ਜ਼ਿੰਦਗੀ ਦੀਆਂ ਤਲਖ਼ੀਆਂ ਤੇ ਰੰਗੀਨੀਆਂ ਨੂੰ ਚਿਤਰਦਾ ਜਗਤਾਰ
ਡਾਕਟਰ ਜਗਤਾਰ ਨਾਲ ਮੇਰੀ ਸਾਂਝ ਲੰਮੀ ਵੀ ਹੈ ਤੇ ਗਹਿਰੀ ਵੀ। ਕਾਲਜ ਦੀ ਨੌਕਰੀ ਦੌਰਾਨ ਤੇ ਫਿਰ ਉਸ ਤੋਂ ਬਾਅਦ ਵੀ ਉਸ ਨਾਲ ਮੇਰੀ ਨੇੜਤਾ ਰਹੀ। ਪੁਸਤਕਾਂ ਜਾਂ ਵਿਭਿੰਨ ਵਿਸ਼ਿਆਂ ਉਪਰ ਪਰਚੇ ਲਿਖਣ ਤੇ ਸਮਾਗਮਾਂ ਵਿੱਚ ਪੜ੍ਹਨ ਵਾਸਤੇ ਡਾ. ਜਗਤਾਰ ਨੇ ਹੀ ਮੈਨੂੰ ਪ੍ਰੇਰਿਤ ਕੀਤਾ ਸੀ। 23 ਮਾਰਚ 2009 ਨੂੰ ਮੈਂ ਉਸ ਦੇ ਘਰ ਮਿਲਣ ਗਿਆ ਤਾਂ ਉਹ ਬਹੁਤ ਖ਼ੁਸ਼ ਹੋਇਆ। ਬਿਮਾਰੀ ਨਾਲ ਲੜਦਿਆਂ ਕਮਜ਼ੋਰ ਹੋ ਜਾਣ ਦਾ ਸੰਸਾ ਜਗਤਾਰ ਦੇ ਚਿਹਰੇ ਤੋਂ ਸਾਫ਼ ਪੜ੍ਹਿਆ ਜਾ ਸਕਦਾ ਸੀ। “ਆ, ਪ੍ਰਿਤਪਾਲ, ਅੱਜ ਮੈਂ ਸਵੇਰ ਤੋਂ ਹੀ ਉਦਾਸ ਮਨੋ-ਅਵਸਥਾ ਵਿੱਚ ਬੈਠਾ ਹਾਂ। ਸੋਚ ਰਿਹਾ ਸਾਂ, ਕੋਈ ਆਪਣਾ ਆਏ ਤਾਂ ਉਸ ਨਾਲ ਮਨ ਫਰੋਲਾਂ। ਚੰਗਾ ਕੀਤਾ ਤੂੰ ਆ ਗਿਆ...। ਸਵੇਰ ਤੋਂ ਮੈਂ ਸ਼ਹੀਦ ਭਗਤ ਸਿੰਘ ਨੂੰ ਯਾਦ ਕਰ ਰਿਹਾ ਹਾਂ... ਪਾਸ਼ ਵੀ ਮੈਨੂੰ ਅੱਜ ਦੇ ਦਿਨ ਬਹੁਤ ਯਾਦ ਆਉਂਦਾ ਏ... ਅੱਜ ਮੇਰਾ ਜਨਮ ਦਿਨ ਐ...।” ਡਾ. ਜਗਤਾਰ ਨੇ ਕੁਝ ਚਿਰ ਪਹਿਲਾਂ ਕੀਤੀ ਆਪਣੀ ਵਿਦੇਸ਼ ਯਾਤਰਾ ਦੇ ਕੁਝ ਵਖਿਆਨ ਸੁਣਾਏ। ਗੱਲਾਂ ਕਰਦਿਆਂ ਕਰਦਿਆਂ ਉਹ ਹੱਸਦਾ ਵੀ ਰਿਹਾ, ਉਦਾਸ ਵੀ ਹੁੰਦਾ ਰਿਹਾ। ਉਸ ਨੇ ਦੱਸਿਆ ਕਿ ਵਾਪਸੀ ਦੇ ਲੰਮੇ ਸਫ਼ਰ ਦੌਰਾਨ ਇੱਕ ਹਵਾਈ ਅੱਡੇ ’ਤੇ ਠਹਿਰਾਅ ਦੇ ਦੌਰਾਨ ਉਸ ਦੀ ਤਬੀਅਤ ਖਰਾਬ ਹੋ ਗਈ ਸੀ। ਪਰਾਏ ਮੁਲਕ ਦੇ ਬਿਗਾਨੇ ਸ਼ਹਿਰ ਵਿੱਚ ਉਸ ਨੂੰ ਹਸਪਤਾਲ ਪਹੁੰਚਾਏ ਜਾਣ ਅਤੇ ਚੰਗੀ ਦੇਖਭਾਲ ਕਰਨ ਵਾਲੇ ਅਜਨਬੀ ਲੋਕਾਂ ਤੇ ਡਾਕਟਰਾਂ ਦੀਆਂ ਗੱਲਾਂ ਸੁਣਾਉਂਦਿਆਂ ਉਹ ਬਹੁਤ ਭਾਵੁਕ ਹੋ ਗਿਆ, “ਪ੍ਰਿਤਪਾਲ, ਮੈਂ ਸੋਚਦਾਂ ਉਸ ਕੁੜੀ ਨਾਲ ਮੇਰਾ ਕੀ ਰਿਸ਼ਤਾ ਸੀ ਜਿਸਨੇ ਬਿਗਾਨੇ ਮੁਲਕ ਦੇ ਹਸਪਤਾਲ ਵਿੱਚ ਮੇਰਾ ਧਿਆਨ ਰੱਖਿਆ ਸੀ ਤੇ ਮੇਰੀ ਜਾਨ ਬਚਾਈ ਸੀ...। ਉਸ ਕੁੜੀ ਨਾਲ ਮੇਰਾ ਕੀ ਰਿਸ਼ਤਾ ਸੀ ਜਿਸ ਨੇ ਮੇਰੀ ਤਬੀਅਤ ਖਰਾਬ ਹੋ ਜਾਣ ਦੌਰਾਨ ਮੇਰੀ ਜੇਬ੍ਹ ਵਿੱਚੋਂ ਡਿੱਗ ਗਏ ਮੇਰੇ ਪਰਸ ਨੂੰ ਸਾਂਭ ਕੇ ਰੱਖ ਲਿਆ ਸੀ ਤੇ ਵਾਪਸੀ ’ਤੇ ਮੈਨੂੰ ਸੌਂਪ ਦਿੱਤਾ ਸੀ...।” ਜਗਤਾਰ ਦੀਆਂ ਗੱਲਾਂ ਦੀ ਲੜੀ ਜੁੜਦੀ ਗਈ ਤੇ ਉਸ ਦੀ ਦਾਸਤਾਨ ਲੰਮੀ ਹੁੰਦੀ ਗਈ। ਆਪਣੀ ਬਿਮਾਰੀ ਬਾਰੇ ਗੱਲਾਂ ਕਰਦਿਆਂ ਉਸ ਦੀਆਂ ਅੱਖਾਂ ਨਮ ਹੋ ਗਈਆਂ ਸਨ। ਅਸੀਂ ਘੰਟਿਆਂਬੱਧੀ ਗੱਲਾਂ ਕਰਦੇ ਰਹੇ। ਮੈਂ ਆਪਣੀਆਂ ਪੁਸਤਕਾਂ ਭੇਂਟ ਕੀਤੀਆਂ ਤਾਂ ਉਸ ਨੇ ਮੈਨੂੰ ਗਲ ਲਾ ਲਿਆ। ਡਾਹਢੇ ਆਪਣੇਪਣ ਦੇ ਲਹਿਜੇ ਵਿੱਚ ਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ।
