ਜੇਲ੍ਹ ’ਚ ਮੋਬਾਈਲ ਤੇ ਬੀੜੀਆਂ ਸੁੱਟਣ ਵਾਲੇ ਕਾਬੂ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਸਤੰਬਰ
ਜੇਲ੍ਹ ਅੰਦਰ ਸਾਮਾਨ ਸੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਕੋਲੋਂ 11 ਮੋਬਾਈਲ ਫੋਨ , ਬੀੜੀਆਂ ਦੇ ਬੰਡਲ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ। ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਮੋਹਿਤ ਉਰਫ ਮੋਕਲੀ ਅਤੇ ਨਿਸ਼ਾਨ ਸਿੰਘ ਉਰਫ ਕਚੂ ਦੋਵੇਂ ਵਾਸੀ ਗੇਟ ਹਕੀਮਾਂ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ 11 ਮੋਬਾਈਲ ਫੋਨ, ਬੀੜੀਆਂ ਦੇ 22 ਪੈਕੇਟ, ਚਾਰ ਡੱਬੀਆਂ ਸਿਗਰਟ, ਦੋ ਚਾਰਜਰ ਦੀਆਂ ਲੀਡਾਂ, 14 ਚਾਰਜਰ, ਸਿਗਰੇਟ ਬਣਾਉਣ ਵਾਲੇ ਪੇਪਰ, ਦੋ ਪੈਕਟ ਚੈਨੀ ਖੈਨੀ, ਚਾਰ ਪੈਕੇਟ ਤੰਬਾਕੂ ਪੱਤਾ , ਦੋ ਹੈਡਫੋਨ ਅਤੇ ਇੱਕ ਪੈਕੇਟ ਚਾਰਜਿੰਗ ਲੀਡ ਬਰਾਮਦ ਕੀਤਾ ਹੈ।
ਏਡੀਸੀਪੀ ਵਿਸ਼ਾਲਜੀਤ ਸਿੰਘ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਫਤਾਹਪੁਰ ਪੁਲੀਸ ਚੌਕੀ ਨੂੰ ਸੂਚਨਾ ਮਿਲੀ ਸੀ ਜਿਸ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਜੇਲ੍ਹ ਦੇ ਬਾਹਰੋਂ ਸਾਮਾਨ ਸੁੱਟਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਇਹ ਵਿਅਕਤੀ ਜੇਲ੍ਹ ਦੇ ਬਾਹਰੋਂ ਜੇਲ੍ਹ ਦੇ ਅੰਦਰ ਸਾਮਾਨ ਸੁੱਟਦੇ ਹਨ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਦੋਵੇਂ ਰਲ ਕੇ ਵੱਖ ਵੱਖ ਦੁਕਾਨਾਂ ਤੋਂ ਮੋਬਾਈਲ ਫੋਨ ਅਤੇ ਜਾਲੀ ਸਬੂਤਾਂ ਦੇ ਆਧਾਰ ’ਤੇ ਮੋਬਾਈਲ ਸਿੰਮ ਅਤੇ ਹੋਰ ਸਾਮਾਨ ਖਰੀਦਦੇ ਸਨ ਜਿਸ ਨੂੰ ਜੇਲ੍ਹ ਦੇ ਅੰਦਰ ਸੁੱਟ ਕੇ ਹਵਾਲਾਤੀ ਰਾਜਬੀਰ ਸਿੰਘ ਨੂੰ ਸਪਲਾਈ ਕਰਦੇ ਸਨ। ਇਹ ਹਵਾਲਾਤੀ ਅਗਾਹ ਇਸ ਸਾਮਾਨ ਨੂੰ ਜੇਲ੍ਹ ਦੇ ਅੰਦਰ ਹੋਰਨਾ ਨੂੰ ਸਪਲਾਈ ਕਰਦਾ ਹੈ।
ਪੁਲੀਸ ਨੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਹੈ।