For the best experience, open
https://m.punjabitribuneonline.com
on your mobile browser.
Advertisement

‘ਵੋਟ ਜਹਾਦ’ ਜਾਂ ‘ਰਾਮ ਰਾਜ’ ਵਿੱਚੋਂ ਇੱਕ ਚੁਣੋ: ਮੋਦੀ

07:36 AM May 08, 2024 IST
‘ਵੋਟ ਜਹਾਦ’ ਜਾਂ ‘ਰਾਮ ਰਾਜ’ ਵਿੱਚੋਂ ਇੱਕ ਚੁਣੋ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਏਐੱਨਆਈ
Advertisement

ਖੜਗੌਨ (ਐੱਮ. ਪੀ.), 7 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇਤਿਹਾਸ ਦੇ ਇੱਕ ਅਜਿਹੇ ਮੋੜ ’ਤੇ ਪਹੁੰਚ ਗਿਆ ਹੈ ਅਤੇ ਲੋਕਾਂ ਨੂੰ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਫੈਸਲਾ ਕਰਨਾ ਹੋਵੇਗਾ ਕਿ ਦੇਸ਼ ਨੂੰ ਅੱਗੇ ਲਿਜਾਣ ਲਈ ‘ਵੋਟ ਜਹਾਦ’ ਚਾਹੀਦਾ ਹੈ ਜਾਂ ‘ਰਾਮ ਰਾਜ’। ਉਹ ਮੱਧ ਪ੍ਰਦੇਸ਼ ਦੇ ਖੜਗੌਨ ਜ਼ਿਲ੍ਹੇ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਵਿਰੋਧੀ ਧਿਰ ਕਾਂਗਰਸ ’ਤੇ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ ਇਸ ਦੇ ਇਰਾਦੇ ਬਹੁਤ ਖਤਰਨਾਕ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਉਸ ਦੇ ਖਿਲਾਫ ‘ਵੋਟ ਜਹਾਦ’ ਦਾ ਸੱਦਾ ਦਿੰਦੀ ਹੈ। ਭਾਜਪਾ ਦੇ ਸਟਾਰ ਪ੍ਰਚਾਰਕ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਰਤ ਇਤਿਹਾਸ ਦੇ ਇੱਕ ਅਜਿਹੇ ਪੜਾਅ ’ਤੇ ਹੈ ਕਿ ਤੁਹਾਨੂੰ ਫੈਸਲਾ ਕਰਨਾ ਪਵੇਗਾ ਕਿ ‘ਵੋਟ ਜਹਾਦ’ ਕੰਮ ਕਰੇਗਾ ਜਾਂ ‘ਰਾਮ ਰਾਜ’।