ਮਨੁੱਖ ਦੀਆਂ ਅਮੁੱਕ ਖ਼ੁਸ਼ੀਆਂ, ਗ਼ਮੀਆਂ, ਅਨੁਭਵਾਂ, ਸਿੱਕਾਂ, ਉਦਗਾਰਾਂ ਆਦਿ ਨੂੰ ਡਾ. ਜਗਤਾਰ ਨੇ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੱਕ ਕਵਿਤਾ ਵਿੱਚ ਢਾਲਿਆ ਹੈ। ਖੋਜ ਕਾਰਜਾਂ ਨਾਲ ਬੜੀ ਸ਼ਿੱਦਤ ਨਾਲ ਜੁੜੇ ਰਹਿਣਾ, ਅਨੁਵਾਦ ਤੇ ਸੰਪਾਦਨ ਕਾਰਜ ਕਰਨਾ, ਚਿੰਤਨ ਤੇ ਚੇਤਨਾ ਦੀ ਜੋਤ ਜਗਾਈ ਰੱਖਣਾ ਉਸ ਦੇ ਹਿੱਸੇ ਆਇਆ ਹੈ। ਦੁੱਧ ਪੱਥਰੀ, ਰੁੱਤਾਂ ਰਾਂਗਲੀਆਂ, ਤਲਖ਼ੀਆਂ ਰੰਗੀਨੀਆਂ, ਅਧੂਰਾ ਆਦਮੀ, ਲਹੂ ਦੇ ਨਕਸ਼, ਛਾਂਗਿਆ ਰੁੱਖ, ਸ਼ੀਸ਼ੇ ਦਾ ਜੰਗਲ, ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ, ਚਨੁਕਰੀ ਸ਼ਾਮ, ਜੁਗਨੂੰ ਦੀਵਾ ਤੇ ਦਰਿਆ, ਅੱਖਾਂ ਵਾਲੀਆਂ ਪੈੜਾਂ, ਮੇਰੇ ਅੰਦਰ ਇੱਕ ਸਮੁੰਦਰ, ਹਰ ਮੋੜ ਤੇ ਸਲੀਬਾਂ, ਪ੍ਰਵੇਸ਼ ਦੁਆਰ, ਮੋਮ ਦੇ ਲੋਕ ਆਦਿ ਉਸ ਦੇ ਪ੍ਰਮੁੱਖ ਕਾਵਿ ਸੰਗ੍ਰਹਿ ਹਨ। ਰੋਮਾਂਟਿਕ ਕਵਿਤਾ ਦੀ ਸਿਰਜਣਾ ਤੋਂ ਆਪਣਾ ਕਾਵਿ ਸਫ਼ਰ ਪ੍ਰਾਰੰਭ ਕਰਕੇ ਜਗਤਾਰ ਦੀ ਕਵਿਤਾ ਸਮਾਜਿਕ, ਆਰਥਿਕ, ਰਾਜਨੀਤਕ, ਇਤਿਹਾਸਕ, ਸੱਭਿਆਚਾਰਕ ਆਦਿ ਸਰੋਕਾਰਾਂ ਨਾਲ ਜਾ ਜੁੜਦੀ ਹੈ। ਜ਼ਿੰਦਗੀ ਦੇ ਕਠੋਰ ਯਥਾਰਥ ਵਿੱਚੋਂ ਉਪਜਦੀ ਉਸ ਦੀ ਕਵਿਤਾ ਲੋਕ ਮਨ ਦੀ ਤਰਜ਼ਮਾਨੀ ਕਰਨ ਲੱਗਦੀ ਹੈ ਤਾਂ ਉਹ ਹਨੇਰਿਆਂ ਖਿਲਾਫ਼ ਲੜਨ ਦਾ ਸੰਕਲਪ ਲੈ ਕੇ ਉਸਰਦੀ ਹੈ। ਉਤਪਾਦਨ ਦੇ ਸਾਧਨਾਂ ਉੱਤੇ ਪੂੰਜੀਪਤੀ ਜਮਾਤ ਦੇ ਕਬਜ਼ੇ, ਨਿਮਨ ਵਰਗ ਦੀ ਤਰਸੇਵੇਂ ਵਾਲੀ ਦਸ਼ਾ, ਮਨੁੱਖ ਵੱਲੋਂ ਮਨੁੱਖ ਉਪਰ ਕੀਤੇ ਜਾਂਦੇ ਜ਼ੁਲਮ ਨੂੰ ਬਿਆਨਣ ਅਤੇ ਹਾਲਾਤ ਦਾ ਸ਼ਿਕਾਰ ਹੋਣ ਵਾਲੀ ਜਮਾਤ ਨੂੰ ਸੰਗਰਾਮ ਰਚਾਉਣ ਤੇ ਸੰਘਰਸ਼ ਵਿੱਚ ਕੁੱਦਣ ਦਾ ਸੱਦਾ ਦੇਣ ਵਾਲੀ ਜਗਤਾਰ ਦੀ ਕਵਿਤਾ ਮਨੁੱਖ ਨੂੰ ਹਲੂਣਦੀ ਹੈ। ਉਸ ਦੀ ਕਵਿਤਾ ਸਮਾਜਿਕ, ਆਰਥਿਕ, ਰਾਜਸੀ ਕ੍ਰਾਂਤੀ ਲਿਆਉਣ ਲਈ ਚੇਤਨਾ ਪੈਦਾ ਕਰਨ ਦਾ ਉਪਰਾਲਾ ਕਰਦੀ ਹੈ। ਸਲੀਮ ਖਾਂ ਜਿੰਮੀ ਅਤੇ ਅਫ਼ਜ਼ਲ ਅਹਿਸਨ ਰੰਧਾਵਾ ਦੇ ਨਾਵਲਾਂ ਕ੍ਰਮਵਾਰ ‘ਸਾਂਝ’ ਅਤੇ ‘ਦੁਆਬਾ’, ਇਸਹਾਕ ਮੁਹੰਮਦ ਦੇ ਡਰਾਮੇ ‘ਕੁਕਨੂਸ’ ਅਤੇ ਮਜ਼ਹੁਰ-ਉਲ-ਇਸਲਾਮ ਦੇ ਕਹਾਣੀ ਸੰਗ੍ਰਹਿ ‘ਹਰਾ ਸਮੁੰਦਰ’ ਦਾ ਲਿਪੀਆਂਤਰ ਵੀ ਉਸ ਨੇ ਕੀਤਾ ਹੈ। ਉਸ ਨੇ ਫ਼ੈਜ਼ ਅਹਿਮਦ ਫ਼ੈਜ਼ ਦੀ ਚੋਣਵੀਂ ਕਵਿਤਾ ‘ਰਾਤ ਦੀ ਰਾਤ’ ਅਤੇ ਅਬਦੁੱਲਾ ਹੁਸੈਨ ਦੇ ਨਾਵਲ ‘ਰਾਤ’ ਦਾ ਅਨੁਵਾਦ ਕਰਨ ਤੋਂ ਇਲਾਵਾ ‘ਦੁੱਖ ਦਰਿਆਉਂ ਪਾਰ ਦੇ’, ‘ਆਖਿਆ ਫਰੀਦ ਨੇ’, ‘ਸੂਫੀ ਕਾਵਿ ਤੇ ਉਸ ਦਾ ਪਿਛੋਕੜ’, ‘ਹੀਰ ਦਮੋਦਰ’ ਆਦਿ ਦਾ ਸੰਪਾਦਨ ਵੀ ਕੀਤਾ। ‘ਕਲਾ ਸਿਰਜਕ’ ਤ੍ਰੈ-ਮਾਸਿਕ ਸਾਹਿਤਕ ਪਰਚੇ ਦੇ ਮੁੱਖ ਸੰਪਾਦਕ ਵਜੋਂ ਜ਼ਿੰਮੇਵਾਰੀ ਵੀ ਉਹ ਪੂਰੀ ਤਨਦੇਹੀ ਨਾਲ ਨਿਭਾਉਂਦਾ ਰਿਹਾ। ਪੁਸਤਕ ‘ਅਣਮੁੱਕ ਸਫ਼ਰ’ ਵਿੱਚ ਡਾ. ਜਗਤਾਰ ਨੇ ਆਪਣੀ ਕਾਵਿ ਰਚਨਾ ਦੇ ਬਹੁਤੇ ਭਾਗ ਨੂੰ ਸਾਂਭਿਆ ਹੈ। ‘ਬਰਫ਼ ਹੇਠ ਦੱਬੇ ਹਰਫ਼’ ਗ਼ਜ਼ਲ ਸੰਗ੍ਰਹਿ ਦਾ ਸੰਪਾਦਨ, ‘ਹਮ ਸਫ਼ਰ’ ਪੁਸਤਕ ਵਿੱਚ ਮੁਲਾਕਾਤਾਂ ਦਾ ਸੰਪਾਦਨ, ‘ਪੱਥਰਾਂ ’ਤੇ ਤੁਰਦੇ ਲੋਕ’ (ਮੱਖਣ ਮਾਨ ਦੇ ਨਾਲ) ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ ਦਾ ਸੰਪਾਦਨ ਕਰਨ ਤੋਂ ਇਲਾਵਾ ਡਾ. ਜਗਤਾਰ ਨੇ ਹੋਰ ਵੀ ਬਹੁਤ ਕੰਮ ਕੀਤਾ। ਜਗਤਾਰ ਦੀ ਕਵਿਤਾ ਉੱਪਰ ਕਈ ਖੋਜ ਵਿਦਿਆਰਥੀਆਂ ਨੇ ਐਮ.ਫਿਲ. ਅਤੇ ਪੀਐੱਚ.ਡੀ. ਪੱਧਰ ਤੱਕ ਦਾ ਖੋਜ ਕਾਰਜ ਕੀਤਾ ਹੈ। 1996 ਵਿੱਚ ਉਸ ਦੀ ਪੁਸਤਕ ‘ਜੁਗਨੂੰ ਦੀਵਾ ਤੇ ਦਰਿਆ’ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਸੀ। ਜ਼ਿੰਦਗੀ ਦੀਆਂ ਅਨੇਕ ਤਲਖ਼ੀਆਂ ਰੰਗੀਨੀਆਂ ਦਾ ਕਾਵਿ ਚਿਤਰਣ ਕਰਨ ਵਾਲਾ ਡਾ. ਜਗਤਾਰ 30 ਮਾਰਚ 2010 ਨੂੰ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਸੀ। ਉਸ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਛਾਈ ਉਦਾਸੀ ਭੁੱਲ ਜਾਣ ਵਾਲੀ ਘਟਨਾ ਨਹੀਂ।
ਸਰਲ ਤੋਂ ਜਟਿਲ ਹੋ ਗਈ ਮਨੁੱਖੀ ਜ਼ਿੰਦਗੀ ਨੂੰ ਡਾ. ਜਗਤਾਰ ਨੇ ਬੜੀ ਬਾਰੀਕੀ ਨਾਲ ਚਿਤਰਿਆ ਹੈ। ਸਮੇਂ ਸਮੇਂ ਦੇ ਹਾਕਮਾਂ ਦੇ ਬਦਲਦੇ ਕਿਰਦਾਰ; ਹੱਕ, ਸੱਚ, ਨਿਆਂ ਆਦਿ ਨੂੰ ਲੱਗਣ ਵਾਲੇ ਖੋਰੇ; ਝੂਠ, ਛਲ, ਕਪਟ, ਵਿਭਚਾਰ ਦੇ ਬੋਲਬਾਲੇ; ਰਿਸ਼ਤਿਆਂ ਵਿੱਚੋਂ ਮੁੱਕ ਰਹੀ ਅਪਣੱਤ; ਪਾਰੇ ਵਾਂਗ ਡੋਲਦੇ ਮਨੁੱਖੀ ਸੁਭਾਅ; ਅੰਦਰੋਂ ਬਾਹਰੋਂ ਟੁੱਟਦੇ ਜਾ ਰਹੇ ਮਨੁੱਖ ਦੇ ਅਸਲੇ; ਵਿਗੋਚਿਆਂ-ਨਿਹੋਰਿਆਂ ਮਾਰੀ ਜ਼ਿੰਦਗੀ ਨੂੰ ਉਹ ਅਰਥ ਭਰਪੂਰ ਕਾਵਿ ਬਿੰਬਾਂ ਰਾਹੀਂ ਪੇਸ਼ ਕਰਦਾ ਹੈ। ਜ਼ਿੰਦਗੀ ਦੀ ਵੀਰਾਨੀ, ਇਕੱਲਤਾ, ਅਜਨਬੀਅਤ, ਬੇਗਾਨਗੀ ਆਦਿ ਉਸ ਨੂੰ ਸਤਾਉਂਦੀ ਹੈ। ਜਗਤਾਰ ਮਨੁੱਖ ਨੂੰ ਮਨੁੱਖਤਾ ਵਿੱਚ ਵਿਸ਼ਵਾਸ ਬਣਾਈ ਰੱਖਣ ਲਈ ਕਹਿੰਦਾ ਹੈ। ‘ਹਰ ਮੋੜ ’ਤੇ ਸਲੀਬਾਂ’ ਨੂੰ ਉਲੰਘ ਕੇ ਉਨ੍ਹਾਂ ਤੋਂ ਪਾਰ ਜਾਣ ਲਈ ਕਹਿੰਦਾ ਹੈ। ਉਹ ਧਰਤੀ, ਪਾਣੀ, ਪ੍ਰਕਿਰਤੀ ਆਦਿ ਦੀ ਖ਼ੂਬਸੂਰਤੀ ਬਣਾਈ ਰੱਖਣ ਦਾ ਸੱਦਾ ਵੀ ਦਿੰਦਾ ਹੈ। ਮਨੁੱਖ ਦੇ ਦੋਗਲੇ ਕਿਰਦਾਰ ਤੋਂ ਸਾਵਧਾਨ ਰਹਿਣ ਲਈ ਕਹਿੰਦਾ ਹੈ:
ਲੋਕ ਪੱਥਰ ਵੇਚਦੇ ਨੇ ਸ਼ੀਸ਼ਿਆਂ ਦੇ ਨਾਲ ਨਾਲ
