ਜਲੰਧਰ ਨੂੰ ਭਲਕੇ ਮਿਲੇਗਾ ਸੱਤਵਾਂ ਮੇਅਰ
ਹਤਿੰਦਰ ਮਹਿਤਾ
ਜਲੰਧਰ, 9 ਜਨਵਰੀ
ਕਰੀਬ ਦੋ ਸਾਲਾਂ ਬਾਅਦ ਸ਼ਹਿਰ ਨੂੰ ਨਵਾਂ ਮੇਅਰ ਮਿਲਣ ਜਾ ਰਿਹਾ ਹੈ। ਨਿਗਮ ਹਾਊਸ ਦੀ ਮੀਟਿੰਗ 11 ਜਨਵਰੀ ਨੂੰ ਤੈਅ ਕੀਤੀ ਗਈ ਹੈ। ਬਾਅਦ ਦੁਪਹਿਰ ਰੈੱਡ ਕਰਾਸ ਭਵਨ ਵਿੱਚ ਹਾਊਸ ਮੀਟਿੰਗ ਸੱਦੀ ਗਈ ਹੈ। ਡਿਵੀਜ਼ਨਲ ਕਮਿਸ਼ਨਰ ਡੀਐੱਸ ਮਾਂਗਟ ਸਾਰੇ 85 ਕੌਂਸਲਰਾਂ ਨੂੰ ਮਿਉਂਸਿਪਲ ਐਕਟ ਤਹਿਤ ਸੰਵਿਧਾਨ ਦੀ ਸਹੁੰ ਚੁਕਾਉਣਗੇ। ਸਹੁੰ ਚੁੱਕਣ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣ ਹੋਵੇਗੀ। ਇਸ ਸਮੇਂ ਬਹੁਮਤ ਆਮ ਆਦਮੀ ਪਾਰਟੀ ਕੋਲ ਹੈ, ਅਜਿਹੇ ’ਚ ‘ਆਪ’ ਪਹਿਲੀ ਵਾਰ ਆਪਣਾ ਹਾਊਸ ਬਣਾਉਣ ਜਾ ਰਹੀ ਹੈ। ‘ਆਪ’ ਦਾ ਇਕ ਕੌਂਸਲਰ ਮੇਅਰ ਦੇ ਅਹੁਦੇ ਲਈ ਆਪਣੇ ਕਿਸੇ ਸਹਿਯੋਗੀ ਦਾ ਨਾਂ ਪੇਸ਼ ਕਰੇਗਾ। ਪਾਰਟੀ ਦੇ ਦੂਜੇ ਕੌਂਸਲਰ ਇਸ ਨੂੰ ਮਨਜ਼ੂਰੀ ਦੇਣਗੇ ਤੇ ਇਸ ਦੇ ਨਾਲ ਹੀ ਜੇ ‘ਆਪ’ ਦੇ ਸਾਰੇ ਕੌਂਸਲਰ ਹੱਥ ਖੜ੍ਹੇ ਕਰ ਕੇ ਇਸ ਦਾ ਸਮਰਥਨ ਕਰਦੇ ਹਨ ਤਾਂ ਮੇਅਰ ਦੀ ਚੋਣ ਪੂਰੀ ਹੋ ਜਾਵੇਗੀ। ਇਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਇਸੇ ਪ੍ਰਕਿਰਿਆ ਤਹਿਤ ਮੁਕੰਮਲ ਹੋਵੇਗੀ। ਇਸ ਪੂਰੀ ਪ੍ਰਕਿਰਿਆ ਦੌਰਾਨ ਵਿਰੋਧੀ ਪਾਰਟੀਆਂ ਕਾਂਗਰਸ ਤੇ ਭਾਜਪਾ ’ਤੇ ਵੀ ਨਜ਼ਰ ਰੱਖੀ ਜਾਵੇਗੀ। ਮੇਅਰ ਦੀ ਚੋਣ ’ਚ ਵੋਟਿੰਗ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਵਿਰੋਧੀ ਪਾਰਟੀਆਂ ਵੱਲੋਂ ਮੇਅਰ ਜਾਂ ਹੋਰ ਅਹੁਦਿਆਂ ਲਈ ਆਪਣਾ ਉਮੀਦਵਾਰ ਖੜ੍ਹਾ ਕਰਨ ਦੀ ਉਮੀਦ ਘੱਟ ਹੈ। ਬਸ਼ਰਤੇ ਆਮ ਆਦਮੀ ਪਾਰਟੀ ’ਚ ਕੋਈ ਬਗਾਵਤ ਨਾ ਹੋਵੇ। ਨਿਗਮ ਹਾਊਸ ’ਚ 85 ਕੌਂਸਲਰ ਹਨ ਤੇ ਬਹੁਮਤ ਲਈ ਆਮ ਆਦਮੀ ਪਾਰਟੀ ਨੂੰ 43 ਕੌਂਸਲਰਾਂ ਦੀ ਲੋੜ ਹੈ ਜਦੋਂ ਕਿ ਨਿਗਮ ਚੋਣਾਂ 21 ਦਸੰਬਰ ਨੂੰ ਮੁਕੰਮਲ ਹੋ ਗਈਆਂ ਸਨ ਪਰ ਮੇਅਰ ਦੇ ਅਹੁਦੇ ਲਈ ਚੱਲ ਰਹੀ ਦਾਅਵੇਦਾਰੀ ਨੂੰ 19 ਦਿਨ ਬੀਤ ਗਏ। ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਨਗਰ ਨਿਗਮ ਨੇ ਸਹੁੰ ਚੁੱਕ ਸਮਾਗਮ ਤੇ ਮੇਅਰ ਦੇ ਅਹੁਦੇ ਲਈ ਚੋਣ ਦਾ ਏਜੰਡਾ ਜਾਰੀ ਕਰ ਦਿੱਤਾ ਹੈ। ਨਿਗਮ ਦਾ ਪਿਛਲਾ ਹਾਊਸ 24 ਜਨਵਰੀ 2023 ਨੂੰ ਖਤਮ ਹੋ ਗਿਆ ਸੀ। ਉਸ ਤੋਂ ਬਾਅਦ ਦੋ ਸਾਲ ਤੱਕ ਨਿਗਮ ਦੀ ਸਮੁੱਚੀ ਕਮਾਂਡ ਅਫਸਰਾਂ ਦੇ ਹੱਥ ਰਹੀ ਹੈ।
ਭਾਜਪਾ ਕੌਂਸਲਰ ਸੱਤਿਆ ਦੇਵੀ ‘ਆਪ’ ਵਿੱਚ ਸ਼ਾਮਲ
ਆਮ ਆਦਮੀ ਪਾਰਟੀ ਨੇ ਭਾਜਪਾ ਕੌਂਸਲਰ ਸੱਤਿਆ ਦੇਵੀ ਤੇ ਉਨ੍ਹਾਂ ਦੇ ਪਤੀ ਭਾਜਪਾ ਆਗੂ ਕ੍ਰਿਪਾਲ ਪਾਲੀ ਨੂੰ ਪਾਰਟੀ ’ਚ ਸ਼ਾਮਲ ਕਰ ਲਿਆ। ਨਿਗਮ ਹਾਊਸ ਦੇ ਗਠਨ ਤੋਂ ਪਹਿਲਾਂ ‘ਆਪ’ ਵੱਲੋਂ ਕੁਝ ਹੋਰ ਕੌਂਸਲਰਾਂ ਨੂੰ ਵੀ ਪਾਰਟੀ ’ਚ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ, ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸੱਤਿਆ ਦੇਵੀ ਨੂੰ ਪਾਰਟੀ ’ਚ ਸ਼ਾਮਲ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ’ਚ ਪੂਰਾ ਹੁੰਗਾਰਾ ਮਿਲੇਗਾ। ਇਸ ਮੌਕੇ ਅਤੁਲ ਭਗਤ, ਨਵੇਂ ਚੁਣੇ ਗਏ ਕੌਂਸਲਰ ਵਨੀਤ ਧੀਰ ਤੇ ਨੌਜਵਾਨ ਆਗੂ ਕਾਕੂ ਆਹਲੂਵਾਲੀਆ ਵੀ ਹਾਜ਼ਰ ਸਨ।