ਜ਼ਿਕਰਯੋਗ ਹੈ ਕਿ ਇਕ ਹਫਤਾ ਪਹਿਲਾਂ ਇਕ ਚੋਣ ਰੈਲੀ ’ਚ ਬੋਲਦਿਆਂ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਦੀ ਭਤੀਜੀ ਸਮਾਜਵਾਦੀ ਪਾਰਟੀ (ਸਪਾ) ਦੀ ਆਗੂ ਮਾਰੀਆ ਆਲਮ ਨੇ ਉੱਤਰ ਪ੍ਰਦੇਸ਼ ਦੀ ਫਾਰੂਖਾਬਾਦ ਲੋਕ ਸਭਾ ਸੀਟ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਨਵਲ ਕਿਸ਼ੋਰ ਸ਼ਾਕਿਆ ਦੇ ਹੱਕ ਵਿੱਚ ‘ਵੋਟ ਜਹਾਦ’ ਦਾ ਸੱਦਾ ਦਿੱਤਾ ਸੀ। ਮੋਦੀ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਸ ਨੂੰ ਜਨਤਾ ਦੀ ਕਿਸਮਤ ਦੀ ਪਰਵਾਹ ਨਹੀਂ ਹੈ। ਉਹ ਆਪਣੇ ਖਾਨਦਾਨ ਨੂੰ ਬਚਾਉਣ ਲਈ ਚੋਣਾਂ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਕੀ “ਵੋਟ ਜਹਾਦ” ਵਰਗਾ ਸੰਕਲਪ ਲੋਕਤੰਤਰ ਵਿੱਚ ਸਵੀਕਾਰਯੋਗ ਹੈ। ਉਨ੍ਹਾਂ ਕਿਹਾ, ‘‘ਅਤਿਵਾਦੀ ਪਾਕਿਸਤਾਨ ਵਿੱਚ ਭਾਰਤ ਖਿਲਾਫ ਜਹਾਦ ਦੀ ਧਮਕੀ ਦੇ ਰਹੇ ਹਨ ਅਤੇ ਇੱਥੇ ਕਾਂਗਰਸ ਦੇ ਲੋਕਾਂ ਨੇ ਵੀ ਮੋਦੀ ਖਿਲਾਫ ਵੋਟ ਜਹਾਦ ਦਾ ਐਲਾਨ ਕੀਤਾ ਹੈ। ਮਤਲਬ ਕਿ ਇੱਕ ਖਾਸ ਧਰਮ ਦੇ ਲੋਕਾਂ ਨੂੰ ਮੋਦੀ ਦੇ ਖਿਲਾਫ ਇੱਕਜੁੱਟ ਹੋ ਕੇ ਵੋਟ ਪਾਉਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲਪਨਾ ਕਰੋ ਕਿ ਕਾਂਗਰਸ ਕਿਸ ਪੱਧਰ ’ਤੇ ਝੁਕ ਗਈ ਹੈ।’’ ਮੋਦੀ ਨੇ ਜ਼ੋਰ ਦੇ ਕੇ ਕਿਹਾ, ‘‘ਤੁਹਾਡੀ ਵੋਟ ਨੇ ਅਯੁੱਧਿਆ ਵਿੱਚ ਭਗਵਾਨ ਰਾਮ ਦਾ ਵਿਸ਼ਾਲ ਮੰਦਰ ਬਣਾਉਣ ਲਈ 500 ਸਾਲਾਂ ਦੀ ਉਡੀਕ ਖਤਮ ਕਰ ਦਿੱਤੀ ਹੈ।’’ ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਧਾਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਮੌਜੂਦਾ ਲੋਕ ਸਭਾ ਚੋਣਾਂ ਵਿੱਚ 400 ਸੀਟਾਂ ਜਿੱਤਣਾ ਚਾਹੁੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਾਂਗਰਸ ਕਸ਼ਮੀਰ ਵਿੱਚ ਧਾਰਾ 370 ਨੂੰ ਵਾਪਸ ਨਾ ਲਿਆਵੇ ਅਤੇ ਅਯੁੱਧਿਆ ਵਿੱਚ ਰਾਮ ਮੰਦਰ ਉੱਤੇ ‘ਬਾਬਰੀ ਤਾਲਾ’ ਨਾ ਲਗਾਏ। -ਪੀਟੀਆਈ

