For the best experience, open
https://m.punjabitribuneonline.com
on your mobile browser.
Advertisement

ਜਗਤਗੁਰੂ ਰਾਮਭੱਦਰਾਚਾਰੀਆ: ਅਲੋਕਾਰ ਚੇਤਾ, ਚਮਤਕਾਰੀ ਬੁੱਧੀ

07:28 AM Mar 10, 2024 IST
ਜਗਤਗੁਰੂ ਰਾਮਭੱਦਰਾਚਾਰੀਆ  ਅਲੋਕਾਰ ਚੇਤਾ  ਚਮਤਕਾਰੀ ਬੁੱਧੀ
Advertisement

ਗੁਰਬਚਨ ਸਿੰਘ ਭੁੱਲਰ

Advertisement

ਪਿਛਲੇ ਦਿਨੀਂ 58ਵਾਂ ਗਿਆਨਪੀਠ ਪੁਰਸਕਾਰ ਕਵੀ ਗੁਲਜ਼ਾਰ ਅਤੇ ਬਹੁਭਾਸ਼ਾਈ ਵਿਦਵਾਨ ਜਗਤਗੁਰੂ ਰਾਮਭੱਦਰਾਚਾਰੀਆ ਦੇ ਨਾਂ ਐਲਾਨਿਆ ਗਿਆ। ਇਸ ਐਲਾਨ ਦਾ ਦੋਵਾਂ ਨਾਂਵਾਂ ਦੇ ਸੰਬੰਧ ਵਿਚ ਹੀ ਭਰਵਾਂ ਸਵਾਗਤ ਹੋਇਆ। ਅਰਥਪੂਰਨ ਕਵਿਤਾਵਾਂ ਅਤੇ ਸੂਖਮ-ਸੁਬਕ ਗੀਤਾਂ ਦਾ ਰਚੈਤਾ ਗੁਲਜ਼ਾਰ ਹਿੰਦੁਸਤਾਨੀ ਜਾਣਨ-ਸਮਝਣ ਵਾਲੇ ਕਿਸੇ ਵੀ ਪਾਠਕ ਜਾਂ ਸਰੋਤੇ ਲਈ ਓਪਰਾ ਨਾਂ ਨਹੀਂ। ਮੈਂ ਤਾਂ ਉਸ ਸਮੇਂ ਤੋਂ ਉਸ ਦਾ ਪਾਠਕ ਹਾਂ ਜਦੋਂ ਉਹਦੀਆਂ ਪੰਜਾਬੀ ਰਚਨਾਵਾਂ ਗੁਲਜ਼ਾਰ ਦੀਨਵੀ ਦੇ ਨਾਂ ਹੇਠ ਮਾਸਕ ‘ਆਰਸੀ’ ਵਿਚ ਛਪਿਆ ਕਰਦੀਆਂ ਸਨ। ਬੰਬਈ ਪਹੁੰਚ ਕੇ ਉਹ ਪ੍ਰਗਤੀਸ਼ੀਲ ਲੇਖਕ ਸੰਘ ਨਾਲ ਜੁੜ ਗਿਆ ਜਿਸ ਵਿਚ ਕਈ ਜ਼ਬਾਨਾਂ ਦੇ ਕਹਿੰਦੇ-ਕਹਾਉਂਦੇ ਲੇਖਕ ਸ਼ਾਮਲ ਸਨ। ਇਥੇ ਹੀ ਉਹਦੀ ਦੋਸਤੀ ਗੀਤਕਾਰ ਸ਼ੈਲੇਂਦਰ ਨਾਲ ਹੋਈ ਜਿਸ ਨੇ ਉਹਨੀਂ ਦਿਨੀਂ ਬਿਮਲ ਰਾਇ ਦੀ ਫ਼ਿਲਮ ‘ਬੰਦਿਨੀ’ ਲਈ ਗੀਤ ਲਿਖਣੇ ਸਨ। ਉਹਨੇ ਗੀਤ ਨਾ ਲਿਖ ਸਕਣ ਦੀ ਮਜਬੂਰੀ ਦੱਸ ਕੇ ਬਿਮਲ ਰਾਇ ਨੂੰ ਗੁਲਜ਼ਾਰ ਦੀ ਦੱਸ ਪਾਈ। ਇਹਦਾ ਗੀਤ ‘ਮੋਰਾ ਗੋਰਾ ਅੰਗ ਲਈ ਲੇ, ਮੋਹੇ ਸ਼ਾਮ ਰੰਗ ਦਈ ਦੇ, ਛੁਪ ਜਾਊਂਗੀ ਰਾਤ ਹੀ ਮੇਂ, ਮੋਹੇ ਪੀ ਕਾ ਸੰਗ ਦਈ ਦੇ’ ਬਿਮਲ ਰਾਇ ਨੂੰ ਪਸੰਦ ਆ ਗਿਆ। 1963 ਵਿਚ ਫ਼ਿਲਮ ਸਿਨਮਿਆਂ ਵਿਚ ਪਹੁੰਚੀ। ਨਿਰਦੇਸ਼ਨ ਬਿਮਲ ਰਾਇ ਦਾ, ਸੰਗੀਤ ਐਸ.