ਜੈਸ਼ੰਕਰ ਵੱਲੋਂ ਦੁਵੱਲੇ ਸਬੰਧਾਂ ਲਈ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੀ ਸ਼ਲਾਘਾ
ਕੁਆਲਾਲੰਪੁਰ, 27 ਮਾਰਚ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ ਬਾਰੇ ਉਨ੍ਹਾਂ ਦੇ ਨਜ਼ਰੀਏ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ-ਮਲੇਸ਼ੀਆ ਦੇ ਰਿਸ਼ਤਿਆਂ ’ਚ ਹੋਰ ਸੁਧਾਰ ਆਵੇਗਾ। ਜੈਸ਼ੰਕਰ ਤਿੰਨ ਮੁਲਕਾਂ ਸਿੰਗਾਪੁਰ, ਫਿਲਪੀਨਜ਼ ਅਤੇ ਮਲੇਸ਼ੀਆ ਦੇ ਦੌਰੇ ਦੇ ਆਖਰੀ ਤੀਜੇ ਗੇੜ ਤਹਿਤ ਕੁਆਲਾਲੰਪੁਰ ’ਚ ਹਨ। ਜੈਸ਼ੰਕਰ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਨੇਹਾ ਵੀ ਇਬਰਾਹਿਮ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਖੇਤਰੀ ਘਟਨਾਵਾਂ ਬਾਰੇ ਇਬਰਾਹਿਮ ਦੇ ਮਾਰਗ-ਦਰਸ਼ਨ ਤੋਂ ਲਾਹਾ ਮਿਲਿਆ ਹੈ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਆਪਣੇ ਮਲੇਸ਼ਿਆਈ ਹਮਰੁਤਬਾ ਮੁਹੰਮਦ ਬਿਨ ਹਾਜੀ ਹਸਨ ਨਾਲ ਮੁਲਾਕਾਤ ਕੀਤੀ ਸੀ। ਦੋਵੇਂ ਵਿਦੇਸ਼ ਮੰਤਰੀਆਂ ਨੇ ਬਹੁਪੱਖੀ ਦੁਵੱਲੇ ਸਬੰਧਾਂ ਅਤੇ ਖੇਤਰੀ ਤੇ ਕੌਮਾਂਤਰੀ ਮੁੱਦਿਆਂ ’ਤੇ ਸਾਰਥਕ ਅਤੇ ਸਪੱਸ਼ਟ ਚਰਚਾ ਕੀਤੀ। ਦੋਹਾਂ ਨੇ ਉੱਚ ਪੱਧਰੀ ਦੌਰਿਆਂ ਦੇ ਆਦਾਨ-ਪ੍ਰਦਾਨ ਅਤੇ ਆਪਸੀ ਸਹਿਮਤੀ ਨਾਲ ਮਨਜ਼ੂਰਸ਼ੁਦਾ ਤਰੀਕ ’ਤੇ ਮਲੇਸ਼ੀਆ ਅਤੇ ਭਾਰਤ ਦੀ 7ਵੇਂ ਸਾਂਝੇ ਕਮਿਸ਼ਨ ਦੀ ਮੀਟਿੰਗ ਸੱਦਣ ’ਤੇ ਵੀ ਚਰਚਾ ਕੀਤੀ। ਹਸਨ ਦੇ ਦਸੰਬਰ 2023 ’ਚ ਅਹੁਦਾ ਸੰਭਾਲਣ ਮਗਰੋਂ ਉਨ੍ਹਾਂ ਦੀ ਜੈਸ਼ੰਕਰ ਨਾਲ ਇਹ ਪਹਿਲੀ ਮੁਲਾਕਾਤ ਹੈ। ਬਿਆਨ ਮੁਤਾਬਕ ਜੈਸ਼ੰਕਰ ਦੀ ਯਾਤਰਾ ਦਾ ਮਕਸਦ ਭਾਰਤ ਅਤੇ ਮਲੇਸ਼ੀਆ ਵਿਚਕਾਰ ਸਹਿਯੋਗ ਵਧਾਉਣਾ ਅਤੇ ਸਾਂਝੀ ਚੁਣੌਤੀਆਂ ਤੇ ਮੌਕਿਆਂ ਦੀ ਸਮਝ ਦਾ ਵਿਸਤਾਰ ਕਰਨਾ ਹੈ। -ਪੀਟੀਆਈ