਟਨਾਵਾਂ ਸਦਕਾ ਬਚਪਨ ਤੋਂ ਹੀ ਮੇਰੇ ਸੁਭਾਅ ਨੂੰ ਦਲੇਰੀ ਦੀ ਪਾਣ ਚੜ੍ਹਨੀ ਸ਼ੁਰੂ ਹੋ ਗਈ। ਇਸੇ ਤਰ੍ਹਾਂ ਇੱਕ ਵਾਰ ਬਹੁਤ ਜ਼ਿਆਦਾ ਹਨੇਰੀ ਆਈ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸਾਡਾ ਛੱਪਰ ਉੱਡ ਗਿਆ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਸੋਚਿਆ ਕਿ ਸਾਡੇ ਛੱਪਰ ’ਚੋਂ ਤਾਰੇ ਕਿਵੇਂ ਦਿਖਾਈ ਦੇਣ ਲੱਗ ਗਏ। ਇਸ ਤਰ੍ਹਾਂ ਝੱਖੜਾਂ-ਝੋਲਿਆਂ ’ਚ ਛੱਪਰ ’ਚ ਜੀਵਨ ਬਸਰ ਕਰਦਿਆਂ ਸ਼ੁਰੂ ਤੋਂ ਹੀ ਹਰ ਮੌਸਮ ਦਾ ਜੂਝਾਰੂ ਬਣ ਕੇ ਟਾਕਰਾ ਕਰਨਾ ਮੇਰੇ ਸੁਭਾਅ ਦਾ ਹਿੱਸਾ ਬਣ ਗਿਆ।’’
ਸਾਹਿਤਕ ਚੇਟਕ ਬਾਰੇ ਸੁਖਜੀਤ ਨੇ ਆਪਣੇ ਬਚਪਨ ਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ ਦੱਸੀਆਂ, ‘‘ਮੇਰੇ ਪਿਤਾ ਜੀ ਧਾਰਮਿਕ ਸਾਹਿਤ ਪੜ੍ਹਨ ਦੇ ਸ਼ੌਕੀਨ ਸਨ। ਉਹ ਗੁਰੂ ਸਾਹਿਬਾਨ ਦੀਆਂ ਸਾਖੀਆਂ ਤੇ ਹੋਰ ਗ੍ਰੰਥ ਬਹੁਤ ਰੀਝ ਨਾਲ ਪੜ੍ਹਦੇ ਸਨ। ਉਹ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਵਾਂਗ ਹੀ ਪੜ੍ਹਨ-ਲਿਖਣ ਨਾਲ ਜੁੜਾਂ। ਇਸੇ ਕਰਕੇ ਉਨ੍ਹਾਂ ਸਕੂਲ ਪੜ੍ਹਨ ਲਾਉਣ ਤੋਂ ਪਹਿਲਾਂ ਹੀ ਧਰਤੀ ’ਤੇ ਸੁਆਹ ਵਿਛਾ ਕੇ, ਮੈਨੂੰ ਗੁਰਮੁਖੀ ਲਿਖਣੀ ਸਿਖਾਉਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਮੈਂ ਪਹਿਲੀ ਜਮਾਤ ’ਚ ਦਾਖਲ ਹੋਣ ਵੇਲੇ ਤੱਕ ਗੁਰਮੁਖੀ ਦੀ ਵਰਣਮਾਲਾ ਲਿਖਣੀ ਤੇ ਪੜ੍ਹਨੀ ਸਿੱਖ ਗਿਆ। ਪਹਿਲੀ ਜਮਾਤ ਤੋਂ ਹੀ ਪਿਤਾ ਜੀ ਦੁਆਰਾ ਪੜ੍ਹੇ ਜਾਣ ਵਾਲੇ ਗ੍ਰੰਥ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗਿਆ। ਜਿਸ ਕਰਕੇ ਮੈਂ ਤੀਸਰੀ ਜਮਾਤ ’ਚ ਹੀ ਮਹਾਂਭਾਰਤ ਦੀ ਕਥਾ ਕਰਨ ਲੱਗਿਆ। ਇਸ ਦੇ ਸਮਾਨਾਂਤਰ ਹੀ ਮੈਂ ਆਪਣੇ ਮਨ ’ਚ ਕਹਾਣੀਆਂ ਬੁਣਨ ਲੱਗਿਆ ਪਰ ਸਮਝ ਨਾ ਆਉਂਦੀ ਕਿ ਇਨ੍ਹਾਂ ਨੂੰ ਲਿਖਾਂ ਕਿਵੇਂ?’’
ਆਪਣੀ ਕਹਾਣੀ ਸਿਰਜਣਾ ਬਾਰੇ ਸੁਖਜੀਤ ਛੋਟੀਆਂ ਪਰ ਰੋਚਕ ਗੱਲਾਂ ਦਾ ਭੰਡਾਰ ਸਮੋਈ ਬੈਠਾ ਸੀ। ਉਸ ਕੋਲ ਆਪਣੀ ਹਰੇਕ ਕਹਾਣੀ ਪਿੱਛੇ ਛੁਪਿਆ ਕਿੱਸਾ ਸੀ। ਉਹ ਬੇਬਾਕੀ ਨਾਲ ਦੱਸਦਾ, ‘‘ਕੋਈ ਸਮਾਂ ਸੀ ਜਦੋਂ ਹਿੰਦੀ ਟੀਵੀ ਜਗਤ ’ਚ ਅੰਤਰਾ ਮਾਲੀ ਨਾਮ ਦੀ ਅਦਾਕਾਰਾ ਦੀ ਤੂਤੀ ਬੋਲਦੀ ਸੀ। ਉਸ ਦਾ ਨਾਮ ਮੈਨੂੰ ਬੜਾ ਪਸੰਦ ਆਇਆ। ਉਸ ਦੇ ਨਾਮ ’ਤੇ ਹੀ ਕਹਾਣੀ ਮੇਰੇ ਅੰਦਰ ਉਸਲਵੱਟੇ ਲੈਣ ਲੱਗੀ ਤੇ ਹੌਲੀ-ਹੌਲੀ ਮੈਂ ਇਹ ਕਹਾਣੀ ਲਿਖ ਦਿੱਤੀ ਅਤੇ ਮੇਰੀ ਕਿਤਾਬ ਦਾ ਟਾਈਟਲ ਵੀ ਬਣ ਗਈ। ਇਸੇ ਤਰ੍ਹਾਂ ਇੱਕ ਵਾਰ ਨਾਮਧਾਰੀ ਦਰਬਾਰ ਭੈਣੀ ਸਾਹਿਬ ਦੇ ਪੈਰੋਕਾਰਾਂ ਦਾ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਇੱਕ ਟੂਰ ਜਾਣਾ ਸੀ। ਇਸ ਟੂਰ ’ਤੇ ਸੰਗਤ ਨੂੰ ਲਿਜਾਣ ਵਾਲੀ ਬੱਸ ਚਲਾਉਣ ਦੀ ਜ਼ਿੰਮੇਵਾਰੀ ਮੇਰੀ ਸੀ। ਟੂਰ ਵਾਲੇ ਦਿਨ ਮੈਨੂੰ ਇੱਕ ਲੜਕੀ ਦੀ ਬਹੁਤ ਸੋਹਣੀ ਤਸਵੀਰ ਮਿਲੀ। ਇਹ ਤਸਵੀਰ ਖਿੱਚਣ ਵਾਲੇ ਫੋਟੋਗ੍ਰਾਫਰ ਦਾ ਕਮਾਲ ਸੀ ਕਿ ਤਸਵੀਰ ਦੇਖ ਕੇ ਜਾਪਦਾ ਸੀ ਜਿਵੇਂ ਲੜਕੀ ਹੱਸੇਗੀ। ਇਹ ਤਸਵੀਰ ਮੈਂ ਡਰਾਈਵਰ ਸੀਟ ਸਾਹਮਣੇ ਲੱਗੇ ਸ਼ੀਸੇ ਦੇ ਇੱਕ ਖੂੰਜੇ ’ਚ ਲਗਾ ਦਿੱਤੀ। ਇਸ ਬੱਸ ’ਚ ਲਗਾਈ ਇਸ ਤਸਵੀਰ ਵੱਲ ਹਰ ਕੋਈ ਬਹੁਤ ਗਹੁ ਨਾਲ ਦੇਖਦਾ ਪਰ ਇਹ ਕਿਸੇ ਨੇ ਨਾ ਕਿਹਾ ਕਿ ਤਸਵੀਰ ਉਤਾਰ ਦੇਵੋ। ਇਸ ਤੋਂ ਮੈਨੂੰ ਅਹਿਸਾਸ ਹੋਇਆ ਕਿ ਹਰ ਕੋਈ ਇਸ ਤਸਵੀਰ ਨੂੰ ਪਸੰਦ ਕਰਦਾ ਹੈ। ਇਹ ਤਸਵੀਰ ਵੀ ਮੇਰੀ ਇੱਕ ਕਹਾਣੀ ਦੀ ਸਿਰਜਣਾ ਦਾ ਆਧਾਰ ਬਣੀ। ਜਿਵੇਂ ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਉਡੀਕ ਕਰਦਾ ਸੀ ਕਿ ਲੜਕੀ ਹੱਸੇਗੀ, ਇਸੇ ਤਰ੍ਹਾਂ ਇਨਸਾਨ ਸਾਰੀ ਉਮਰ ਇਸੇ ਉਡੀਕ ’ਚ ਰਹਿੰਦਾ ਹੈ ਕਿ ਜ਼ਿੰਦਗੀ ਹੱਸੇਗੀ ਪਰ ਹੱਸਦੀ ਨਹੀਂ। ਇਹ ਘਟਨਾ ਮੇਰੀ ਕਹਾਣੀ ‘ਜ਼ਿੰਦਗੀ ਹੱਸੂਗੀ ਪਰ ਨਹੀਂ’ ਦਾ ਆਧਾਰ ਬਣੀ। ਇਸੇ ਤਰ੍ਹਾਂ ਮੈਂ ਇੱਕ ਵਾਰ ਦਿੱਲੀ ਵਿਖੇ ਕਿਸੇ ਐੱਮਪੀ ਦੇ ਘਰ 15-20 ਦਿਨ ਰਿਹਾ। ਵਿਹਲੇ ਸਮੇਂ ’ਚ ਮੰਤਰੀ ਦੇ ਸੁਰੱਖਿਆ ਗਾਰਡਾਂ ਕੋਲ ਬੈਠ ਜਾਂਦਾ। ਮੰਤਰੀ ਦੀ ਕੋਠੀ ਦੇ ਅੱਗੇ ਦੀ ਇੱਕ ਲੜਕੀ ਹਰ ਰੋਜ਼ ਲੰਘਦੀ ਸੀ। ਗਾਰਡ ਦਾ ਦਿਲ ਕਰਦਾ ਸੀ ਕਿ ਉਹ ਉਸ ਲੜਕੀ ਨੂੰ ਕੁਝ ਕਹਿਣ ਤੇ ਅੱਗਿਓਂ ਉਹ ਵੀ ਜੁਆਬ ਦੇਵੇ। ਪਰ ਉਹ ਡਿਊਟੀ ਅਜਿਹੀ ਕਰ ਰਹੇ ਸਨ ਕਿ ਅਜਿਹਾ ਕਰਨਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ ਸੀ। ਕੁਝ ਦਿਨਾਂ ਬਾਅਦ ਉਨ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਲੜਕੀ ਦਾ ਚਾਲ-ਚੱਲਣ ਠੀਕ ਨਹੀਂ ਹੈ। ਮੈਂ ਇੱਕ ਦਿਨ ਸਬੱਬ ਨਾਲ ਹੀ ਨੇੜਲੀ ਮਾਰਕੀਟ ਵਿੱਚ ਕੋਈ ਕੰਮ ਗਿਆ ਤੇ ਉਸ ਲੜਕੀ ਨੂੰ ਕਿਸੇ ਦਫਤਰ ’ਚ ਕੰਮ ਕਰਦੀ ਦੇਖਿਆ। ਉਹ ਬੜੀ ਗੰਭੀਰਤਾ ਨਾਲ ਆਪਣੇ ਕੰਮ ’ਚ ਰੁੱਝੀ ਹੋਈ ਸੀ। ਗਾਰਡਾਂ ਨੇ ਉਸ ਲੜਕੀ ਬਾਰੇ ਫਿਰ ਇਤਰਾਜ਼ਯੋਗ ਸ਼ਬਦ ਵਰਤੇ ਤਾਂ ਮੈਂ ਉਨ੍ਹਾਂ ਨੂੰ ਲੜਕੀ ਦੇ ਨੌਕਰੀਸ਼ੁਦਾ ਹੋਣ ਬਾਰੇ ਚਾਨਣਾ ਪਾਇਆ। ਫਿਰ ਕਿਤੇ ਇਸ ਚੁੰਝ-ਚਰਚਾ ਨੂੰ ਵਿਰਾਮ ਲੱਗਿਆ। ਇਸ ਘਟਨਾ ’ਚੋਂ ਮੇਰੀ ਕਹਾਣੀ ‘ਸਤਾਈ ਮੀਲ’ ਉਸਰੀ।’’ ਸੁਖਜੀਤ ਸੱਤਾ ਦੀਆਂ ਆਪਹੁਦਰੀਆਂ ਤੇ ਸੁਭਾਅ ਬਾਰੇ ਵੀ ਆਪਣੀ ਕਹਾਣੀਆਂ ਰਾਹੀਂ ਸੱਚ ਬੋਲਣ ਤੋਂ ਨਹੀਂ ਝਿਜਕਦਾ ਸੀ। ‘‘ਇਸੇ ਤਰ੍ਹਾਂ ਮੇਰੀ ਕਹਾਣੀ ‘ਮੈਂ ਇਨਜਾਏ ਕਰਦੀ ਹਾਂ’ ਇੱਕ ਅਜਿਹੀ ਲੜਕੀ ਦੇ ਜੀਵਨ ’ਤੇ ਆਧਾਰਿਤ ਹੈ ਜਿਸ ਦਾ ਕਿਸੇ ਆਸ਼ਰਮ/ਡੇਰੇ ’ਚ ਸ਼ੋਸ਼ਣ ਹੁੰਦਾ ਹੈ। ਹੌਲੀ-ਹੌਲੀ ਉਹ ਡੇਰੇ ਦੇ ਮਾਹੌਲ ਨੂੰ ਸਮਝ ਜਾਂਦੀ ਹੈ ਤੇ ਸਮਾਂ ਪਾ ਕੇ ਖ਼ੁਦ ਡੇਰੇ ਦੀ ਸੰਚਾਲਕ ਬਣ ਜਾਂਦੀ ਅਤੇ ਸੱਤਾ ਦਾ ਆਨੰਦ ਮਾਣਦੀ ਹੈ। ਇਸ ਕਹਾਣੀ ਦਾ ਤੱਤਸਾਰ ਇਹ ਵੀ ਹੈ ਕਿ ਸੱਤਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਲੜਦਾ ਰਿਹਾ ਵਿਅਕਤੀ ਵੀ ਕਈ ਵਾਰ ਸੱਤਾ ਹਾਸਲ ਕਰਕੇ ਖ਼ੁਦ ਵੀ ਪਹਿਲਾਂ ਵਾਲਿਆਂ ਵਾਂਗ ਮਨਮਰਜ਼ੀਆਂ ਕਰਦਾ ਹੈ। ਇਸ ਤਰ੍ਹਾਂ ਸੱਤਾ ਦੇ ਸੰਚਾਲਕ ਬਦਲਦੇ ਰਹਿੰਦੇ ਹਨ ਪਰ ਉਸ ਦਾ ਸਰੂਪ ਤੇ ਕਾਰਜਸ਼ੈਲੀ ਨਹੀਂ ਬਦਲਦੇ।’’