Advertisement

‘ਵੋਟ ਬੈਂਕ ਲਈ ਐੱਸਸੀ ਤੇ ਐੱਸਟੀ ਕੋਟਾ ਖੋਹਣਾ ਚਾਹੁੰਦਾ ਹੈ ‘ਇੰਡੀਆ’ ਗੱਠਜੋੜ’

ਧਾਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਵੱਲੋਂ ਮੁਸਲਮਾਨਾਂ ਨੂੰ ਰਾਖਵੇਂਕਰਨ ਦਾ ਲਾਭ ਦੇਣ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ‘ਇੰਡੀਆ’ ਗੱਠਜੋੜ ਇੱਕ ਡੂੰਘੀ ਸਾਜ਼ਿਸ਼ ਤਹਿਤ ਐੱਸਸੀ, ਐੱਸਟੀ ਅਤੇ ਓਬੀਸੀ ਦੇ ਸਾਰੇ ਕੋਟੇ ਖੋਹ ਕੇ ਆਪਣੇ ਵੋਟ ਬੈਂਕ ਨੂੰ ਦੇਣਾ ਚਾਹੁੰਦਾ ਹੈ। ਮੱਧ ਪ੍ਰਦੇਸ਼ ਦੇ ਧਾਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਉਨ੍ਹਾਂ ਦਾ ਆਗੂ ਜਿਸ ਨੇ ਪਸ਼ੂਆਂ ਦਾ ਚਾਰਾ ‘ਖਾਧਾ’ ਹੈ ਅਤੇ ਸਿਹਤ ਸਬੰਧੀ ਕਾਰਨਾਂ ਕਰਕੇ ਜ਼ਮਾਨਤ ’ਤੇ ਬਾਹਰ ਹੈ, ਕਹਿ ਰਿਹਾ ਹੈ ਕਿ ਸਾਰੇ ਰਾਖਵੇਂਕਰਨ ਮੁਸਲਮਾਨਾਂ ਨੂੰ ਹੀ ਮਿਲਣੇ ਚਾਹੀਦੇ ਹਨ। ਭਾਵ ਉਹ ਐੱਸਸੀ, ਐੱਸਟੀ ਅਤੇ ਓਬੀਸੀ ਤੋਂ ਖੋਹ ਕੇ ਸਾਰਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੇ ਹਨ।’’ -ਪੀਟੀਆਈ

ਵਿਵਾਦਤ ਟਿੱਪਣੀ: ਮੋਦੀ ਨੇ ਕਾਂਗਰਸ ’ਤੇ ਸੇਧਿਆ ਨਿਸ਼ਾਨਾ

ਜਲੰਧਰ (ਪਾਲ ਸਿੰਘ ਨੌਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੇ ਕਾਫ਼ਲੇ ’ਤੇ ਅਤਿਵਾਦੀ ਹਮਲੇ ਬਾਰੇ ਕੀਤੀ ਵਿਵਾਦਤ ਟਿੱਪਣੀ ਨੂੰ ਲੈ ਕੇ ਅੱਜ ਕਾਂਗਰਸ ’ਤੇ ਨਿਸ਼ਾਨਾ ਸੇਧਿਆ ਅਤੇ ਉਸ ’ਤੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀ ਖ਼ਤਰਨਾਕ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ। ਉਹ ਮੱਧ ਪ੍ਰਦੇਸ਼ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਹਾਲਾਂਕਿ, ਚੰਨੀ ਨੇ ਮੋਦੀ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਦੋਸ਼ ਲਾਇਆ ਕਿ ਭਾਜਪਾ ਅਸਲ ਮੁੱਦਿਆਂ ਤੋਂ ਭੱਜ ਰਹੀ ਹੈ ਕਿਉਂਕਿ ਉਹ ਹਾਰ ਰਹੀ ਹੈ। ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਹੀ ਸੀ ਜਿਸ ਨੇ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਸਨ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋੜ ਪਈ ਸਾਡੀਆਂ ਫੌਜਾਂ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਚੰਨੀ ਨੇ ਕਿਹਾ, ‘‘ਸਾਨੂੰ ਆਪਣੇ ਜਵਾਨਾਂ ’ਤੇ ਮਾਣ ਹੈ ਪਰ ਫੌਜ ’ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ।’’ ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਅਹਿਮ ਮੁੱਦਾ ਹੈ ਅਤੇ ਰਾਖਵਾਂਕਰਨ ਤੇ ਸੰਵਿਧਾਨ ਨੂੰ ਖਤਰਾ ਹੈ ਪਰ ਭਾਜਪਾ ਇਨ੍ਹਾਂ ਮੁੱਦਿਆਂ ਤੋਂ ਭੱਜ ਰਹੀ ਹੈ ਕਿਉਂਕਿ ਉਹ ਬੁਰੀ ਤਰ੍ਹਾਂ ਹਾਰ ਰਹੀ ਹੈ।

Advertisement
Author Image

joginder kumar

View all posts

Advertisement
Advertisement
×