ਡੀ. ਬਰਮਨ ਦਾ, ਆਵਾਜ਼ ਲਤਾ ਮੰਗੇਸ਼ਕਰ ਦੀ ਤੇ ਪਰਦੇ ਉੱਤੇ ਗਾਉਣ ਵਾਲੀ ਅਸ਼ੋਕ ਕੁਮਾਰ ਦੀ ਨਾਇਕਾ ਨੂਤਨ - ਫ਼ਿਲਮ ਦੇ ਨਾਲ ਹੀ ਗੁਲਜ਼ਾਰ ਦੇ ਗੀਤ ਦੀਆਂ ਧੁੰਮਾਂ ਪੈ ਗਈਆਂ। ਉਹਦੇ ਲਈ ਫ਼ਿਲਮੀ ਦੁਨੀਆ ਦੇ ਹੀ ਨਹੀਂ, ਸਾਹਿਤਕ ਦੁਨੀਆ ਦੇ ਵੀ ਦਰਵਾਜ਼ੇ ਚੁਪੱਟ ਖੁੱਲ੍ਹ ਗਏ! ਹੁਣ ਹਾਲਤ ਇਹ ਹੈ ਕਿ ਉਹਦੇ ਜੀਵਨ ਦਾ ਕੋਈ ਵੇਰਵਾ ਅਜਿਹਾ ਨਹੀਂ ਜੋ ਪਾਠਕਾਂ ਤੱਕ ਪਹੁੰਚਿਆ ਹੋਇਆ ਨਾ ਹੋਵੇ। ਇਸੇ ਕਰਕੇ ਮੇਰੇ ਲੇਖ ਦਾ ਵਿਸ਼ਾ ਗੁਲਜ਼ਾਰ ਨਹੀਂ, ਦੂਜੇ ਇਨਾਮੀ, ਜਗਤਗੁਰੂ ਰਾਮਭੱਦਰਾਚਾਰੀਆ ਹਨ ਜਿਨ੍ਹਾਂ ਨੂੰ ਬਹੁਤ ਹੀ ਘੱਟ ਪੰਜਾਬੀ ਪਾਠਕ ਜਾਣਦੇ ਹੋਣਗੇ ਤੇ ਜਿਨ੍ਹਾਂ ਵਿਚ ਮੇਰੀ ਦਿਲਚਸਪੀ ਦਾ ਕਾਰਨ ਇਕ ਸਬੱਬੀ ਮੁਲਾਕਾਤ ਬਣੀ।
ਗਿਆਨ ਪੀਠ ਪੁਰਸਕਾਰ ਲਈ ਉਹਨਾਂ ਦਾ ਨਾਂ ਪੜ੍ਹ ਕੇ ਮੇਰਾ ਚੇਤਾ ਉੱਨੀ ਸਾਲ ਪਿੱਛੇ ਪਰਤ ਗਿਆ। 2005 ਵਿਚ ਜਦੋਂ ਮੈਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ, ਮੰਚ ਉੱਤੇ ਬੈਠੇ ਇਨਾਮੀਆਂ ਵਿਚ ਇਕ ਨੇਤਰਹੀਣ ਸਾਧੂ ਵੀ ਸਨ। ਜਦੋਂ ਇਨਾਮੀਆਂ ਬਾਰੇ ਸੰਖੇਪ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਗਈ ਤਾਂ ਪਤਾ ਲਗਿਆ, ਉਹਨਾਂ ਦਾ ਨਾਂ ਜਗਤਗੁਰੂ ਰਾਮਭੱਦਰਾਚਾਰੀਆ ਹੈ, ਉਹ ਪੀ-ਐਚ.ਡੀ. ਤੇ ਡੀ.ਲਿਟ. ਹਨ ਅਤੇ ਅਨੇਕ ਪੁਸਤਕਾਂ ਦੇ ਕਰਤਾ ਹਨ। ਉਸ ਦਿਨ ਉਹਨਾਂ ਨੂੰ ਇਕ ਸੰਸਕ੍ਰਿਤ ਮਹਾਂਕਾਵਿ ਸਦਕਾ ਪੁਰਸਕਾਰਿਆ ਜਾ ਰਿਹਾ ਸੀ। ਵੱਡੀ ਸਰੀਰਕ ਘਾਟ ਦੇ ਬਾਵਜੂਦ ਉਹਨਾਂ ਦੀ ਪ੍ਰਾਪਤੀ ਤੋਂ ਮੇਰਾ ਪ੍ਰਭਾਵਿਤ ਹੋਣਾ ਸੁਭਾਵਿਕ ਸੀ। ਇਨਾਮ ਦੇਣ ਦੀ ਰਸਮ ਦੀ ਸਮਾਪਤੀ ਮਗਰੋਂ ਜਦੋਂ ਸਭ ਲੋਕ ਮੰਚ ਤੋਂ ਉਤਰਨ ਲੱਗੇ, ਮੈਂ ਉਹਨਾਂ ਕੋਲ ਗਿਆ ਤੇ ਬੋਲਿਆ, ‘‘ਸੁਆਮੀ ਜੀ, ਮੁਝੇ ਆਜ ਪੰਜਾਬੀ ਕਾ ਪੁਰਸਕਾਰ ਦੀਆ ਗਿਆ ਹੈ...’’