ਇੱਛਾਵਾਂ ਤੇ ਸੁਫ਼ਨਿਆਂ ਬਾਰੇ ਸੁਖਜੀਤ ਬਹੁਤ ਸੋਹਣੇ ਤਰੀਕੇ ਨਾਲ ਮਨੋਵਿਗਿਆਨੀਆਂ ਵਾਂਗ ਸਮਝਾਉਂਦਾ ਸੀ, ‘‘ਜੇਕਰ ਬੰਦੇ ਦਾ ਅਚੇਤ ਬਾਹਰ ਕੱਢ ਦੇਈਏ ਤਾਂ ਉਹ ਜਲਦੀ ਹੀ ਖ਼ੁਦਕੁਸ਼ੀ ਕਰ ਲਵੇ। ਅਚੇਤ ਮਨੁੱਖ ਦੀਆਂ ਪੂਰੀਆਂ ਨਾ ਹੋਣ ਵਾਲੀਆਂ ਸੱਧਰਾਂ ਦੇ ਸੁਫ਼ਨੇ ਸਿਰਜਦਾ ਹੈ ਤੇ ਵਿਅਕਤੀ ਅਜਿਹੇ ਸੁਫ਼ਨੇ/ਸੋਚਾਂ ਸਦਕਾ ਹੀ ਚਿੱਤ ਪਰਚਾਅ ਲੈਂਦਾ ਹੈ। ਜਿਸ ਕਾਰਨ ਉਸ ਦੀਆਂ ਇੱਛਾਵਾਂ ’ਤੇ ਵੀ ਕਾਬੂ ਪੈ ਜਾਂਦਾ ਹੈ।’’ ਪਰਵਾਸ ਬਾਰੇ ਸੁਖਜੀਤ ਬੜੀ ਬੇਬਾਕੀ ਨਾਲ ਬੋਲਿਆ, ‘‘ਤੁਰਨਾ ਮਨੁੱਖ ਦੀ ਫਿਤਰਤ ਹੈ। ਹਮੇਸ਼ਾ ਹੀ ਜ਼ਿਆਦਾਤਰ ਮਨੁੱਖ ਬਿਹਤਰ ਜ਼ਿੰਦਗੀ ਦੀ ਉਮੀਦ ਨਾਲ ਜਾਂ ਖਿੱਤੇ ਦੇ ਹਾਲਾਤ ਜਾਂ ਆਪਣੀ ਖੋਜੀ ਬਿਰਤੀ ਕਾਰਨ ਪਰਵਾਸ ਕਰਦੇ ਰਹਿੰਦੇ ਹਨ।’’ ਸਾਹਿਤ ਰਚਨਾ ਸਬੰਧੀ ਉਸ ਨੇ ਦੱਸਿਆ ਕਿ ਉਹ ਬਚਪਨ ’ਚ ਮਾਪਿਆਂ ਵੱਲੋਂ ਕੀਤੀ ਗਈ ਪਰਵਰਿਸ਼ ਸਦਕਾ ਕਦੇ ਕਿਸੇ ਮੁਸ਼ਕਿਲ, ਦੁੱਖ-ਤਕਲੀਫ਼ ਜਾਂ ਚੁਣੌਤੀ ਤੋਂ ਭੱਜਿਆ ਨਹੀਂ ਸਗੋਂ ਉਸ ਨਾਲ ਖਹਿ ਕੇ, ਟੱਕਰ ਲੈ ਕੇ ਅੱਗੇ ਵਧਿਆ। ਇਸ ਕਰਕੇ ਬਹੁਤ ਸਾਰੇ ਰੌਚਕ ਕਿੱਸੇ ਤੇ ਘਟਨਾਵਾਂ ਅਕਸਰ ਹੀ ਉਸ ਨੂੰ ਤੰਗ ਕਰ ਜਾਂਦੀਆਂ ਜੋ ਕਹਾਣੀ ਦਾ ਰੂਪ ਧਾਰ ਲੈਂਦੀਆਂ ਸਨ। ਬਹੁਤ ਸਾਰੇ ਮੁਹਾਵਰੇ ਤੇ ਕਹਾਵਤਾਂ ਪਿੱਛੇ ਛੁਪੇ ਤੱਥ, ਤਜਰਬੇ ਤੇ ਘਟਨਾਵਾਂ ਉਸ ਨੂੰ ਤੰਗ ਕਰਨ ਲੱਗ ਜਾਂਦੇ ਅਤੇ ਇਹ ਬੋਝ ਉਹ ਕਹਾਣੀ ਸਿਰਜ ਕੇ ਉਤਾਰਦਾ। ਇਸ ਧਾਰਨਾ ਬਾਰੇ ਵਿਸਥਾਰ ’ਚ ਜਾਂਦਿਆਂ ਸੁਖਜੀਤ ਨੇ ਇੱਕ ਕਿੱਸਾ ਸੁਣਾਇਆ, ‘‘ਤੂਤ ਵਰਗੀ ਲੱਕੜ ਨਹੀਂ ਜੇ ਟੁੱਟੇ ਨਾ, ਜੱਟ ਵਰਗੀ ਜ਼ੁਬਾਨ ਨਹੀਂ ਜੇ ਮੁੱਕਰੇ ਨਾ। ਇਸ ਅਖੌਤ ਦੀ ਖੋਜ ਲਈ ਮੈਂ ਕਾਫ਼ੀ ਵੱਡੀ ਉਮਰ ਦੇ ਵਿਅਕਤੀ ਨਾਲ ਗੱਲ ਕੀਤੀ। ਫਿਰ ਕਿਤੇ ਜਾ ਕੇ ਇਸ ਦਾ ਸਿਰਾ ਫੜਿਆ ਗਿਆ। ਇੱਕ ਵਾਰ ਇੱਕ ਜੱਟ ਨੇ ਆਪਣੀ ਮੱਝ ਵੇਚ ਦਿੱਤੀ। ਉਸ ਦੇ ਆਂਢੀ-ਗੁਆਂਢੀ ਕਹਿਣਾ ਲੱਗੇ ਕਿ ਮੱਝ ਸਸਤੀ ਵੇਚ ਦਿੱਤੀ। ਜੱਟ ਸੋਚਣ ਲੱਗਿਆ ਕਿ ਹੁਣ ਜ਼ੁਬਾਨ ਹੋ ਗਈ ਤੇ ਮੱਝ ਵੀ ਖਰੀਦਦਾਰ ਲੈ ਗਿਆ। ਅਜਿਹੇ ਹਾਲਾਤ ’ਚ ਮੁੱਕਰਨਾ ਔਖਾ ਹੈ। ਆਖ਼ਰ ਲੋਕਾਂ ਤੋਂ ਤੰਗ ਆ ਕੇ ਉਸ ਨੇ ਮੱਝ ਵਾਪਸ ਲਿਆਉਣ ਦਾ ਫ਼ੈਸਲਾ ਕੀਤਾ ਤੇ ਇੱਕ ਤਰਕੀਬ ਲੜਾਈ। ਉਹ ਮੱਝ ਖਰੀਦਣ ਵਾਲੇ ਕੋਲ ਗਿਆ। ਉਸ ਨੂੰ ਜਾ ਕੇ ਕਹਿੰਦਾ, ‘ਮੇਰਾ ਚਾਰ ਕੁ ਸਾਲਾਂ ਦਾ ਪੁੱਤ ਜਿਸ ਦਿਨ ਦੀ ਮੱਝ ਵੇਚੀ ਏ ਰੋਣੋਂ ਨੀਂ ਹਟ ਰਿਹਾ ਤੇ ਕਹਿ ਰਿਹਾ ਮੱਝ ਲਿਆਓ’। ਮੱਝ ਖਰੀਦਣ ਵਾਲਾ ਜੱਟ ਦੀ ਗੱਲ ਸੁਣ ਕੇ ਪਿਘਲ ਗਿਆ ਤੇ ਉਸ ਨੇ ਜੱਟ ਤੋਂ ਪੈਸੇ ਲੈ ਲਏ ਤੇ ਮੱਝ ਵਾਪਸ ਕਰ ਦਿੱਤੀ।’’
ਸੁਖਜੀਤ ਜਿੰਨੀਆਂ ਸਾਹਿਤਕ ਗੱਲਾਂ ਖੁੱਲ੍ਹ ਕੇ ਕਰਦਾ, ਓਨੀਆਂ ਉਹ ਆਪਣੇ ਨਿੱਜੀ ਜੀਵਨ ਦੇ ਪੋਤੜੇ ਵੀ ਬੇਬਾਕੀ ਨਾਲ ਫਰੋਲਦਾ ਸੀ, ‘‘ਜਦੋਂ ਮੇਰੀ ਮਾਂ ਮੈਨੂੰ ਕੁੱਟਦੀ ਜਾਂ ਹੋਰਨਾਂ ਦੋਸਤਾਂ ਦੀਆਂ ਮਾਵਾਂ ਉਨ੍ਹਾਂ ਨੂੰ ਕੁੱਟਦੀਆਂ ਤਾਂ ਮੈਂ ਸੋਚਦਾ ਕਿ ਮਾਵਾਂ ਅਜਿਹੀਆਂ ਹੁੰਦੀਆਂ ਨੇ, ਗੀਤਾਂ ਤੇ ਕਿੱਸਿਆਂ ’ਚ ਤਾਂ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਮੈਂ ਸਰਪੰਚ ਹੁੰਦਾ ਸੀ ਤਾਂ ਕਈ ਵਾਰ ਪਿੰਡ ਦੀਆਂ ਔਰਤਾਂ ਆਪਣੇ ਪੁੱਤਰਾਂ ਦੀਆਂ ਸ਼ਿਕਾਇਤਾਂ ਲੈ ਕੇ ਆਉਂਦੀਆਂ ਤੇ ਕਹਿੰਦੀਆਂ, ‘ਮੇਰੇ ਪੁੱਤ ਦੀਆਂ ਲੱਤਾਂ ਤੋੜ ਦੇ ਸਰਪੰਚਾ’। ਇਸ ਤਰ੍ਹਾਂ ਮੈਂ ਅਕਸਰ ਹੀ ਸੋਚਦਾ ਰਹਿੰਦਾ ਕਿ ਅਜਿਹਾ ਹੁੰਦੈ ਮਾਂ ਦਾ ਪਿਆਰ!’’
ਸੁਖਜੀਤ ਆਪਣੀ ਪੇਂਡੂ ਪੁੱਠ ਵਾਲੀ ਭਾਸ਼ਾ ’ਚ ਜੀਵਨ ਦੇ ਤਜਰਬੇ ਸੁਣਾ ਕੇ ਸਰੋਤਿਆਂ ਨੂੰ ਕੀਲ ਲੈਂਦਾ ਸੀ। ਉਸ ਦੀ ਹਰੇਕ ਗੱਲ ’ਚ ਕੋਈ ਨਾ ਕੋਈ ਕਹਾਣੀ ਛੁਪੀ ਹੁੰਦੀ। ਇਸ ਗੁੰਝਲ ਕਰਕੇ ਹੀ ਕਈ ਵਾਰ ਉਸ ਦਾ ਸੁਭਾਅ ਜਲੇਬੀ ਵਰਗਾ ਜਾਪਦਾ ਸੀ। ਉਸ ਦਾ ਗੱਲਬਾਤ ਕਰਨ ਦਾ ਅੰਦਾਜ਼ ਇਸ ਤਰ੍ਹਾਂ ਕਿ ਉਸ ਦੀਆਂ ਗੱਲਾਂ ’ਚੋਂ ਜਲੇਬੀ ਵਾਂਗ ਰਸ ਚੋਂਦਾ ਸੀ। ਇਸੇ ਲਈ ਉਹ ਮਿਲਣ ਵਾਲਿਆਂ ਦੇ ਦਿਲ ’ਚ ਵਸ ਜਾਂਦਾ ਕਿਉਂਕਿ ਉਸ ਦਾ ਸਾਫ਼ਗੋਈ ਵਾਲਾ ਸੁਭਾਅ ਸਭ ਨੂੰ ਪ੍ਰਭਾਵਿਤ ਕਰਦਾ ਸੀ। ਬੇਵਕਤੀ ਮੌਤ ਦੀ ਆਗੋਸ਼ ’ਚ ਚਲੇ ਗਏ ਸੁਖਜੀਤ ਦੀਆਂ ਕਹਾਣੀਆਂ ਤੇ ਕਵਿਤਾਵਾਂ ਵਰਗੀਆਂ ਗੱਲਾਂ ਸਦਾ ਯਾਦ ਰਹਿਣਗੀਆਂ।
* ਖੋਜ ਅਫ਼ਸਰ, ਭਾਸ਼ਾ ਵਿਭਾਗ ਪੰਜਾਬ।
ਸੰਪਰਕ: 97795-90575