For the best experience, open
https://m.punjabitribuneonline.com
on your mobile browser.
Advertisement

ਜੈਤੋ ਦਾ ਮੋਰਚਾ: ਸ਼ਤਾਬਦੀ ਸਮਾਗਮਾਂ ਸਬੰਧੀ ਸਬ-ਕਮੇਟੀ ਦੀ ਮੀਟਿੰਗ

09:51 AM Aug 27, 2023 IST
ਜੈਤੋ ਦਾ ਮੋਰਚਾ  ਸ਼ਤਾਬਦੀ ਸਮਾਗਮਾਂ ਸਬੰਧੀ ਸਬ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ ਵਿੱਚ ਹੋਈ ਸਬ-ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਅਧਿਕਾਰੀ।
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 26 ਅਗਸਤ
ਸ਼੍ਰੋਮਣੀ ਕਮੇਟੀ ਵੱਲੋਂ ਜੈਤੋ ਦੇ ਮੋਰਚੇ ਦੀ ਪਹਿਲੀ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਅੱਜ ਸਬ-ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ 21 ਫਰਵਰੀ 2024 ਨੂੰ ਜੈਤੋ ਦੇ ਮੋਰਚੇ ਦੀ ਮਨਾਈ ਜਾ ਰਹੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿੱਚ 12 ਸਤੰਬਰ ਨੂੰ ਅਖੰਡ ਪਾਠ ਦੀ ਆਰੰਭਤਾ ਨਾਲ ਹੋਵੇਗੀ। 13 ਸਤੰਬਰ ਨੂੰ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾਵੇਗਾ ਤੇ ਰਾਤ ਨੂੰ ਗੁਰਮਤਿ ਸਮਾਗਮ ਹੋਵੇਗਾ। 14 ਸਤੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਮਗਰੋਂ ਗੁਰਮਤਿ ਸਮਾਗਮ ਕੀਤਾ ਜਾਵੇਗਾ, ਜਿਸ ਵਿੱਚ ਕਥਾਵਾਚਕ, ਰਾਗੀ, ਢਾਡੀ ਤੇ ਕਵੀਸ਼ਰ ਜਥੇ ਸੰਗਤ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਜੈਤੋ ਦੇ ਮੋਰਚੇ ’ਚ ਸ਼ਹੀਦ ਹੋਏ ਸਿੰਘਾਂ ਦੇ ਜੀਵਨ ’ਤੇ ਅਧਾਰਿਤ ਚਿੱਤਰਕਲਾ ਵਰਕਸ਼ਾਪ ਰਾਹੀਂ ਤਸਵੀਰਾਂ ਦੀ ਇੱਕ ਐਲਬਮ (ਜੈਤੋ ਦੇ ਮੋਰਚੇ ਦੀ ਖੂਨੀ ਗਾਥਾ) ਤਿਆਰ ਕਰਵਾਉਣ ਦਾ ਕੰਮ ਹਰਵਿੰਦਰ ਸਿੰਘ ਖਾਲਸਾ ਨੂੰ ਸੌਂਪਿਆ ਗਿਆ ਹੈ। ਇਸ ਤੋਂ ਬਿਨਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਕੂਲਾਂ/ਕਾਲਜਾਂ ਵਿੱਚ ਵਿਦਿਆਰਥੀਆਂ ਦੇ ਭਾਸ਼ਣ, ਚਿਤਰਕਲਾ, ਕਵੀਸ਼ਰੀ, ਢਾਡੀ ਤੇ ਕਵਿਤਾ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਅੱਜ ਦੀ ਮੀਟਿੰਗ ਵਿੱਚ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਸ਼ੇਰ ਸਿੰਘ ਮੰਡਵਾਲਾ, ਗੁਰਿੰਦਰ ਕੌਰ ਭੋਲੂਵਾਲਾ, ਮੈਂਬਰ ਕੇਵਲ ਸਿੰਘ ਬਾਦਲ, ਹਰਵਿੰਦਰ ਸਿੰਘ ਖਾਲਸਾ, ਓਐਸਡੀ ਸਤਬੀਰ ਸਿੰਘ ਧਾਮੀ ਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਵੀ ਸ਼ਾਮਲ ਸਨ।

Advertisement

Advertisement
Advertisement
Author Image

Advertisement