ਉਹ ਮੁਸਕਰਾਏ ਤੇ ਮੇਰੀ ਗੱਲ ਕੱਟ ਕੇ ਬੋਲੇ, ‘‘ਫੇਰ ਤੁਸੀਂ ਪੰਜਾਬੀ ਵਿਚ ਗੱਲ ਕਰੋ।’’
ਹੁਣ ਮੇਰਾ ਹੈਰਾਨ ਹੋਣਾ ਵੀ ਸੁਭਾਵਿਕ ਸੀ। ਮੈਂ ਆਪਣੀ ਗੱਲ ਪੂਰੀ ਕੀਤੀ, ‘‘... ਤੁਹਾਡੇ ਨਾਲ ਮਿਲਿਆ ਹੋਣ ਸਦਕਾ ਮੇਰੇ ਪੁਰਸਕਾਰ ਦਾ ਗੌਰਵ ਦੁਗੁਣਾ ਹੋ ਗਿਆ ਹੈ।’’
ਉਹਨਾਂ ਨੇ ਆਪਣਾ ਹੱਥ ਅਸ਼ੀਰਵਾਦ ਲਈ ਉੱਚਾ ਕੀਤਾ ਤੇ ਤੁਰ ਪਏ।
ਮਗਰੋਂ ਪਤਾ ਲਗਿਆ ਕਿ ਉਹ ਪੰਜਾਬੀ ਸਮੇਤ ਬਾਈ ਭਾਸ਼ਾਵਾਂ ਜਾਣਦੇ ਹਨ ਤੇ ਉਹਨਾਂ ਵਿਚ ਗੱਲਬਾਤ ਕਰ ਸਕਦੇ ਹਨ। ਇਹਨਾਂ ਵਿਚ ਅੰਗਰੇਜ਼ੀ ਤੇ ਫ਼ਰਾਂਸੀਸੀ ਵੀ ਸ਼ਾਮਲ ਹਨ। ਇਹਨਾਂ ਵਿਚੋਂ ਚੌਦਾਂ ਭਾਸ਼ਾਵਾਂ ਦੇ ਤਾਂ ਉਹ ਵਿਦਵਾਨ ਮੰਨੇ ਜਾਂਦੇ ਹਨ ਅਤੇ ਸੰਸਕ੍ਰਿਤ ਤੋਂ ਇਲਾਵਾ ਕਈ ਹੋਰ ਭਾਸ਼ਾਵਾਂ ਵਿਚ ਵੀ ਮੌਲਕ ਰਚਨਾ ਕਰਦੇ ਹਨ। ਉਹਨਾਂ ਦੀਆਂ ਕਵਿਤਾ, ਨਾਟਕ, ਵਾਰਤਿਕ, ਨਿਰਖ-ਪਰਖ, ਟੀਕਿਆਂ, ਆਦਿ ਦੀਆਂ ਪੁਸਤਕਾਂ ਦੀ ਗਿਣਤੀ ਸੌ ਤੋਂ ਅਤੇ ਨਬਿੰਧਾਂ ਦੀ ਗਿਣਤੀ ਪੰਜਾਹ ਤੋਂ ਵੱਧ ਹੋ ਚੁੱਕੀ ਹੈ। ਇਹਨਾਂ ਵਿਚ ਚਾਰ ਮਹਾਂਕਾਵਿ ਹਨ। ਕਾਫ਼ੀ ਕੁਛ ਖਰੜਿਆਂ ਦੀ ਸ਼ਕਲ ਵਿਚ ਪਿਆ ਹੈ। ਉਹਨਾਂ ਨੇ ਆਪਣੀਆਂ ਕਈ ਪੁਸਤਕਾਂ ਦਾ ਆਪ ਹੀ ਅਨੁਵਾਦ ਵੀ ਕੀਤਾ ਹੈ। ਉਹਨਾਂ ਦੇ ਕਈ ਆਡੀਓ ਤੇ ਵੀਡੀਓ ਵੀ ਮਿਲਦੇ ਹਨ।
ਉਹਨਾਂ ਬਾਰੇ ਕੁਛ ਜਾਣਕਾਰੀ ਪੁਰਸਕਾਰੇ ਗਏ ਲੇਖਕਾਂ ਦੀ ਜਾਣ-ਪਛਾਣ ਲਈ ਸਾਹਿਤ ਅਕਾਦਮੀ ਦੇ ਛਾਪੇ ਹੋਏ ਕਿਤਾਬਚੇ ਵਿਚੋਂ ਵੀ ਮਿਲ ਗਈ। ਉਸ ਪਿੱਛੋਂ ਅਖ਼ਬਾਰਾਂ-ਰਸਾਲਿਆਂ ਸਮੇਤ ਉਹਨਾਂ ਬਾਰੇ ਜੋ ਕੁਛ ਪੜ੍ਹਨ ਨੂੰ ਮਿਲਦਾ ਰਿਹਾ, ਮੇਰੀ ਨਜ਼ਰ ਤੋਂ ਪਾਸੇ ਨਾ ਰਿਹਾ। ਸਰੀਰ-ਵਿਗਿਆਨੀਆਂ ਅਨੁਸਾਰ ਮਨੁੱਖ ਆਪਣੀ ਜਾਣਕਾਰੀ, ਸੂਝ-ਸਮਝ ਤੇ ਗਿਆਨ ਦਾ 80-85 ਫ਼ੀਸਦੀ ਹਿੱਸਾ ਅੱਖਾਂ ਰਾਹੀਂ ਹੀ ਹਾਸਲ ਕਰਦਾ ਹੈ। ਬਾਕੀ ਸਾਰੀਆਂ ਗਿਆਨ-ਇੰਦਰੀਆਂ ਦੀ ਦੇਣਦਾਰੀ ਸਿਰਫ਼ 15-20 ਫ਼ੀਸਦੀ ਹੀ ਰਹਿ ਜਾਂਦੀ ਹੈ। ਆਚਾਰੀਆ ਜੀ ਬਾਰੇ ਜਾਣ ਕੇ ਮਹਿਸੂਸ ਹੋਇਆ ਕਿ ਉਹਨਾਂ ਦੇ ਨੈਣਾਂ ਦੇ ਦੀਵੇ ਹੀ ਬੁਝੇ ਹਨ, ਪਰ ਅੰਦਰ ਭਰੇ-ਪੂਰੇ ਸੂਰਜ ਦਾ ਉਦੈ ਹੋ ਗਿਆ ਹੈ।
ਜੇ ਆਦਮੀ ਦੀ ਨੈਣ-ਜੋਤ ਕੁਛ ਸਾਲਾਂ ਦਾ ਹੋ ਕੇ ਗੁਆਚੇ, ਉਹ ਬਹੁਤ ਕੁਛ ਦੇਖ-ਸਮਝ ਚੁੱਕਿਆ ਹੁੰਦਾ ਹੈ ਜੋ ਗਿਆਨ-ਪ੍ਰਾਪਤੀ ਦੇ ਉਹਦੇ ਅਗਲੇ ਜਤਨਾਂ ਵਾਸਤੇ ਕਾਫ਼ੀ ਨਰੋਆ ਆਧਾਰ ਬਣਿਆ ਰਹਿੰਦਾ ਹੈ। ਆਚਾਰੀਆ ਜੀ ਨਾਲ ਪਰ ਇਹ ਭਾਣਾ ਦੋ ਮਹੀਨੇ ਦੀ ਉਮਰ ਵਿਚ ਹੀ ਵਰਤ ਗਿਆ। ਉਹ 14 ਜਨਵਰੀ 1950 ਨੂੰ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਚੰਗੇ ਵਿਦਵਾਨ ਬ੍ਰਾਹਮਣ ਪਰਿਵਾਰ ਵਿਚ ਜਨਮੇ ਸਨ। ਪਰਿਵਾਰ ਦੀ ਇਕ ਬਜ਼ੁਰਗ ਔਰਤ, ਜੋ ‘‘ਮੇਰੇ ਤੋ ਗਿਰਧਰ ਗੋਪਾਲ ਦੂਸਰੋ ਨਾ ਕੋਈ’’ ਵਾਲੀ ਮੀਰਾਬਾਈ ਦੀ ਭਗਤ ਸੀ, ਨੇ ਬਾਲ ਦਾ ਨਾਂ ਗਿਰਧਰ ਰੱਖਿਆ। 24 ਮਾਰਚ ਨੂੰ ਬਾਲ ਦੀਆਂ ਅੱਖਾਂ ਵਿਚ ਕੁੱਕਰੇ ਨਿੱਕਲ ਆਏ। ਡਾਕਟਰੀ ਸੇਵਾਵਾਂ ਉਹਨਾਂ ਪਿੰਡਾਂ ਵਿਚ ਹੈ ਨਹੀਂ ਸਨ। ਉਹਨਾਂ ਨੂੰ ਨੇੜੇ ਦੇ ਇਕ ਪਿੰਡ ਵਿਚ ਹਰੜ ਦਾ ਲੇਪ ਕਰ ਕੇ ਕੁੱਕਰਿਆਂ ਦਾ ਪਾਣੀ ਕੱਢ ਦੇਣ ਲਈ ਮਸ਼ਹੂਰ ਔਰਤ ਕੋਲ ਲਿਜਾਇਆ ਗਿਆ, ਪਰ ਅੱਖਾਂ ਵਿਚੋਂ ਪਾਣੀ ਦੀ ਥਾਂ ਲਹੂ ਨਿੱਕਲਣਾ ਸ਼ੁਰੂ ਹੋ ਗਿਆ। ਲਖਨਊ ਦੇ ਕਿੰਗ ਜਾਰਜ ਹਸਪਤਾਲ ਦੀ ਤਿੰਨ ਹਫ਼ਤਿਆਂ ਦੀ ਕੋਸ਼ਿਸ਼ ਵੀ ਨਜ਼ਰ ਬਹਾਲ ਨਾ ਕਰ ਸਕੀ। ਅਨੇਕ ਮਸ਼ਹੂਰ ਐਲੋਪੈਥਿਕ, ਆਯੁਰਵੈਦਿਕ, ਹੋਮਿਉਪੈਥਿਕ, ਆਦਿ ਮਾਹਿਰਾਂ ਤੱਕ ਪਰਿਵਾਰ ਦੀਆਂ ਸਭ ਪਹੁੰਚਾਂ ਨਿਹਫਲ ਰਹੀਆਂ।
ਵਿਦਵਤਾ ਦੇ ਮਾਰਗ ਉੱਤੇ ਗਿਰਧਰ ਦੀ ਯਾਤਰਾ ਵਿਸ਼ਵਾਸ ਦੀਆਂ ਹੱਦਾਂ ਪਾਰ ਕਰ ਜਾਂਦੀ ਹੈ। ਜਦੋਂ ਬਾਲ ਦੀ ਉਮਰ ਅਜੇ ਲੋਰੀਆਂ ਸੁਣਨ ਦੀ ਹੁੰਦੀ ਹੈ, ਦਾਦਾ ਜੀ ਉਹਨੂੰ ਰਾਮਾਇਣ, ਮਹਾਂਭਾਰਤ ਤੇ ਹੋਰ ਹਿੰਦੂ ਧਾਰਮਿਕ ਗ੍ਰੰਥਾਂ ਵਿਚੋਂ ਸਾਖੀਆਂ ਸੁਣਾਉਣ ਲੱਗ ਪਏ। ਤਿੰਨ ਸਾਲ ਦੀ ਉਮਰ ਵਿਚ ਗਿਰਧਰ ਨੇ ਪਹਿਲੀ ਕਵਿਤਾ ਅਵਧੀ ਵਿਚ ਲਿਖ ਕੇ ਦਾਦਾ ਜੀ ਨੂੰ ਸੁਣਾਈ ਤਾਂ ਸਭ ਹੈਰਾਨ ਰਹਿ ਗਏ। ਕਵਿਤਾ ਵਿਚ ਬਾਲਕ ਕ੍ਰਿਸ਼ਣ ਨੂੰ ਤੰਗ ਕਰਨ ਵਾਲੀ ਮੁਟਿਆਰ ਗੋਪੀ ਨੂੰ ਮਾਂ ਯਸੋਧਾ ਘੂਰਦੀ ਹੈ: ਮੇਰੇ ਗਿਰਧਾਰੀ ਜੀ ਸੇ ਕਾਹੇ ਲਰੀ॥ ਤੁਮ ਤਰੁਣੀ ਮੇਰੋ ਗਿਰਧਰ ਬਾਲਕ ਕਾਹੇ ਭੁਜਾ ਪਕਰੀ॥ ਸੁਸੁਕ ਸੁਸੁਕ ਮੇਰੋ ਗਿਰਧਰ ਰੋਵਤ ਤੂ ਮੁਸਕਾਤ ਖਰੀ॥ ਤੂ ਅਹੀਰਨ ਅਤਿਸਯ ਝਗਰਾਊ ਬਰਬਸ ਆਇ ਖਰੀ॥ ਗਿਰਧਰ ਕਰ ਗਹਿ ਕਹਿਤ ਯਸੋਧਾ ਆਂਚਰ ਓਟ ਕਰੀ॥
ਉਹਨਾਂ ਵਿਚ ਵਡ-ਆਕਾਰੀ ਰਚਨਾਵਾਂ ਨੂੰ ਵੀ ਸਿਰਫ਼ ਇਕ ਵਾਰ ਸੁਣ ਕੇ ਚੇਤੇ ਵਿਚ ਪੱਕੀ ਤਰ੍ਹਾਂ ਵਸਾ ਲੈਣ ਦੀ ਅਲੋਕਾਰ ਸਮਰੱਥਾ ਹੈ। ਹੋਰ ਕੋਈ ਅਜਿਹਾ ਵਿਅਕਤੀ ਮੇਰੇ ਪੜ੍ਹਨ-ਸੁਣਨ ਵਿਚ ਤਾਂ ਆਇਆ ਨਹੀਂ। ਗੂਗਲ ਵੀ ਇਹ ਸਵਾਲ ਪੁੱਛੇ ਤੋਂ ਚੁੱਪ ਕਰ ਰਹਿੰਦਾ ਹੈ। ਪੰਜ ਸਾਲ ਦੀ ਉਮਰ ਵਿਚ ਉਹਨਾਂ ਨੇ ਗੁਆਂਢੀ ਮਿਸ਼ਰਾ ਜੀ ਦੀ ਮਦਦ ਨਾਲ ਪੂਰੀ ਭਗਵਤ ਗੀਤਾ 15 ਦਿਨਾਂ ਵਿਚ ਚੇਤੇ ਕਰ ਲਈ ਅਤੇ 1955 ਦੀ ਜਨਮ ਅਸ਼ਟਮੀ ਨੂੰ ਭਰੀ ਸਭਾ ਵਿਚ ਪਾਠ ਕਰ ਦਿੱਤਾ। ਸੱਤ ਸਾਲ ਦੀ ਉਮਰ ਵਿਚ ਦਾਦਾ ਜੀ ਦੀ ਮਦਦ ਨਾਲ ਤੁਲਸੀਦਾਸ ਦਾ ਮਹਾਂਕਾਵਿ ਰਾਮਚ੍ਰਿਤਮਾਨਸ 60 ਦਿਨਾਂ ਵਿਚ ਚੇਤੇ ਕਰ ਲਿਆ ਅਤੇ ਰਾਮ ਨੌਵੀਂ ਨੂੰ ਪੂਰਾ ਪਾਠ ਸੁਣਾ ਦਿੱਤਾ। ਮਗਰੋਂ ਦੇ ਜੀਵਨ ਵਿਚ ਉਹਨਾਂ ਨੇ ਸਕੂਲੀ-ਕਾਲਜੀ ਵਿਦਿਆ ਤਾਂ ਹਾਸਲ ਕੀਤੀ ਹੀ, ਵੇਦਾਂ, ਉਪਨਿਸ਼ਦਾਂ ਤੇ ਭਾਗਵਤ ਪੁਰਾਣ ਸਮੇਤ ਅਨੇਕਾਂ-ਅਨੇਕ ਗ੍ਰੰਥ ਵੀ ਪੂਰੇ ਦੇ ਪੂਰੇ ਚੇਤੇ ਕਰ ਲਏ। ਤੁਲਸੀਦਾਸ ਦੀ ਤਾਂ ਸਮੁੱਚੀ ਰਚਨਾ ਉਹਨਾਂ ਦੇ ਕੰਠ ਹੈ। ਉਹਨਾਂ ਨੂੰ ਗ੍ਰੰਥ ਦਾ ਪਾਠ ਹੀ ਚੇਤੇ ਨਹੀਂ ਹੁੰਦਾ, ਕਾਂਡਾਂ ਦੇ ਤੇ ਸ਼ਲੋਕਾਂ ਦੇ ਅੰਕ ਵੀ ਚੇਤੇ ਹੁੰਦੇ ਹਨ। ਲੋਕਾਂ ਦੇ ਆਖਣ ਦੇ ਬਾਵਜੂਦ ਉਹਨਾਂ ਨੇ ਪੜ੍ਹਨ-ਲਿਖਣ ਲਈ ਬਰੇਲ ਦੀ ਜਾਂ ਕਿਸੇ ਹੋਰ ਸਹਾਇਕ ਚੀਜ਼ ਦੀ ਵਰਤੋਂ ਕਦੀ ਨਹੀਂ ਕੀਤੀ।
ਉਹ ਸਤਾਰਾਂ ਸਾਲ ਦੇ ਸਨ ਜਦੋਂ ਸਕੂਲੀ ਵਿਦਿਆ ਦਾ ਖ਼ਿਆਲ ਆਇਆ। ਉਹਨਾਂ ਦੇ ਕਥਾ ਕਰਨ ਦੇ ਗੁਣ ਨੂੰ ਅਤੇ ਲੋਕਾਂ ਵੱਲੋਂ ਇਸ ਗੁਣ ਦੀ ਭਰਵੀਂ ਪ੍ਰਸੰਸਾ ਨੂੰ ਦੇਖ ਕੇ ਪਰਿਵਾਰ ਚਾਹੁੰਦਾ ਸੀ ਕਿ ਉਹ ਕਥਾਵਾਚਕ ਬਣਨ। ਉਹਨਾਂ ਦੀ ਜ਼ਿੱਦ ਸਕੂਲੀ-ਕਾਲਜੀ ਪੜ੍ਹਾਈ ਕਰਨ ਦੀ ਸੀ। ਪਿਤਾ ਨੇ ਨੇਤਰਹੀਣ ਬੱਚਿਆਂ ਦੇ ਸਕੂਲ ਭੇਜਣ ਬਾਰੇ ਸੋਚਿਆ ਤਾਂ ਮਾਂ ਨੇ ਅਜਿਹੇ ਸਕੂਲਾਂ ਵਿਚ ਬੱਚਿਆਂ ਨਾਲ ਹੁੰਦੇ ਦੁਰਵਿਹਾਰ ਦੇ ਹਵਾਲੇ ਨਾਲ ਨਾਂਹ ਕਰ ਦਿੱਤੀ। ਆਖ਼ਰ 7 ਜੁਲਾਈ 1967 ਨੂੰ ਉਹਨਾਂ ਨੂੰ ਨੇੜੇ ਦੀ ਇਕ ਵਿਦਿਅਕ ਸੰਸਥਾ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਸਵੈਜੀਵਨੀ ਵਿਚ ਉਹਨਾਂ ਨੇ ਇਸ ਦਿਨ ਨੂੰ ਆਪਣੀ ਜ਼ਿੰਦਗੀ ਦੀ ‘ਸੁਨਹਿਰੀ ਯਾਤਰਾ’ ਦਾ ਆਰੰਭ ਆਖਿਆ ਹੈ। ਉਥੇ ਉਹਨਾਂ ਨੇ ਹਾਇਰ ਸੈਕੰਡਰੀ ਸਿਰਫ਼ ਚਾਰ ਸਾਲਾਂ ਵਿਚ ਹੀ ਸੰਸਕ੍ਰਿਤ ਵਿਚ ਡਿਸਟਿੰਕਸ਼ਨ ਨਾਲ ਪਾਸ ਕਰ ਲਈ ਅਤੇ 1971 ਵਿਚ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਬਨਾਰਸ ਵਿਚ ਦਾਖ਼ਲਾ ਲੈ ਲਿਆ।
ਜਦੋਂ ਉਹ ਐਮ.ਏ. ਵਿਚ ਪੜ੍ਹਦੇ ਸਨ, ਆਲ-ਇੰਡੀਆ ਸੰਸਕ੍ਰਿਤ ਕਾਨਫ਼ਰੰਸ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ। ਕੁੱਲ ਅੱਠ ਸੋਨ-ਤਮਗ਼ਿਆਂ ਵਿਚੋਂ ਪੰਜ ਉਹਨਾਂ ਇਕੱਲਿਆਂ ਨੇ ਜਿੱਤ ਲਏ। ਉਹਨਾਂ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋਈ ਤਦਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਤਮਗ਼ੇ ਭੇਟ ਕਰਦਿਆਂ ਉਹਨਾਂ ਨੂੰ ਆਪਣੇ ਖ਼ਰਚ ਨਾਲ ਅੱਖਾਂ ਦੇ ਇਲਾਜ ਲਈ ਅਮਰੀਕਾ ਭੇਜਣ ਦੀ ਪੇਸ਼ਕਸ਼ ਕੀਤੀ। ਉਹਨਾਂ ਨੇ ਮੌਕੇ ਉੱਤੇ ਹੀ ਰਚੀ ਸੰਸਕ੍ਰਿਤ ਕਵਿਤਾ ਨਾਲ ਇਹ ਪੇਸ਼ਕਸ਼ ਅਪਰਵਾਨ ਕਰ ਦਿੱਤੀ। ਕਵਿਤਾ ਦਾ ਕੇਂਦਰੀ ਭਾਵ ਸੀ, ‘‘ਬਦੀਆਂ ਦੀ ਭਰੀ, ਝੂਠੀ ਤੇ ਨਿੱਘਰੀ ਹੋਈ ਇਸ ਦੁਨੀਆ ਵਿਚ ਕੀ ਹੈ ਦੇਖਣ ਵਾਲਾ!’’
