ਜੈਸ਼ੰਕਰ ਵੱਲੋਂ ਸਵਿਸ ਹਮਰੁਤਬਾ ਨਾਲ ਆਲਮੀ ਤੇ ਖੇਤਰੀ ਮੁੱਦਿਆਂ ’ਤੇ ਚਰਚਾ
ਜਨੇਵਾ, 14 ਸਤੰਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਸਵਿਟਜ਼ਰਲੈਂਡ ਦੇ ਆਪਣੇ ਹਮਰੁਤਬਾ ਇਗਨਾਜ਼ੀਓ ਡੈਨੀਅਲ ਜੀਓਵਾਨੀ ਕੈਸਿਸ ਨਾਲ ਦੁਵੱਲੇ ਰਿਸ਼ਤਿਆਂ ਬਾਰੇ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਗੱਲਬਾਤ ਦਾ ਕੇਂਦਰ ਭਾਰਤ ਅਤੇ ਚਾਰ ਮੁਲਕੀ ਯੂਰਪੀ ਬਲਾਕ ‘ਐਫਟਾ’ ਜਿਸ ਵਿਚ ਸਵਿਟਜ਼ਰਲੈਂਡ ਵੀ ਸ਼ਾਮਲ ਹੈ, ਨਾਲ ਵਪਾਰ ਸਮਝੌਤਾ ਸੀ। ਜੈਸ਼ੰਕਰ ਦੋ ਰੋਜ਼ਾ ਫੇਰੀ ਲਈ ਜਨੇਵਾ ਵਿਚ ਸਨ, ਜੋ ਅੱਜ ਸਮਾਪਤ ਹੋ ਗਈ। ਮੰਤਰਾਲੇ ਨੇ ਕਿਹਾ ਕਿ ਕੈਸਿਸ ਨੇ ਜਨੇਵਾ ਵਿਚ ਜੈਸ਼ੰਕਰ ਦੀ ਮੇਜ਼ਬਾਨੀ ਕੀਤੀ।
ਬਿਆਨ ਵਿਚ ਕਿਹਾ ਗਿਆ, ‘ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਬਾਰੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਤੇ ਇਸ ਦੌਰਾਨ ਮੁੱਖ ਕੇਂਦਰ ਬਿੰਦੂ ਵਪਾਰ ਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਭਾਰਤ ਤੇ ਐਫਟਾ (ਸਵਿਟਜ਼ਰਲੈਂਡ, ਨਾਰਵੇ, ਆਈਸਲੈਂਡ ਤੇ ਪ੍ਰਿੰਸੀਪੈਲਿਟੀ ਆਫ਼ ਲੈਸ਼ਟੀਅਨ) ਦਰਮਿਆਨ ਹੋਣ ਵਾਲਾ ਮੁਕਤ ਵਪਾਰ ਸਮਝੌਤਾ ਸੀ।’ ਭਾਰਤ ਨੇ ਯੂਰੋਪੀ ਮੁਕਤ ਵਪਾਰ ਐਸੋਸੀਏਸ਼ਨ (ਐੱਫਟਾ) ਨਾਲ ਮਾਰਚ ਵਿਚ ਵਪਾਰ ਤੇ ਆਰਥਿਕ ਭਾਈਵਾਲੀ ਸਮਝੌਤਾ ਸਹੀਬੰਦ ਕੀਤਾ ਸੀ, ਜਿਸ ਤਹਿਤ ਨਵੀਂ ਦਿੱਲੀ ਨੂੰ ਇਨ੍ਹਾਂ ਚਾਰ ਯੂਰੋਪੀ ਮੁਲਕਾਂ ਤੋਂ 100 ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਮਿਲੀ ਸੀ। ਬੈਠਕ ਦੌਰਾਨ ਜੈਸ਼ੰਕਰ ਤੇ ਕੈਸਿਸ ਨੇ ਆਪਸੀ ਹਿੱਤਾਂ ਵਾਲੇ ਆਲਮੀ ਤੇ ਖੇਤਰੀ ਮੁੱਦਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ। ਆਪਣੀ ਇਸ ਫੇਰੀ ਦੌਰਾਨ ਜੈਸ਼ੰਕਰ ਜਨੇਵਾ ਦੀਆਂ ਕੌਮਾਂਤਰੀ ਜਥੇਬੰਦੀਆਂ ਦੇ ਆਗੂਆਂ- ਮਨੁੱਖੀ ਹੱਕਾਂ ਬਾਰੇ ਯੂਐੱਨ ਹਾਈ ਕਮਿਸ਼ਨਰ ਵੋਲਕਰ ਟਰਕ ਤੇ ਆਲਮੀ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਡਾ.ਟੈਡਰੋਸ ਅਧਾਨਮ ਗੈਬਰੇਸਿਸ ਨੂੰ ਵੀ ਮਿਲੇ। -ਪੀਟੀਆਈ