ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੈਤੋ ਦੀ ਲੋਹਾ ਸਨਅਤ ਨੂੰ ਖਾ ਗਈ ‘ਸਿਆਸੀ ਸਿਉਂਕ’

08:56 AM Nov 20, 2023 IST
ਜੈਤੋ ਵਿਚ ਬੰਦ ਲੋਹਾ ਮਿੱਲ ਵਿੱਚ ਜਾਮ ਪਈ ਮਸ਼ੀਨਰੀ ਦੀ ਝਲਕ।

ਸ਼ਗਨ ਕਟਾਰੀਆ
ਜੈਤੋ, 19 ਨਵੰਬਰ
ਕਿਸੇ ਸਮੇਂ ‘ਲੋਹਾ ਨਗਰੀ’ ਨਾਲ ਮਸ਼ਹੂਰ ਜੈਤੋ ਦੀ ਲੋਹਾ ਸਨਅਤ ਨੂੰ ਸਿਆਸੀ ਰੱਸਾਕਸ਼ੀ ਲੈ ਬੈਠੀ ਹੈ। 90ਵਿਆਂ ਦੇ ਦਹਾਕੇ ’ਚ ਪੈਰੋਂ ਉੱਖੜੀ ਲੋਹਾ ਸਨਅਤ ਦਾ ਵੱਡਾ ਹਿੱਸਾ ਸਾਲ 1991 ਦੇ ਆਸਪਾਸ ਖਤਮ ਹੋ ਗਿਆ ਜਦਕਿ ਬਾਕੀ ਦੇ ਉਦਯੋਗ ਦਾ 2014 ਤੱਕ ਅੱਪੜਦਿਆਂ ਭੋਗ ਪੈ ਗਿਆ। ਸਿੱਟੇ ਵਜੋਂ ਇਸ ਵਪਾਰ ਨਾਲ ਜੁੜੇ ਲੱਖਾਂ ਲੋਕਾਂ ’ਚੋਂ ਕੁਝ ਪੱਕੇ ਤੌਰ ’ਤੇ ਬੇਰੁਜ਼ਗਾਰ ਹੋ ਗਏ ਅਤੇ ਕਈਆਂ ਨੇ ਰੋਜ਼ੀ-ਰੋਟੀ ਦਾ ਬਦਲਵਾਂ ਪ੍ਰਬੰਧ ਕਰ ਲਿਆ।
ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਕਿਸੇ ਸਮੇਂ 14 ਸਟੀਲ ਰੋਲਿੰਗ ਮਿੱਲਾਂ ਸਨ। ਲੋਹਾ ਸਨਅਤ ਦੇ ਖੇਤਰ ਵਿੱਚ ਗੋਬਿੰਦਗੜ੍ਹ ਤੋਂ ਬਾਅਦ ਜੈਤੋ ਦਾ ਪੰਜਾਬ ’ਚ ਦੂਜਾ ਨੰਬਰ ਸੀ। ਲੋਹੇ ਦੇ ਕਾਰਖਾਨਿਆਂ ’ਚ ਹਜ਼ਾਰਾਂ ਮਜ਼ਦੂਰਾਂ ਦਾ ਸਿੱਧੇ ਰੂਪ ’ਚ ਅਤੇ ਅਣਗਿਣਤ ਲੋਕਾਂ ਦਾ ਅਸਿੱਧੇ ਤੌਰ ’ਤੇ ਰੁਜ਼ਗਾਰ ਜੁੜਿਆ ਹੋਇਆ ਸੀ। ਲੋਕ ਦੱਸਦੇ ਹਨ ਕਿ ਕਲਕੱਤਾ, ਦੁਰਗਾ, ਭਲਾਈ ਆਦਿ ਥਾਵਾਂ ਤੋਂ ਇਥੇ ਕੱਚਾ ਲੋਹਾ ਆਉਂਦਾ ਸੀ ਅਤੇ ਇੱਥੇ ਤਿਆਰ ਹੋ ਕੇ ਮਾਰਕੀਟ ਵਿੱਚ ਵਿਕਰੀ ਲਈ ਜਾਂਦਾ ਸੀ। ਜੈਤੋ ਤੋਂ ਤਿਆਰ ਲੋਹਾ ਸਮੱਗਰੀ ਦੀ ਦੂਰ-ਦੂਰ ਤੱਕ ਧਾਂਕ ਸੀ ਅਤੇ ਵੱਡੀ ਪੱਧਰ ’ਤੇ ਇਹ ਬਾਹਰਲੇ ਰਾਜਾਂ ’ਚ ਜਾਂਦਾ ਸੀ।
ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਕਣ ਲਈ ਜੈਤੋ ਤੋਂ ਕਰਾਚੀ ਸ਼ਹਿਰ ਮਾਲ ਜਾਂਦਾ ਸੀ। ਵਪਾਰ ਨੇ ਮੋੜਾ ਉਦੋਂ ਕੱਟਿਆ ਜਦੋਂ ਰੇਲਵੇ ਯਾਰਡ ਦੀ ਅਣਹੋਂਦ ਕਾਰਨ ਬਾਅਦ ’ਚ ਕਾਰਖਾਨੇਦਾਰ ਕੱਚਾ ਲੋਹਾ ਅਤੇ ਕਾਰਖਾਨਿਆਂ ਵਿੱਚ ਵਰਤਿਆਂ ਜਾਂਦਾ ਕੋਲਾ ਟਰੱਕਾਂ ਰਾਹੀਂ ਲਿਆਉਣ ਲੱਗੇ ਅਤੇ ਤਿਆਰ ਹੋਣ ਬਾਅਦ ਵੀ ਢੁਆਈ ਟਰੱਕਾਂ ਰਾਹੀਂ ਹੋਣ ਲੱਗੀ।
ਵਪਾਰ ਨਾਲ ਜੁੜੇ ਸਨਅਤਕਾਰਾਂ ਨੇ ਦੱਸਿਆ ਕਿ ਟਰੱਕ ਯੂਨੀਅਨ ਜੈਤੋ ਦਾ ਢੋਆ-ਢੁਆਈ ’ਤੇ ਏਕਾਧਿਕਾਰ ਹੋਣ ਕਰਕੇ ਆਵਾਜਾਈ ਦਾ ਇਹ ਰੁਝਾਨ ਇੰਨਾ ਮਹਿੰਗਾ ਸਾਬਤ ਹੋਇਆ ਕਿ ਜੈਤੋ ਦੀ ਲੋਹਾ ਸਨਅਤ ਹੌਲੀ-ਹੌਲੀ ਮੰਡੀ ਮੁਕਾਬਲੇ ’ਚੋਂ ਬਾਹਰ ਹੁੰਦੀ ਗਈ।
ਇਸ ਦੌਰਾਨ ਮਹਿੰਗੀ ਟਰਾਂਸਪੋਰਟ ਕਾਰਨ ਡੁੱਬ ਰਹੀ ਸਨਅਤ ਨੂੰ ਤਿਨਕੇ ਦਾ ਸਹਾਰਾ ਦੁਆਉਣ ਲਈ ਉਦਯੋਗਪਤੀ ਇਲਾਕੇ ਦੇ ਸਿਆਸੀ ਆਗੂਆਂ ਨੂੰ ਮਿਲੇ। ਦੱਸਣ ਅਨੁਸਾਰ ਇਕ ਕੇਂਦਰੀ ਵਜ਼ੀਰ ਨੇ ਕੱਚੇ ਲੋਹੇ ਅਤੇ ਕੋਲੇ ਨੂੰ ਡੰਪ ਕਰਨ ਲਈ ਜੈਤੋ ਵਿਖੇ ਰੇਲਵੇ ਯਾਰਡ ਬਣਾਉਣ ਲਈ ਹਾਮੀ ਭਰ ਦਿੱਤੀ ਸੀ ਪਰ ਆਪਸ ’ਚ ਇਕ-ਦੂਜੇ ਨੂੰ ਠਿੱਬੀ ਲਾਉਣ ਖ਼ਾਤਰ ‘ਲੀਡਰਾਂ ਦੀ ਮੰਡੀ’ ਦੇ ਆਗੂਆਂ ਨੇ ਇਸ ਤਜਵੀਜ਼ ਨੂੰ ਠੰਢੇ ਬਸਤੇ ਪੁਆ ਕੇ ਹੀ ਸਾਹ ਲਿਆ। ਇਸ ਤੋਂ ਬਾਅਦ ਔਖੇ-ਸੌਖੇ ਸਾਹਾਂ ’ਤੇ ਪਹੁੰਚੀ ਸਨਅਤ ਵੀ 1991 ਦੇ ਕਰੀਬ ਦਮ ਤੋੜ ਗਈ।
ਇਸ ਮਗਰੋਂ ਸਟੀਲ ਪਾਈਪ ਬਣਾਉਣ ਦੀਆਂ ਕਰੀਬ ਅੱਧੀ ਦਰਜਨ ਸਮਾਲ ਸਕੇਲ ਸਨਅਤਾਂ ਬਾਕੀ ਬਚੀਆਂ, ਜੋ ਸਰਕਾਰਾਂ ਵੱਲੋਂ ਕੋਈ ਸਾਰਥਿਕ ਠੁੰਮ੍ਹਣਾ ਨਾ ਮਿਲਣ ਕਾਰਣ 2014 ਤੱਕ ਖਤਮ ਹੋ ਗਈਆਂ।
ਜ਼ਿਕਰਯੋਗ ਹੈ ਕਿ ਲੋਹਾ ਉਦਯੋਗ ਜੈਤੋ ’ਚੋਂ ਖਤਮ ਹੋਣ ਤੋਂ ਬਾਅਦ ਮੌਜੂਦਾ ਸਮੇਂ ਮੰਡੀ ਗੋਬਿੰਦਗੜ੍ਹ ਵਿਚ ਰਾਜ ਵਿੱਚੋਂ ਪਹਿਲੇ ਨੰਬਰ ’ਤੇ ਹੈ। ਸੂਤਰਾਂ ਅਨੁਸਾਰ ਪੰਜਾਬ ਵਿਚ ਬਿਜਲੀ ਮਹਿੰਗੀ ਹੋਣ ਕਰਕੇ ਲੋਹਾ ਇੰਡਸਟਰੀ ਗੋਬਿੰਦਗੜ੍ਹ ਤੋਂ ਵੀ ਸ਼ਿਫ਼ਟ ਹੋ ਕੇ ਬਾਹਰਲੇ ਰਾਜਾਂ ਵੱਲ ਰੁਖ਼ ਕਰਨ ਲੱਗੀ ਹੈ। ਸਨਅਤ ਖੇਤਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ‘ਭਾਰਤ ਮਾਲਾ’ ਪ੍ਰਾਜੈਕਟ ਤੇ ਹੋਰ ਐਕਸਪ੍ਰੈੱਸ ਵੇਅ ਵਾਲੇ ਪ੍ਰਾਜੈਕਟਾਂ ਦੇ ਚੀਨੀ ਕੌਰੀਡੋਰ ਨਾਲ ਜੋੜੇ ਜਾਣ ਤੋਂ ਬਾਅਦ ਵੀ ਇਹ ਸਨਅਤ ਲਈ ਘਾਟੇ ਵਾਲਾ ਸੌਦਾ ਰਹੇਗਾ।

Advertisement

Advertisement
Advertisement