ਜੈਸ਼ੰਕਰ ਵੱਲੋਂ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ
ਸਿੰਗਾਪੁਰ, 8 ਨਵੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਗਾਨ ਕਿਮ ਯੌਂਗ ਤੇ ਵਿਦੇਸ਼ ਮੰਤਰੀ ਵਿਵੀਅਨ ਬਲਾਕ੍ਰਿਸ਼ਨਨ ਨਾਲ ਮੁਲਾਕਾਤ ਕਰਕੇ ਦੋਵਾਂ ਮੁਲਕਾਂ ਵਿਚਾਲੇ ਦੁਵੱਲੀ ਭਾਈਵਾਲੀ ਅੱਗੇ ਵਧਾਉਣ ਦੇ ਢੰਗਾਂ ਬਾਰੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਗੱਲਬਾਤ ਦੌਰਾਨ ਸਨਅਤੀ ਪਾਰਕ, ਨਵੀਆਂ ਖੋਜਾਂ ਅਤੇ ਸੈਮੀ ਕੰਡਕਟਰ ਜਿਹੇ ਖੇਤਰਾਂ ’ਤੇ ਧਿਆਨ ਕੇਂਦਰਿਤ ਕੀਤਾ। ਜੈਸ਼ੰਕਰ ਦੋ ਮੁਲਕਾਂ ਦੀ ਆਪਣੀ ਯਾਤਰਾ ਦੇ ਦੂਜੇ ਗੇੜ ਤਹਿਤ ਸਿੰਗਾਪੁਰ ਪੁੱਜੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਆਸਟਰੇਲੀਆ ਦੀ ਯਾਤਰਾ ਕੀਤੀ ਸੀ।
ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਸਿਆਨ ‘ਇੰਡੀਆ ਨੈੱਟਵਰ ਆਫ ਥਿੰਕ ਟੈਂਕਜ਼’ ਦੇ ਅੱਠਵੇਂ ਗੋਲਮੇਜ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਤੇ ਆਸਿਆਨ (ਦੱਖਣ-ਪੂਰਬ ਏਸ਼ਿਆਈ ਮੁਲਕਾਂ ਦਾ ਸੰਗਠਨ) ਦੇ ਮੈਂਬਰ ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡੇ ਮੁਲਕ ਹਨ ਅਤੇ ਉਨ੍ਹਾਂ ਦਾ ਸਹਿਯੋਗ ਤਤਕਾਲੀ ਮਸਲਿਆਂ ਦੇ ਹੱਲ, ਖੁਰਾਕ ਤੇ ਸਿਹਤ ਸੁਰੱਖਿਆ ਯਕੀਨੀ ਬਣਾਉਣ ਅਤੇ ਮਿਆਂਮਾਰ ਜਿਹੇ ਸਾਂਝੇ ਖੇਤਰ ’ਚ ਸਿਆਸੀ ਚੁਣੌਤੀਆਂ ਨਾਲ ਨਜਿੱਠਣ ’ਚ ਅਹਿਮ ਹੋ ਸਕਦਾ ਹੈ। ਉਨ੍ਹਾਂ ਕਿਹਾ, ‘ਭਾਰਤ ਤੇ ਆਸਿਆਨ ਦੇ ਮੈਂਬਰ ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਅਹਿਮ ਦੇਸ਼ ਹਨ ਜਿਨ੍ਹਾਂ ਦੀਆਂ ਉਭਰਦੀਆਂ ਮੰਗਾਂ ਨਾ ਸਿਰਫ਼ ਇੱਕ-ਦੂਜੇ ਦੀ ਮਦਦ ਕਰ ਸਕਦੀਆਂ ਹਨ ਬਲਕਿ ਕੌਮਾਂਤਰੀ ਅਰਥਚਾਰੇ ’ਚ ਵੱਡੀ ਪੈਦਾਵਾਰੀ ਤਾਕਤਾਂ ਵੀ ਬਣ ਸਕਦੀਆਂ ਹਨ।’ ਦੱਖਣ-ਪੂਰਬ ਏਸ਼ਿਆਈ ਮੁਲਕ ਐਸੋਸੀਏਸ਼ਨ (ਆਸਿਆਨ) ਦੇ ਮੈਂਬਰਾਂ ’ਚ ਬਰੁਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾ, ਫਿਲਪੀਨਜ਼, ਸਿੰਗਾਪੁਰ, ਥਾਈਲੈਂਡ ਤੇ ਵੀਅਤਨਾਮ ਸ਼ਾਮਲ ਹਨ। -ਪੀਟੀਆਈ