ਹਾਵ ਭਾਵਾਂ ’ਤੇ ਨਜ਼ਰ ਰੱਖ ਚਿਹਰਿਆਂ ਦੇ ਨਾਲ ਨਾਲ
ਮਨੁੱਖੀ ਜ਼ਿੰਦਗੀ ਦੀ ਜਿੱਤ-ਹਾਰ, ਤੰਗੀਆਂ-ਦੁਸ਼ਵਾਰੀਆਂ, ਹਿੰਸਾ-ਅਹਿੰਸਾ, ਸ਼ਾਂਤੀ-ਅਸ਼ਾਂਤੀ, ਚਾਨਣ-ਹਨੇਰ, ਉਜਾੜੇ-ਵਸੇਬੇ ਆਦਿ ਬਾਰੇ ਚੇਤਨਾ ਦੀ ਉਜਵਲ ਜੋਤ ਜਗਾਉਣ ਅਤੇ ਦਾਰਸ਼ਨਿਕ ਸਰੋਕਾਰਾਂ ਨੂੰ ਪੇਸ਼ ਕਰਨ ਵਾਲੀਆਂ ਅਮਰ ਰਚਨਾਵਾਂ ਡਾ. ਜਗਤਾਰ ਦੇ ਕਾਵਿ ਜਗਤ ਦੇ ਸਾਹਿਤਕ ਮਹੱਤਵ ਵਿੱਚ ਵਾਧਾ ਕਰਦੀਆਂ ਹਨ।
ਡੁਬੋ ਸਕਿਆ ਨਾ ਥਲ ਦਾ, ਨਾ ਸਮੁੰਦਰ ਦਾ ਸਫ਼ਰ ਮੈਨੂੰ
ਹੈ ਲੈ ਡੁੱਬਾ ਮਗਰ ਆਪਣੇ ਹੀ ਅੰਦਰ ਦਾ ਸਫ਼ਰ ਮੈਨੂੰ।
(ਜੁਗਨੂੰ ਦੀਵਾ ਤੇ ਦਰਿਆ)
ਮੈਂ ਸਮੁੰਦਰ ਦਾ ਕਿਵੇਂ ਸੰਗੀਤ ਮਾਣਾਂ ਦੋਸਤੋ
ਜ਼ਿਹਨ ਵਿੱਚ ਜਦ ਗੂੰਜਦੀ ਮੋਈ ਨਦੀ ਦੀ ਚੀਕ ਹੈ।
(ਅੱਖਾਂ ਵਾਲੀਆਂ ਪੈੜਾਂ)
ਡਾ. ਜਗਤਾਰ ਸੱਚੀਆਂ, ਸੁੱਚੀਆਂ ਤੇ ਸੁਹਿਰਦ ਮਨੁੱਖੀ ਭਾਵਨਾਵਾਂ ਦਾ ਕਦਰਦਾਨ ਹੈ। ਉਹ ਲਿਖਦਾ ਹੈ:
ਮਿਰੀ ਦੀਵਾਨਗੀ ਦੀ ਦਾਦ ਕੋਈ ਦੇਵੇ ਜਾਂ ਨਾ ਦੇਵੇ
ਜਗਾ ਕੇ ਤੀਲ੍ਹੀਆਂ ਹਨੇਰੇ ’ਚੋਂ ਸੂਰਜ ਭਾਲਦਾ ਰਹਿਨਾਂ
ਮਿਲੀ ਹੈ ਜ਼ਿੰਦਗੀ ਕਿਸ਼ਤਾਂ ’ਚ ਉਹ ਵੀ ਹੈ ਖ਼ਿਜ਼ਾਂ ਵਰਗੀ
ਮੈਂ ਇਸ ਦੇ ਨਕਸ਼ ਰੰਗਾਂ ਵਿੱਚ ਫਿਰ ਵੀ ਢਾਲਦਾ ਰਹਿਨਾਂ
(ਅੱਖਾਂ ਵਾਲੀਆਂ ਪੈੜਾਂ)
ਡਾ. ਜਗਤਾਰ ਮਨੁੱਖ ਨੂੰ ਭਾਂਜਵਾਦ ਤੋਂ ਬਚਣ ਲਈ ਕਹਿੰਦਾ ਹੈ। ਉਹ ਪਿਆਸੀ ਧਰਤੀ ਲਈ ਰਹਿਮਤਾਂ ਦੇ ਮੀਂਹ ਦੀ ਮੰਗ ਕਰਦਾ ਹੈ। ਜੀਵਨ ਨੂੰ ਰੰਗੀਨ ਬਣਾਉਣ ਲਈ ਜਿਗਰੇ, ਉਤਸ਼ਾਹ ਤੇ ਪਰਸਪਰ ਵਿਸ਼ਵਾਸ ਨੂੰ ਬਣਾਈ ਰੱਖਣ ਲਈ ਕਹਿੰਦਾ ਹੈ। ਉਹ ਮੁਹੱਬਤ ਦਾ ਉਪਾਸ਼ਕ ਹੈ। ਦਰਵੇਸ਼ਾਂ ਵਾਂਗ ਸਭ ਦੀ ਖ਼ੈਰ ਸੁੱਖ ਮੰਗਦਾ ਹੈ। ਡਾ. ਜਗਤਾਰ ਦੀਆਂ ਗ਼ਜ਼ਲਾਂ ਕਲਾ, ਵਿਸ਼ਵ ਚੇਤਨਾ, ਬ੍ਰਹਿਮੰਡੀ ਪਸਾਰੇ, ਕਾਇਨਾਤ ਦੇ ਰਹੱਸਾਂ, ਧਰਤੀ ਦੀ ਉਥਲ-ਪੁਥਲ, ਮਨੁੱਖ ਦੀ ਖੁਰਦੀ ਜਾ ਰਹੀ ਹੋਂਦ, ਉਸ ਦੀ ਜਗਿਆਸਾ ਅਤੇ ਉਸ ਦੇ ਸਵੈ ਆਦਿ ਬਾਰੇ ਬਹੁਤ ਕੁਝ ਪੁੱਛਦੀਆਂ ਦੱਸਦੀਆਂ ਹਨ। ਉਸ ਦੀਆਂ ਗ਼ਜ਼ਲਾਂ ਜ਼ਿੰਦਗੀ ਦੀ ਅਣਲਿਖੀ ਇਬਾਰਤ ਨੂੰ ਪੜ੍ਹਨ/ਸਮਝਣ ਅਤੇ ਇਸ ਦੇ ਅਰਥਾਂ ਦੀ ਤਲਾਸ਼ ਕਰਨ ਦੀ ਦਿਸ਼ਾ ਵੱਲ ਸੇਧਤ ਹੁੰਦੀਆਂ ਹਨ। ਉਹ ਇਨਸਾਨੀਅਤ ਦੀ ਮੌਤ ਹੋ ਜਾਣ, ਸੰਸਾਰ ਦੇ ਨਿੱਘਰਦੇ ਜਾਣ ਅਤੇ ਪ੍ਰਕਿਰਤੀ ਦੇ ਵਿਨਾਸ਼ ਵੱਲ ਵਧਣ ਉਪਰ ਚਿੰਤਾ ਪ੍ਰਗਟ ਕਰਦਾ ਹੈ। ਇੱਥੋਂ ਤੱਕ ਕਿ ਉਸ ਨੇ ਪਰਿੰਦਿਆਂ ਦੀ ਮੌਤ ’ਤੇ ਵੀ ਮਰਸੀਏ ਲਿਖੇ ਹਨ। ‘ਚਨੁਕਰੀ ਸ਼ਾਮ’ ਪੁਸਤਕ ਵਿੱਚ ‘ਪਰਿੰਦਿਆਂ ਦਾ ਮਰਸੀਆ’ ਦੇ ਹੇਠ ਲਿਖੇ ਕਾਵਿ ਅੰਸ਼ ਵੇਖਣ ਯੋਗ ਹਨ:
ਪਰਿੰਦੇ ਜਾਣ ਹੁਣ ਕਿੱਥੇ?
ਤੁਸੀਂ ਤਾਂ ਆਲ੍ਹਣੇ ਸਭ ਸਾੜ ਨੇ ਦਿੱਤੇ
ਪਰਿੰਦੇ ਜਾਣ ਹੁਣ ਕਿੱਥੇ?
ਜਿਗਰ ਪਾਟਾ, ਕਿਸੇ ਦੀ ਅੱਖ ਗਵਾਚੀ
ਕਿਸੇ ਦੇ ਘਰ, ਕਿਸੇ ਦੇ ਪਰ ਸੜੇ ਨੇ
ਤੁਹਾਨੂੰ ਕੀ ਪਤਾ ਦਿਲ ਹੀਣਿਆਂ ਨੂੰ
ਕਿ ਇੱਕ ਇੱਕ ਘਰ ’ਚ ਕਿੰਨੇ ਘਰ ਸੜੇ ਨੇ
ਛੁਪੀ ਹੋਈ ਅਗਨ ਰੋਹ ਦੀ
ਧੁਆਂਖੇ ਚਿਹਰਿਆਂ ਪਿੱਛੇ
ਪਰਿੰਦੇ ਜਾਣ ਹੁਣ ਕਿੱਥੇ?
(ਚਨੁਕਰੀ ਸ਼ਾਮ)
ਡਾ. ਜਗਤਾਰ ਨੇ ਜ਼ਿੰਦਗੀ ਵਿੱਚ ਅਨੇਕ ਸਦਮੇ ਸਹਾਰੇ ਅਤੇ ਸਮੇਂ ਦੇ ਸੇਕ ਸਹੇ। ਉਹ ਹਨੇਰਿਆਂ ਦੇ ਰੂਬਰੂ ਹੋਇਆ। ਫਿਰ ਵੀ ਉਹ ਹਨੇਰਿਆਂ ਨੂੰ ਚੀਰਦਾ ਰਿਹਾ। ਸਦਾ ਰੌਸ਼ਨੀ ਦੀ ਤਲਾਸ਼ ਵਿੱਚ ਰਹਿੰਦਾ। ਠੰਢਕ ਵਰਤਾਉਂਦਾ ਰਿਹਾ। ਸਮੇਂ ਨੂੰ ਹਮੇਸ਼ਾ ਵੰਗਾਰਦਾ ਰਿਹਾ।
ਹੁਸ਼ਿਆਰਪੁਰ ਦੇ ਰੇਲਵੇ ਮੰਡੀ ਮੁਹੱਲੇ ਵਿੱਚ ਉਹ ਕਈ ਸਾਲ ਰਹਿੰਦਾ ਰਿਹਾ। ਇੱਕ ਵਾਰ ਉਸ ਦੀ ਤਬੀਅਤ ਕੁਝ ਜ਼ਿਆਦਾ ਖਰਾਬ ਹੋ ਗਈ। ਮਿਜ਼ਾਜਪੁਰਸ਼ੀ ਲਈ ਮੈਂ ਕਈ ਦਿਨ ਉਸ ਦੇ ਘਰ ਜਾਂਦਾ ਰਿਹਾ। ਇੱਕ ਸ਼ਾਮ ਤਬੀਅਤ ਕੁਝ ਜ਼ਿਆਦਾ ਵਿਗੜ ਜਾਣ ’ਤੇ ਮੈਂ ਸ਼ਹਿਰ ਦੇ ਇੱਕ ਨਾਮਵਰ ਡਾਕਟਰ ਕੋਲ ਗਿਆ। ਸੁਣਿਆ ਸੀ ਕਿ ਉਹ ਡਾਕਟਰ ਮਰੀਜ਼ ਨੂੰ ਵੇਖਣ ਵਾਸਤੇ ਮਰੀਜ਼ ਦੇ ਘਰ ਨਹੀਂ ਸੀ ਜਾਂਦਾ। ਮੈਂ ਡਾਕਟਰ ਨੂੰ ਬੇਨਤੀ ਕਰਦਿਆਂ ਡਾ. ਜਗਤਾਰ ਬਾਰੇ ਸੰਖੇਪ ਵਿੱਚ ਦੱਸਦਿਆਂ ਉਸ ਦੀ ਤਬੀਅਤ ਵਿਗੜ ਜਾਣ ਬਾਰੇ ਵੀ ਦੱਸਿਆ। ਉਹ ਮੇਰੇ ਨਾਲ ਚੱਲਣ ਲਈ ਤਿਆਰ ਹੋ ਗਿਆ। ਮੈਂ ਸਕੂਟਰ ’ਤੇ ਬਿਠਾ ਕੇ ਉਸ ਨੂੰ ਜਗਤਾਰ ਦੇ ਘਰ ਲੈ ਗਿਆ। ਜਗਤਾਰ ਨੇ ਡਾਕਟਰ ਨੂੰ ਆਪਣੀ ਹਾਲਤ ਦੱਸੀ। ਪਾਕਿਸਤਾਨ ਤੋਂ ਲਿਆਂਦੀ ਇੱਕ ਦਵਾਈ ਜੋ ਉਹ ਪਹਿਲਾਂ ਤੋਂ ਲੈ ਰਿਹਾ ਸੀ, ਬਾਰੇ ਵੀ ਡਾਕਟਰ ਨੂੰ ਦੱਸਿਆ। ਡਾਕਟਰ ਨੇ ਦਵਾਈਆਂ ਲਿਖ ਦਿੱਤੀਆਂ। ਡਾਕਟਰ ਨੂੰ ਹੌਲੀ ਹੌਲੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਿਸ ਮਰੀਜ਼ ਨੂੰ ਉਹ ਵੇਖਣ ਆਇਆ ਹੈ, ਉਹ ਕੋਈ ਸਾਧਾਰਨ ਆਦਮੀ ਨਹੀਂ ਸਗੋਂ ਇਕ ਵੱਡਾ ਲੇਖਕ ਹੈ। ਮੈਂ ਡਾਕਟਰ ਨੂੰ ਕਲੀਨਿਕ ’ਤੇ ਵਾਪਸ ਛੱਡ ਆਇਆ। ਇਹ ਡਾਕਟਰ ਉੱਪਰ ਉਸ ਦੀ ਸ਼ਖ਼ਸੀਅਤ ਦਾ ਪ੍ਰਭਾਵ ਸੀ ਕਿ ਉਹ ਕਈ ਦਿਨ ਦਵਾ-ਦਾਰੂ ਦੱਸਣ ਲਈ ਉਸ ਦੇ ਘਰ ਖ਼ੁਦ ਜਾਂਦਾ ਰਿਹਾ। ਕੁਝ ਦਿਨਾਂ ਪਿੱਛੋਂ ਡਾ. ਜਗਤਾਰ ਆਮ ਵਾਂਗ ਕਾਲਜ ਆਉਣ ਲੱਗਿਆ।
