ਖਾੜੀ ਮੁਲਕਾਂ ਦੇ ਹਮਰੁਤਬਾ ਨੂੰ ਮਿਲੇ ਜੈਸ਼ੰਕਰ
ਰਿਆਧ, 9 ਸਤੰਬਰ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਖਾੜੀ ਮੁਲਕਾਂ ਦੇ ਆਪਣੇ ਹਮਰੁਤਬਾ ਨਾਲ ਲੜੀਵਾਰ ਬੈਠਕਾਂ ਕੀਤੀਆਂ ਤੇ ਇਸ ਦੌਰਾਨ ਦੁਵੱਲੇ ਰਿਸ਼ਤਿਆਂ ਦੀ ਤਰੱਕੀ ’ਤੇ ਨਜ਼ਰਸਾਨੀ ਕੀਤੀ ਤੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਚਰਚਾ ਕੀਤੀ। ਜੈਸ਼ੰਕਰ ਤਿੰਨ ਮੁਲਕਾਂ ਦੀ ਆਪਣੀ ਫੇਰੀ ਦੇ ਪਹਿਲੇ ਪੜਾਅ ਤਹਿਤ ਭਾਰਤ-ਖਾੜੀ ਸਹਿਯੋਗ ਕੌਂਸਲ ਦੇ ਵਿਦੇਸ਼ ਮੰਤਰੀਆਂ ਦੀ ਪਲੇਠੀ ਬੈਠਕ ਵਿਚ ਸ਼ਾਮਲ ਹੋਣ ਲਈ ਐਤਵਾਰ ਨੂੰ ਸਾਊਦੀ ਅਰਬ ਦੀ ਰਾਜਧਾਨੀ ਪੁੱਜੇ ਸਨ। ਜੀਸੀਸੀ ਪ੍ਰਭਾਵਸ਼ਾਲੀ ਸਮੂਹ ਹੈ, ਜਿਸ ਵਿਚ ਯੂਏਈ, ਬਹਿਰੀਨ, ਸਾਊਦੀ ਅਰਬ, ਓਮਾਨ, ਕਤਰ ਤੇ ਕੁਵੈਤ ਜਿਹੇ ਮੁਲਕ ਸ਼ਾਮਲ ਹਨ। ਭਾਰਤ ਦਾ ਵਿੱਤੀ ਸਾਲ 2022-23 ਵਿਚ ਜੀਸੀਸੀ ਮੁਲਕਾਂ ਨਾਲ 184.46 ਅਰਬ ਡਾਲਰ ਦਾ ਕਾਰੋਬਾਰ ਸੀ। ਉਨ੍ਹਾਂ ਅੱਜ ਕਤਰ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਅਲੀ ਥਾਨੀ, ਜਿਨ੍ਹਾਂ ਕੋਲ ਵਿਦੇਸ਼ ਮੰਤਰਾਲੇ ਦਾ ਚਾਰਜ ਵੀ ਹੈ, ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਸਲ ਬਿਨ ਫ਼ਰਹਾਨ ਅਲ ਸੌਦ, ਓਮਾਨ ਦੇ ਹਮਰੁਤਬਾ ਬਦਰ ਅਲਬੂਸੈਦੀ, ਬਹਿਰੀਨ ਦੇ ਵਿਦੇਸ਼ ਮੰਤਰੀ ਅਬਦੁਲਲਤੀਫ਼ ਬਿਨ ਰਾਸ਼ਿਦ ਅਲ ਜ਼ਿਯਾਨੀ, ਕੁਵੈਤ ਦੇ ਵਿਦੇਸ਼ ਮੰਤਰੀ ਅਬਦੁੱਲਾ ਅਲੀ ਅਲ-ਯਹੀਆ ਨਾਲ ਵੱਖੋ-ਵੱਖਰੀਆਂ ਬੈਠਕਾਂ ਕੀਤੀਆਂ। ਜੈਸ਼ੰਕਰ ਰਿਆਧ ਤੋਂ ਜਰਮਨੀ ਜਾਣਗੇ। -ਪੀਟੀਆਈ
ਰੂਸੀ ਵਿਦੇਸ਼ ਮੰਤਰੀ ਲੈਵਰੋਵ ਨੂੰ ਵੀ ਮਿਲੇ ਜੈਸ਼ੰਕਰ
ਰਿਆਧ:
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਗਲ਼ਫ਼ ਸਹਿਸੋਗ ਕੌਂਸਲ ਦੀ ਬੈਠਕ ਤੋਂ ਇਕਪਾਸੇ ਰੂਸ ਦੇ ਆਪਣੇ ਹਮਰੁਤਬਾ ਸਰਗੇਈ ਲੈਵਰੋਵ ਨੂੰ ਵੀ ਮਿਲੇ। ਇਹ ਮੁਲਾਕਾਤ ਅਜਿਹੇ ਮੌਕੇ ਹੋਈ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਸੀ ਉਹ ਯੂਕਰੇਨ ਜੰਗ ਨੂੰ ਲੈ ਕੇ ਉਹ ਭਾਰਤ ਸਣੇ ਤਿੰਨ ਮੁਲਕਾਂ ਦੇ ਲਗਾਤਾਰ ਸੰਪਰਕ ਵਿਚ ਹੈ। -ਪੀਟੀਆਈ