ਜਗਜੀਤ ਸਿੰਘ ਨੇ ਬੀਬੀਐੱਮਬੀ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ
ਪੱਤਰ ਪ੍ਰੇਰਕ
ਪਟਿਆਲਾ, 6 ਜੁਲਾਈ
ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਮੈਂਬਰ (ਪਾਵਰ) ਦੇ ਅਹੁਦੇ ਦਾ ਮੌਜੂਦਾ ਚਾਰਜ ਬੀਬੀਐਮਬੀ ਦੇ ਮੁੱਖ ਇੰਜੀਨੀਅਰ ਜਗਜੀਤ ਸਿੰਘ ਨੂੰ ਦਿੱਤਾ ਹੈ। ਇਸ ਨੂੰ ਪੰਜਾਬ ਪਾਵਰਕੌਮ ਸ਼ੁਭ ਸ਼ਗਨ ਮੰਨ ਰਹੀ ਹੈ ਤੇ ਇਸ ਵਿਚ ਪੰਜਾਬ ਲਈ ਚੰਗਾ ਸੰਕੇਤ ਸਮਝ ਰਹੀ ਹੈ। ਇਹ ਨਿਯੁਕਤੀ ਮੌਜੂਦਾ ਚਾਰਜ ਸੰਭਾਲਣ ਦੀ ਮਿਤੀ ਤੋਂ 6 ਮਹੀਨਿਆਂ ਦੀ ਮਿਆਦ ਲਈ ਜਾਂ ਅਹੁਦੇ ’ਤੇ ਨਿਯਮਤ ਨਿਯੁਕਤੀ ਹੋਣ ਤੱਕ, ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, ਕੀਤੀ ਗਈ ਹੈ। ਜਗਜੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਪਾਵਰਕੌਮ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਮਾਰਚ 2023 ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਨੰਗਲ ਦੇ ਮੁੱਖ ਇੰਜਨੀਅਰ ਜਨਰੇਸ਼ਨ ਦਾ ਚਾਰਜ ਸੰਭਾਲਿਆ ਸੀ।ਇਸ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਬਿਜਲੀ ਪੈਦਾਵਾਰ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਇਹ ਅਹੁਦਾ ਅਪਰੈਲ 2024 ਵਿੱਚ ਅਮਰਜੀਤ ਸਿੰਘ ਜੁਨੇਜਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਖ਼ਾਲੀ ਸੀ, ਜੋ ਇਸ ਅਹੁਦੇ ’ਤੇ ਮੌਜੂਦਾ ਚਾਰਜ ਨਾਲ ਰਹੇ ਸਨ।