ਜਲੰਧਰ ਪੱਛਮੀ ਨੂੰ ਹੁਣ ਇਮਾਨਦਾਰ ਵਿਧਾਇਕ ਮਿਲੇਗਾ: ਭਗਵੰਤ ਮਾਨ
ਹਤਿੰਦਰ ਮਹਿਤਾ
ਜਲੰਧਰ, 8 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖ਼ਰੀ ਦਿਨ ‘ਆਪ’ ਉਮੀਦਵਾਰ ਮਹਿੰਦਰ ਭਗਤ ਲਈ ਪ੍ਰਚਾਰ ਕੀਤਾ। ਉਨ੍ਹਾਂ ਵਾਰਡ ਨੰਬਰ 75 ਅਤੇ 36 ਵਿੱਚ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ‘ਆਪ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਸਭ ਕੁਝ ਲੋਕਾਂ ਦੇ ਭਲੇ ਲਈ ਹੀ ਕਰਦਾ ਹੈ, ਇਸੇ ਲਈ ਇਕ ਭ੍ਰਿਸ਼ਟ ਵਿਅਕਤੀ ਨੇ ਖ਼ੁਦ ਹੀ ਅਸਤੀਫ਼ਾ ਦੇ ਦਿੱਤਾ ਅਤੇ ਹੁਣ ਜਲੰਧਰ ਨੂੰ ਇਕ ਇਮਾਨਦਾਰ ਵਿਧਾਇਕ ਮਿਲੇਗਾ।
ਇਸ ਦੌਰਾਨ ਉਨ੍ਹਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਅਤੇ ਸੁਖਬੀਰ ਬਾਦਲ ਵਰਗੇ ਆਗੂ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਉਨ੍ਹਾਂ ਆਖਿਆ ਕਿ ਵਿਰੋਧੀ ਪਾਰਟੀਆਂ ਦੇ ਆਗੂ ਤਾਪਮਾਨ ਪੁੱਛ ਕੇ ਘਰਾਂ ਤੋਂ ਬਾਹਰ ਨਿਕਲਦੇ ਹਨ ਅਤੇ ਰਸਮੀ ਕਾਰਵਾਈ ਕਰਨ ਮਗਰੋਂ ਆਪਣੇ ਘਰਾਂ ਵਿੱਚ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਆਮ ਪਰਿਵਾਰਾਂ ਵਿੱਚੋਂ ਹਨ ਅਤੇ ਉਹ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਲਈ ਕੰਮ ਕਰਦੇ ਹਨ। ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਹਰ ਵਰਗ ਦੀ ਸਰਕਾਰ ਹੈ। ਹਰ ਰੋਜ਼ ਉਹ ਵੱਖ-ਵੱਖ ਪਿਛੋਕੜ ਦੇ ਹਜ਼ਾਰਾਂ ਲੋਕਾਂ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਉਨ੍ਹਾਂ ਦੀ ‘ਕਰਮਭੂਮੀ’ ਹੈ, ਉਹ ਇਸ ਦੇ ਵਿਕਾਸ ਨਾਲ ਜੁੜੀ ਕਿਸੇ ਵੀ ਫਾਈਲ ’ਤੇ ਦਸਤਖ਼ਤ ਕਰਕੇ ਉਸ ਨੂੰ ਪਾਸ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਹਾਲਤ ਐਨੀ ਮਾੜੀ ਹੋ ਗਈ ਹੈ ਕਿ ਸੁਖਬੀਰ ਬਾਦਲ ਆਪਣੇ ਉਮੀਦਵਾਰ ਤੋਂ ਸਮਰਥਨ ਵਾਪਸ ਲੈ ਕੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਨੂੰ ਵੋਟਾਂ ਪਾਉਣ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਤੁਸੀਂ ਮਹਿੰਦਰ ਭਗਤ ਨੂੰ ਜਿਤਾਉਂਦੇ ਹੋ ਅਤੇ ਵਿਧਾਨ ਸਭਾ ਦੀ ਪੌੜੀ ਚੜ੍ਹਾਉਂਦੇ ਹੋ ਤਾਂ ਉਹ ਉਨ੍ਹਾਂ ਨੂੰ ਅਗਲੀ ਪੌੜੀ ਚੜ੍ਹਾਉਣਗੇ। ਮਾਨ, ਭਗਤ ਨੂੰ ਮੰਤਰੀ ਬਣਾਉਣ ਦਾ ਇਸ਼ਾਰਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਬਾਕੀ ਪਾਰਟੀਆਂ ਤੁਹਾਡੀਆਂ ਵੋਟਾਂ ਲੈਣ ਲਈ ਪੈਸੇ ਵੰਡਣਗੀਆਂ, ‘ਲਕਸ਼ਮੀ’ ਨੂੰ ਨਾਂਹ ਨਾ ਕਰਿਓ, ਕਿਉਂਕਿ ਇਹ ਤੁਹਾਡਾ ਪੈਸਾ ਹੈ, ਜੋ ਉਨ੍ਹਾਂ ਨੇ ਤੁਹਾਡੇ ਤੋਂ ਲੁੱਟਿਆ ਹੈ, ਪਰ ਵੋਟ ਕਿਸੇ ਇਮਾਨਦਾਰ ਨੇਤਾ ਨੂੰ ਦਿਓ।
ਚੋਣ ਪ੍ਰਚਾਰ ਦੇ ਆਖਰੀ ਦਿਨ ਬਸਪਾ ਵੱਲੋਂ ਪੈਦਲ ਮਾਰਚ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਆਖਰੀ ਦਿਨ ਅੱਜ ਬਸਪਾ ਵਰਕਰਾਂ ਤੇ ਆਗੂਆਂ ਨੇ ਪੈਦਲ ਮਾਰਚ ਕੀਤਾ। ਇਹ ਮਾਰਚ ਬੂਟਾ ਮੰਡੀ ਦੀ ਅੰਬੇਡਕਰ ਪਾਰਕ ਤੋਂ ਸ਼ੁਰੂ ਹੋ ਕੇ ਗੁਰੂ ਰਵਿਦਾਸ ਚੌਕ ਹੁੰਦਾ ਹੋਇਆ ਬਾਬੂ ਜਗਜੀਵਨ ਰਾਮ ਚੌਕ ਪਹੁੰਚ ਕੇ ਸਮਾਪਤ ਹੋਇਆ। ਬਸਪਾ ਵੱਲੋਂ ਪਾਰਟੀ ਉਮੀਦਵਾਰ ਬਿੰਦਰ ਲਾਖਾ ਦੇ ਹੱਕ ਵਿੱਚ ਕੀਤੇ ਗਏ ਇਸ ਮਾਰਚ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਿਤੇ ਨਜ਼ਰ ਨਹੀਂ ਆਏ। ਜ਼ਿਕਰਯੋਗ ਹੈ ਕਿ ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਸ ਦੌਰਾਨ ਬਸਪਾ ਕਾਰਕੁਨਾਂ ਨੇ ਤਾਮਿਲਨਾਡੂ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਦੇ ਦਿਨ ਦਿਹਾੜੇ ਕਤਲ ਖ਼ਿਲਾਫ਼ ਰੋਸ ਪ੍ਰਗਟਾਉਂਦਿਆ ਤਾਮਿਲਨਾਡੂ ਸਰਕਾਰ ਦਾ ਪੁਤਲਾ ਵੀ ਫੂਕਿਆ।