ਜਗਮੀਤ ਸਿੰਘ ਵੱਲੋਂ ਆਰਐੱਸਐੱਸ ’ਤੇ ਪਾਬੰਦੀ ਤੇ ਭਾਰਤੀ ਡਿਪਲੋਮੈਟਾਂ ਖ਼ਿਲਾਫ਼ ਕਾਰਵਾਈ ਦੀ ਮੰਗ
ਵਾਸ਼ਿੰਗਟਨ, 16 ਅਕਤੂਬਰ
ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਵੱਲੋਂ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਕਥਿਤ ਕੁਝ ਭਾਰਤੀ ਕੂਟਨੀਤਕਾਂ ਦੀ ਸ਼ਮੂਲੀਅਤ ਦੇ ਦਾਅਵਿਆਂ ਤੋਂ ਇਕ ਦਿਨ ਮਗਰੋਂ ਕੈਨੇਡੀਅਨ ਸਿੱਖ ਆਗੂ ਜਗਮੀਤ ਸਿੰਘ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਅਤੇ ਭਾਰਤੀ ਡਿਪਲੋਮੈਟਾਂ ਖਿਲਾਫ਼ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਆਗੂ ਜਗਮੀਤ ਸਿੰਘ ਨੇ ਬੀਤੇ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੁੂਡੋ ਦੀ ਅਗਵਾਈ ਵਾਲੀ ਸੱਤਾਧਾਰੀ ਸਰਕਾਰ ਦੀ ਹਮਾਇਤ ਕੀਤੀ ਸੀ। ਭਾਰਤ ਨੇ ਕੈਨੇਡੀਅਨ ਪੁਲੀਸ ਦੇ ਉਪਰੋਕਤ ਦਾਅਵਿਆਂ ਨੂੰ ਖਾਰਜ ਕਰਦਿਆਂ ਕੈਨੇਡਾ ਉੱਤੇ ਦਹਿਸ਼ਤੀ ਸਮੂਹਾਂ ਦੀ ਪੁਸ਼ਤਪਨਾਹੀ ਤੇ ਵੱਖਵਾਦੀ ਸਰਗਰਮੀਆਂ ਨੂੰ ਹਵਾ ਦੇਣ ਦੇ ਦੋਸ਼ ਲਾਏ ਹਨ। ਐੱਨਡੀਪੀ ਆਗੂ, ਜੋ ਖਾਲਿਸਤਾਨ ਪੱਖੀ ਸਟੈਂਡ ਲਈ ਮਕਬੂਲ ਹੈ, ਨੇ ਓਟਵਾ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਲੋਕ ਸੁਰੱਖਿਆ ਕਮੇਟੀ ਨਾਲ ਹੰਗਾਮੀ ਬੈਠਕ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੈਠਕ ਇਹ ਸਮਝਣ ਲਈ ਜ਼ਰੂਰੀ ਹੈ ਕਿ ਕੈਨੇਡੀਅਨਾਂ ਦੀ ਸੁਰੱਖਿਆ ਲਈ ਉਹ ਹੋਰ ਕਿਹੜੇ ਕਦਮ ਚੁੱਕ ਸਕਦੇ ਹਨ। ਸਿੰਘ ਨੇ ਕਿਹਾ, ‘‘ਅਸੀਂ ਮੰਗ ਕਰਦੇ ਹਾਂ ਕਿ ਲਿਬਰਲ ਸਰਕਾਰ ਭਾਰਤੀ ਡਿਪਲੋਮੈਟਾਂ ’ਤੇ ਸਖ਼ਤ ਪਾਬੰਦੀਆਂ ਲਾਏ ਤੇ ਆਰਐੱਸਐੱਸ, ਜੋ ਭਾਰਤ ਦੀ ਹਿੰਸਕ, ਅਤਿਵਾਦੀ, ਦਹਿਸ਼ਤੀ ਜਥੇਬੰਦੀ ਹੈ, ਨੂੰ ਦੇਸ਼ ’ਚੋਂ ਬਾਹਰ ਕੱਢੇ। ਇਹ ਉਹ ਸਮੂਹ ਹੈ ਜੋ ਕੈਨੇਡਾ ਤੇ ਹੋਰਨਾਂ ਮੁਲਕਾਂ ਵਿਚੋਂ ਵੀ ਆਪਣੀਆਂ ਸਰਗਰਮੀਆਂ ਚਲਾ ਰਿਹਾ ਹੈ।’’ -ਪੀਟੀਆਈ