ਜਲੰਧਰ: ਨਿਗਮ ਦਫ਼ਤਰ ਨੂੰ ਤਾਲਾ ਲਾਉਣ ਪੁੱਜੇ ਕਾਂਗਰਸੀ ਵਰਕਰ
ਹਤਿੰਦਰ ਮਹਿਤਾ
ਜਲੰਧਰ, 13 ਸਤੰਬਰ
ਸ਼ਹਿਰ ਵਿੱਚ ਸੀਵਰੇਜ ਦੀ ਮਾੜੀ ਹਾਲਤ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਅੱਜ ਜਲੰਧਰ ਦੇ ਕੰਪਨੀ ਬਾਗ ਚੌਕ ਵਿੱਚ ’ਆਪ’ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਦੋਂ ਕਾਂਗਰਸੀ ਆਗੂ ਨਗਰ ਨਿਗਮ ਦਫ਼ਤਰ ਦੇ ਅੰਦਰ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਕਾਂਗਰਸੀ ਆਗੂ ਤਾਲੇ ਲੈ ਕੇ ਨਗਰ ਨਿਗਮ ਦਫ਼ਤਰ ਵਿੱਚ ਉਕਤ ਤਾਲੇ ਲਗਾਉਣ ਲਈ ਪੁੱਜੇ ਹੋਏ ਸਨ। ਇਸ ਦੌਰਾਨ ‘ਆਪ’ ਸਰਕਾਰ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਹ ਪ੍ਰਦਰਸ਼ਨ ਪੂਰੇ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਸੀਵਰੇਜ ਦਾ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਕੀਤਾ ਜਾ ਗਿਆ ਹੈ। ਧਰਨੇ ਵਿੱਚ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ, ਉੱਤਰੀ ਮੰਡਲ ਦੇ ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਅਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਸਮੇਤ ਕਈ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਕਾਂਗਰਸੀ ਆਗੂਆਂ ‘ਆਮ ਆਦਮੀ ਪਾਰਟੀ ਮੁਰਦਾਬਾਦ’ ਦੀਆਂ ਤਖ਼ਤੀਆਂ ਲੈ ਕੇ ਚੌਕ ਵਿੱਚ ਪ੍ਰਦਰਸ਼ਨ ਕੀਤਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਇਲਾਕੇ ਗੰਦੇ ਪਾਣੀ ਨਾਲ ਭਰੇ ਪਏ ਹਨ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਲੋਕ ਸੀਵਰੇਜ ਦੀ ਲੀਕੇਜ ਤੋਂ ਪ੍ਰੇਸ਼ਾਨ ਹਨ ਜਿਸ ਕਾਰਨ ਹਰ ਰੋਜ਼ ਕਿਸੇ ਨਾ ਕਿਸੇ ਮੁਹੱਲੇ ਵਿੱਚ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਰਾਮ ਨਗਰ, ਗਲੀ ਗੁੱਲਾ, ਗਾਂਧੀ ਕੈਂਪ, ਬਸਤੀ ਖੇਤਰ ਅਤੇ ਦੋਆਬਾ ਚੌਕ ਦੇ ਆਸ-ਪਾਸ ਦੇ ਲੋਕ ਇਸ ਗੱਲ ਤੋਂ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹਨ। ਇਹ ਇਲਾਕੇ ਬਰਸਾਤ ਤੋਂ ਬਿਨਾਂ ਸੀਵਰੇਜ ਦੇ ਪਾਣੀ ਨਾਲ ਭਰ ਜਾਂਦੇ ਹਨ।
ਪ੍ਰਸ਼ਾਸਨ ਵੱਲੋਂ ਸ਼ਾਂਤਮਈ ਰੋਸ ਵਿਖਾਵੇ ਲਈ 9 ਥਾਵਾਂ ਨਿਰਧਾਰਿਤ
ਜਲੰਧਰ (ਪੱਤਰ ਪ੍ਰੇਰਕ): ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖ-ਵੱਖ ਸੰਗਠਨਾਂ ਵੱਲੋਂ ਕੀਤੇ ਜਾਣ ਵਾਲੇ ਸ਼ਾਂਤਮਈ ਪ੍ਰਦਰਸ਼ਨਾਂ ਲਈ ਜ਼ਿਲ੍ਹੇ ਵਿੱਚ 9 ਥਾਵਾਂ ਨਿਰਧਾਰਿਤ ਕੀਤੀਆਂ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੇਜਰ ਡਾ. ਅਮਿਤ ਮਹਾਜਨ ਨੇ ਦੱਸਿਆ ਕਿ ਸ਼ਾਂਤਮਈ ਪ੍ਰਦਰਸ਼ਨਾਂ ਲਈ ਜਿਹੜੀਆਂ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਪੁੱਡਾ ਗਰਾਊਂਡ ਤਹਿਸੀਲ ਕੰਪਲੈਕਸ ਜਲੰਧਰ ਦੇ ਸਾਹਮਣੇ, ਦੇਸ਼ ਭਗਤ ਯਾਦਗਾਰ ਹਾਲ, ਬਰਲਟਨ ਪਾਰਕ, ਦੁਸਹਿਰਾ ਗਰਾਊਂਡ ਜਲੰਧਰ ਕੈਂਟ, ਇੰਪਰੂਵਮੈਂਟ ਟਰੱਸਟ ਗਰਾਊਂਡ ਕਰਤਾਰਪੁਰ, ਦਾਣਾ ਮੰਡੀ ਭੋਗਪੁਰ, ਕਪੂਰਥਲਾ ਰੋਡ, ਨਕੋਦਰ ਦੇ ਪੱਛਮੀ ਪਾਸੇ, ਦਾਣਾ ਮੰਡੀ ਪਿੰਡ ਸੈਫ਼ਾਵਾਲਾ (ਫਿਲੌਰ) ਅਤੇ ਨਗਰ ਪੰਚਾਇਤ ਕੰਪਲੈਕਸ ਸ਼ਾਹਕੋਟ ਸ਼ਾਮਲ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਤੋਂ ਪਹਿਲਾਂ ਪੁਲੀਸ ਕਮਿਸ਼ਨਰ ਜਾਂ ਉਪ ਮੰਡਲ ਮੈਜਿਸਟਰੇਟ (ਜੋ ਵੀ ਲਾਗੂ ਹੋਵੇ) ਪਾਸੋਂ ਅਗਾਊਂ ਪ੍ਰਵਾਨਗੀ ਲੈਣੀ ਹੋਵੇਗੀ। ਇਸੇ ਤਰ੍ਹਾਂ ਪ੍ਰਦਰਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਹੁਕਮ 13 ਸਤੰਬਰ ਨੂੰ ਜਾਰੀ ਹੋਣ ਦੀ ਮਿਤੀ ਤੋਂ ਅਗਲੇ ਦੋ ਮਹੀਨੇ ਤੱਕ ਲਾਗੂ ਰਹਿਣਗੇ।