ਡਾ. ਜਗਤਾਰ ਦਬੰਗ ਤੇ ਖ਼ੁਦਦਾਰ ਸ਼ਖ਼ਸੀਅਤ ਦਾ ਮਾਲਕ ਸੀ। ਉਸ ਦੇ ਸਮਕਾਲੀ ਕਵੀਆਂ ਵਿੱਚੋਂ ਡਾ. ਵਿਸ਼ਵਨਾਥ ਤਿਵਾੜੀ, ਜਸਬੀਰ ਸਿੰਘ ਆਹਲੂਵਾਲੀਆ, ਅਮਰੀਕ ਸਿੰਘ ਪੂਨੀ, ਸਤਿੰਦਰ ਸਿੰਘ ਨੂਰ ਆਦਿ ਵੱਡੇ ਅਹੁਦਿਆਂ ਉੱਪਰ ਸਨ। ਜਦ ਕਦੇ ਵੱਡੇ ਅਫਸਰ ਕਵੀ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕਰਨੀ ਹੁੰਦੀ ਜਾਂ ਕਾਵਿ ਮਹਿਫ਼ਿਲ ਦੇ ਮੁੱਖ ਮਹਿਮਾਨ ਹੋਣਾ ਹੁੰਦਾ ਤਾਂ ਡਾ. ਜਗਤਾਰ ਇਹ ਕਹਿ ਕੇ ਕਵਿਤਾ ਪੜ੍ਹਨ ਤੋਂ ਇਨਕਾਰ ਕਰ ਦਿੰਦਾ ਕਿ ਮੁੱਖ ਮਹਿਮਾਨ ਵੱਡਾ ਅਫਸਰ ਤਾਂ ਬੇਸ਼ੱਕ ਹੈ ਪਰ ਮੇਰੇ ਨਾਲੋਂ ਵੱਡਾ ਕਵੀ ਨਹੀਂ। ਅਜਿਹੀਆਂ ਗੱਲਾਂ ਉਹ ਆਪਣੇ ਮਿੱਤਰਾਂ ਦੀ ਮਹਿਫ਼ਿਲ ਵਿੱਚ ਅਕਸਰ ਸੁਣਾਉਂਦਾ। ਕਈ ਸਾਲ ਪਹਿਲਾਂ ਹੁਸ਼ਿਆਰਪੁਰ ਵਿਖੇ ਇੱਕ ਸੰਸਥਾ ਨੇ ਬੜੇ ਵੱਡੇ ਪੱਧਰ ’ਤੇ ਇੱਕ ਸਾਹਿਤਕ ਸਮਾਗਮ ਕੀਤਾ। ਸਮਾਗਮ ਦੇ ਪ੍ਰਬੰਧਕਾਂ ਵਿੱਚ ਬਹੁਤੇ ਪ੍ਰਸ਼ਾਸਨਿਕ ਅਧਿਕਾਰੀ ਸਨ। ਹੋਰਨਾਂ ਨਾਮਵਰ ਲੇਖਕਾਂ ਦੀ ਸ਼ਮੂਲੀਅਤ ਵਾਲੇ ਉਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਭਜੋਤ ਕੌਰ ਤੇ ਨਰਿੰਦਰ ਪਾਲ ਸਿੰਘ ਸਨ। ਹੁਸ਼ਿਆਰਪੁਰ ਦਾ ਤਤਕਾਲੀ ਐੱਸ.ਡੀ.ਐੱਮ. ਮੇਰਾ ਬੀ.ਏ. ਤੱਕ ਦਾ ਜਮਾਤੀ ਰਿਹਾ ਸੀ। ਉਸ ਨੇ ਮੈਨੂੰ ਸਮਾਗਮ ਦੀ ਸਵਾਗਤੀ ਕਮੇਟੀ ਵਿੱਚ ਸ਼ਾਮਿਲ ਕਰ ਲਿਆ। ਪ੍ਰਭਜੋਤ ਕੌਰ ਤੇ ਨਰਿੰਦਰਪਾਲ ਸਿੰਘ ਦਾ ਅਸੀਂ ਗੁਲਦਸਤਿਆਂ ਨਾਲ ਸਵਾਗਤ ਕੀਤਾ ਤੇ ਆਦਰ ਮਾਣ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਸਥਾਨ ਤੱਕ ਛੱਡਣ ਲਈ ਅਗਵਾਨੀ ਵੀ ਕੀਤੀ। ਪ੍ਰਬੰਧਕਾਂ ਦੀ ਇੱਛਾ ਸੀ ਕਿ ਡਾ. ਜਗਤਾਰ ਸਮਾਗਮ ਦੌਰਾਨ ਪ੍ਰਬੰਧਕਾਂ ਵਿੱਚ ਵਿਚਰੇ ਪਰ ਜਗਤਾਰ ਨੇ ਸਵਾਗਤੀ ਕਮੇਟੀ ਜਾਂ ਕਿਸੇ ਹੋਰ ਕਮੇਟੀ ਵਿੱਚ ਸ਼ਾਮਿਲ ਹੋਣ ਜਾਂ ਪ੍ਰਮੁੱਖ ਕਵੀ ਵਜੋਂ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ।
ਡਾ. ਜਗਤਾਰ ਸਮੇਂ ਸਮੇਂ ਵੱਡੇ ਲੇਖਕਾਂ ਨੂੰ ਸਰਕਾਰੀ ਕਾਲਜ, ਹੁਸ਼ਿਆਰਪੁਰ ਦੇ ਵਿਦਿਆਰਥੀਆਂ ਦੇ ਰੂਬਰੂ ਕਰਵਾਉਂਦਾ ਰਿਹਾ। ਉਹ ਅਨੁਭਵ ਅਜੇ ਤੱਕ ਵੀ ਉਨ੍ਹਾਂ ਵਿਦਿਆਰਥੀਆਂ ਦੇ ਚੇਤਿਆਂ ਵਿੱਚ ਤਾਜ਼ਾ ਹਨ।
ਇੱਕ ਵਾਰ ਅਸੀਂ ਕੁਝ ਜਣੇ ਕੁਝ ਦਿਨਾਂ ਲਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਠਹਿਰੇ ਸਾਂ। ਡਾ. ਜਗਤਾਰ ਦਾ ਆਪਣੇ ਮਿੱਤਰ ਤੇ ਪੀਸੀਐੱਸ ਅਧਿਕਾਰੀ ਪ੍ਰੀਤਮ ਸਿੰਘ ਨੂੰ ਮਿਲਣ ਦਾ ਮਨ ਕਰ ਆਇਆ। ਉਸ ਨੇ ਮੈਨੂੰ ਨਾਲ ਚੱਲਣ ਲਈ ਕਿਹਾ। ਵਰਾਂਡੇ ਵਿੱਚੋਂ ਹੀ, “ਓ ਪ੍ਰੀਤਮ ਸਿਹਾਂ’’ ਦੀ ਸੰਬੋਧਨੀ ਸੁਰ ਵਿੱਚ ਉਸ ਨੇ ਉੱਚੀ ਸਾਰੀ ਆਵਾਜ਼ ਮਾਰੀ। ਅਫਸਰ ਦੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਇਹ ਬੜੇ ਅਚੰਭੇ ਭਰਪੂਰ ਬੋਲ ਸਨ ਕਿ ਇੰਨੇ ਵੱਡੇ ਅਫਸਰ ਨੂੰ ਏਨੀ ਉੱਚੀ ਆਵਾਜ਼ ਵਿੱਚ ਉਸ ਦਾ ਨਾਂ ਲੈ ਕੇ ਪੁਕਾਰਨ ਵਾਲਾ ਇਹ ਵਿਅਕਤੀ ਕੌਣ ਹੋ ਸਕਦਾ ਹੈ। ਸਭ ਹੈਰਾਨ ਸਨ। ਜਗਤਾਰ ਬਗੈਰ ਕੁਝ ਦੱਸਣ ਪੁੱਛਣ ਤੋਂ ਪ੍ਰੀਤਮ ਸਿੰਘ ਦੇ ਦਫ਼ਤਰ ਜਾ ਵੜਿਆ। ਉਹ ਜਿਗਰੀ ਦੋਸਤਾਂ ਪ੍ਰਤੀ ਅਜਿਹੀ ਅਪਣੱਤ ਰੱਖਦਾ ਸੀ।
ਜਗਤਾਰ ਦੇ ਜ਼ਿਹਨ ਵਿੱਚ ਕੋਈ ਨਾ ਕੋਈ ਨਜ਼ਮ ਜਾਂ ਸ਼ਿਅਰ ਅਕਸਰ ਅਭਿਆਸ ਕਰ ਰਹੇ ਹੁੰਦੇ। ਇੱਕ ਵਾਰ ਸਕੂਟਰ ਚਲਾਉਂਦਿਆਂ ਸਕੂਟਰ ਦੇ ਸਲਿਪ ਹੋ ਜਾਣ ਕਰਕੇ ਉਹ ਬਾਂਹ ’ਤੇ ਸੱਟ ਲਗਵਾ ਬੈਠਾ। ਹਾਲ ਚਾਲ ਪੁੱਛਣ ਆਉਣ ਵਾਲਿਆਂ ਨੂੰ ਹੱਸ ਕੇ ਕਹਿੰਦਾ, “ਸਕੂਟਰ ਚਲਾਉਂਦਿਆਂ ਮੈਨੂੰ ਇਹ ਖ਼ਿਆਲ ਹੀ ਭੁੱਲ ਗਿਆ ਸੀ ਕਿ ਹੁਣ ਗੇਅਰ ਲਗਾਉਣਾ ਹੈ ਜਾਂ ਸ਼ਿਅਰ ਬਣਾਉਣਾ ਹੈ... ਤੇ ਸਕੂਟਰ ਉਲਟ ਗਿਆ...।” ਉਸ ਪਿੱਛੋਂ ਉਸ ਨੇ ਸਕੂਟਰ ਨਹੀਂ ਚਲਾਇਆ।
ਬਣ-ਠਣ ਕੇ ਰਹਿਣਾ ਡਾ. ਜਗਤਾਰ ਦੀ ਸ਼ਖ਼ਸੀਅਤ ਦਾ ਖ਼ੂਬਸੂਰਤ ਪਹਿਲੂ ਸੀ। ਕਈ ਸਾਲ ਉਹ ਆਪਣੇ ਕੋਲ ਰਿਵਾਲਵਰ ਰੱਖਦਾ ਰਿਹਾ। ਉਸ ਦੇ ਕਈ ਦੋਸਤ ਉਸ ਨੂੰ ਅਰਧ-ਜਗੀਰੂ ਸ਼ੌਕ ਪਾਲਣ ਵਾਲਾ ਵਿਅਕਤੀ ਵੀ ਕਹਿੰਦੇ ਸਨ। ਮਹਿੰਗੇ ਕੱਪੜੇ, ਮਹਿੰਗੇ ਕੈਮਰੇ, ਲੰਮੇ ਲੰਮੇ ਬੇਹੱਦ ਖਰਚੀਲੇ ਟੂਰ ਲਗਾਉਣ ਦਾ ਉਹ ਬਹੁਤ ਸ਼ੌਕੀਨ ਸੀ। ਕਈ ਵਾਰ ਘੰਟਿਆਂਬੱਧੀ ਚੰਡੀਗੜ੍ਹ ਦੇ ਕਈ ਸੈਕਟਰਾਂ ਵਿੱਚ ਸ਼ੌਕੀਆ ਤੌਰ ’ਤੇ ਉਹ ਵਿੰਡੋ ਸ਼ਾਪਿੰਗ ਵੀ ਕਰਦਾ ਰਹਿੰਦਾ। ਅਜਿਹਾ ਕਰਨਾ ਵੀ ਉਸ ਨੂੰ ਚੰਗਾ ਲੱਗਦਾ। ਫੋਟੋਗ੍ਰਾਫੀ ਕਰਨ ਦਾ ਸ਼ੌਕ ਉਸ ਨੂੰ ਜਨੂਨ ਦੀ ਹੱਦ ਤੱਕ ਸੀ। ਹੁਸ਼ਿਆਰਪੁਰ ਤੇ ਆਸ-ਪਾਸ ਦੇ ਕਈ ਇਲਾਕਿਆਂ ਦੀ ਫੋਟੋਗ੍ਰਾਫੀ ਕਰਨ ਲਈ ਮੈਨੂੰ ਵੀ ਕਈ ਵਾਰ ਉਸ ਦੇ ਨਾਲ ਜਾਣ ਦਾ ਮੌਕਾ ਮਿਲਦਾ ਰਿਹਾ। ਪ੍ਰੋ. ਪਰਬਿੰਦਰ ਸਿੰਘ ਤੇ ਪ੍ਰੋ. ਭਾਰਤ ਭੂਸ਼ਣ ਭਾਰਤੀ ਵੀ ਬਹੁਤੀ ਵਾਰ ਉਸ ਦੇ ਨਾਲ ਹੁੰਦੇ।
ਡਾ. ਜਗਤਾਰ ਨੂੰ ਦੂਰ ਨੇੜੇ ਘੁੰਮਣ ਫਿਰਨ ਦਾ ਬਹੁਤ ਸ਼ੌਕ ਸੀ। ਛੁੱਟੀਆਂ ਵਿੱਚ ਉਹ ਅਕਸਰ ਦੋਸਤਾਂ ਨਾਲ ਲੰਮੇ ਟੂਰ ’ਤੇ ਨਿਕਲ ਜਾਂਦਾ। ਕਈ ਸਾਲਾਂ ਦੀਆਂ ਦਸੰਬਰ ਮਹੀਨੇ ਦੀਆਂ ਛੁੱਟੀਆਂ ਦੌਰਾਨ ਉਹ ਰਾਜਸਥਾਨ ਦੇ ਦੂਰ-ਦੁਰਾਡੇ ਦੇ ਇਲਾਕੇ ਗਾਹ ਆਉਂਦਾ। ਉਸ ਨੇ ਅਕਸਰ ਕਹਿਣਾ, ‘‘ਮੈਨੂੰ ਰਾਜਸਥਾਨ ਵਿੱਚ ਘੁੰਮਣਾ ਬਹੁਤ ਚੰਗਾ ਲੱਗਦਾ ਹੈ। ਮੈਂ ਉੱਥੋਂ ਦੇ ਰਾਜਿਆਂ-ਰਾਣੀਆਂ, ਸ਼ਾਹੀ ਮਹੱਲਾਂ, ਕਿਲ੍ਹਿਆਂ, ਇਤਿਹਾਸਕ ਇਮਾਰਤਾਂ, ਮਾਰੂਥਲਾਂ, ਪੁਰਾਤਨ ਯਾਦਗਾਰਾਂ ਆਦਿ ਦਾ ਅਧਿਐਨ ਕਰਦਾ ਰਹਿੰਦਾ ਹਾਂ...।” ਉਹ ਰਾਣੀ ਪਦਮਨੀ ਉੱਪਰ ਮਹਾਂ-ਕਾਵਿ ਲਿਖਣਾ ਚਾਹੁੰਦਾ ਸੀ। ਕਿਲ੍ਹਿਆਂ, ਸਿੱਕਿਆਂ, ਇਤਿਹਾਸਕ ਇਮਾਰਤਾਂ, ਕੰਧ ਚਿੱਤਰਾਂ, ਦਰਵਾਜ਼ਿਆਂ ਅਤੇ ਇਤਿਹਾਸ ਦੀ ਰਹਿੰਦ-ਖੂੰਹਦ ਉੱਪਰ ਉਹ ਖੋਜ ਭਰਪੂਰ ਪੁਸਤਕਾਂ ਦੀ ਰਚਨਾ ਕਰਨ ਦਾ ਇਰਾਦਾ ਰੱਖਣ ਵਾਲਾ ਵਿਦਵਾਨ ਸੀ। ਕਈ ਸਾਲ ਪਹਿਲਾਂ ਉਸ ਦੇ ਭਰਾ ਅਵਤਾਰ ਸਿੰਘ ਦਾ ਕਤਲ ਹੋ ਗਿਆ ਸੀ। ਉਸ ਦੀਆਂ ਗੱਲਾਂ ਕਰਕੇ ਉਹ ਬਹੁਤ ਭਾਵੁਕ ਹੋ ਜਾਂਦਾ ਸੀ। ਜਗਤਾਰ ਗੱਲਾਂ ਕਰਦਿਆਂ ਅਕਸਰ ਕਹਿੰਦਾ, ‘‘ਅਜੇ ਮੈਂ ਆਪਣੇ ਭਰਾ ਅਵਤਾਰ ਦੀ ਯਾਦ ਵਿੱਚ ਇੱਕ ਮਹਾਂਕਾਵਿ ਲਿਖਣਾ ਹੈ ਜਿਸ ਵਿੱਚ ਮੈਂ ਅਵਤਾਰ ਨੂੰ ਜ਼ਿੰਦਗੀ ਦੇ ਨਾਇਕ ਵਜੋਂ ਪੇਸ਼ ਕਰਾਂਗਾ। ਉਸ ਮਹਾਂ ਕਾਵਿ ਦਾ ਨਾਮ ਮੈਂ ‘ਡੁੱਬਦੇ ਜਹਾਜ਼ ਦਾ ਮਰਸੀਆ’ ਰੱਖਾਂਗਾ...।’’ ਗੱਲ ਕਰਦਿਆਂ ਕਰਦਿਆਂ ਉਹ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਜਾਂਦਾ। ਜਗਤਾਰ ਨੇ ਅਦੁੱਤੀ ਖੋਜ ਕਾਰਜ ਵੀ ਕੀਤਾ। ਮਿਆਰੀ ਤੇ ਲਾਜਵਾਬ ਕਵਿਤਾ ਦੀ ਰਚਨਾ ਕੀਤੀ। ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰ ਵਜੋਂ ਉਸ ਨੇ ਬੁਲੰਦੀਆਂ ਛੋਹੀਆਂ। ਫਿਰ ਵੀ ਉਸ ਦੇ ਅਨੇਕਾਂ ਕੰਮ ਵਿਉਂਤੇ ਹੀ ਰਹਿ ਗਏ। ਆਪਣੇ ਭਰਾ ਅਵਤਾਰ ਉੱਪਰ ਮਹਾਂਕਾਵਿ ਦੀ ਰਚਨਾ ਵੀ ਨਾ ਹੋ ਸਕੀ। ਮੈਂ ਸੋਚਦਾ ਹਾਂ ਬਹੁਤ ਵੱਡਾ ਟਾਈਟੈਨਿਕ ਜਹਾਜ਼ ਤਾਂ ਖ਼ੁਦ ਡੁੱਬ ਗਿਆ। ਇਸ ਡੁੱਬਦੇ ਜਹਾਜ਼ ਦਾ ਮਰਸੀਆ ਅਣਲਿਖਿਆ ਹੀ ਰਹਿ ਗਿਆ। ਹੁਣ ਕੌਣ ਲਿਖੇਗਾ ਅਵਤਾਰ ਦਾ ਮਰਸੀਆ? ਡਾ. ਜਗਤਾਰ ਦੀਆਂ ਗੱਲਾਂ ਕਰਕੇ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਜਗਤਾਰ ਨੂੰ ਪੜ੍ਹਨਾ ਚੰਗਾ ਲੱਗਦਾ ਹੈ। ਉਸ ਨੂੰ ਯਾਦ ਕਰਨਾ ਵੀ ਚੰਗਾ ਲੱਗਦਾ ਹੈ।
ਸੰਪਰਕ: 98885-10185