1976 ਵਿਚ ਉਹਨਾਂ ਨੇ ਐਮ.ਏ. ਪਾਸ ਕਰਨ ਸਮੇਂ ਸੱਤ ਸੋਨ-ਤਮਗ਼ੇ ਤੇ ਚਾਂਸਲਰ ਦਾ ਸੋਨ-ਤਮਗ਼ਾ ਹਾਸਲ ਕੀਤੇ। ਭਾਵੇਂ ਐਮ.ਏ. ਵਿਆਕਰਨ ਦੀ ਕੀਤੀ ਸੀ, ਯੂਨੀਵਰਸਿਟੀ ਨੇ 30 ਅਪਰੈਲ 1976 ਨੂੰ ਇਕ ਵਿਸ਼ੇਸ਼ ਫੈਸਲੇ ਨਾਲ ਉਹਨਾਂ ਨੂੰ ਯੂਨੀਵਰਸਿਟੀ ਵਿਚ ਪੜ੍ਹਾਏ ਜਾਂਦੇ ਸਾਰੇ ਵਿਸ਼ਿਆਂ ਦੇ ਐਮ.ਏ. ਐਲਾਨ ਦਿੱਤਾ। ‘ਅਧਿਆਤਮ ਰਾਮਾਇਣ ਵਿਚ ਗ਼ੈਰ-ਪਾਨਣੀ ਪ੍ਰਯੋਗਾਂ ਬਾਰੇ ਚਰਚਾ’ ਵਿਸ਼ੇ ਨਾਲ ਡਾਕਟਰੇਟ ਕਰਦਿਆਂ ਉਹਨਾਂ ਨੇ ਪੰਜ ਸਾਲਾਂ ਵਿਚ ਸੰਬੰਧਿਤ ਲਿਖਤਾਂ ਦੇ ਹਜ਼ਾਰਾਂ ਪੰਨੇ ਸੁਣੇ ਅਤੇ 1981 ਵਿਚ ਕੁੱਲ ਤੇਰਾਂ ਦਿਨਾਂ ਵਿਚ ਲਿਖਾਰੀਆਂ ਨੂੰ ਥੀਸਿਸ ਲਿਖਵਾ ਦਿੱਤਾ। ਯੂਨੀਵਰਸਿਟੀ ਨੇ ਉਹਨਾਂ ਨੂੰ ਵਿਆਕਰਨ ਵਿਭਾਗ ਦੇ ਮੁਖੀ ਦੀ ਪਦਵੀ ਦੀ ਪੇਸ਼ਕਸ਼ ਕੀਤੀ, ਪਰ ਉਹਨਾਂ ਨੇ ਆਪਣਾ ਜੀਵਨ ਸਮਾਜ, ਧਰਮ ਤੇ ਅੰਗਹੀਣ ਵਿਅਕਤੀਆਂ ਦੇ ਲੇਖੇ ਲਾਉਣ ਦਾ ਇਰਾਦਾ ਦੱਸ ਕੇ ਨਾਂਹ ਕਰ ਦਿੱਤੀ। ਉਹਨਾਂ ਦੀਆਂ ਅਨੇਕ ਵਡ-ਆਕਾਰੀ ਰਚਨਾਵਾਂ ਵਿਚ ਇਕ ਖੋਜ-ਗ੍ਰੰਥ ਦੋ ਹਜ਼ਾਰ ਪੰਨੇ ਦਾ ਹੈ ਜਿਸ ਨੂੰ ਪੰਜਾਬੀ ਵਿਚ ‘ਪਾਨਿਣੀ ਦੇ ਅਸਟਾਧਿਆਇ ਦੇ ਹਰ ਸੂਤਰ ਦੇ ਕਿਰਿਆਵੀ ਗਿਆਨ ਦੀ ਨਿਰਖ-ਪਰਖ’ ਕਿਹਾ ਜਾ ਸਕਦਾ ਹੈ। ਇਸ ਗ੍ਰੰਥ ਸਦਕਾ ਉਹਨਾਂ ਨੂੰ ਤਦਕਾਲੀ ਰਾਸ਼ਟਰਪਤੀ ਆਰ.ਕੇ. ਨਾਰਾਇਨਣ ਨੇ ਯੂਨੀਵਰਸਿਟੀ ਵੱਲੋਂ 9 ਮਈ 1997 ਨੂੰ ਡੀ.ਲਿਟ. ਦੀ ਡਿਗਰੀ ਭੇਟ ਕੀਤੀ। ਸਮਾਜ, ਧਰਮ ਤੇ ਅੰਗਹੀਣਾਂ ਦੀ ਸੇਵਾ ਦੇ ਆਪਣੇ ਇਰਾਦੇ ਨੂੰ ਅਮਲੀ ਰੂਪ ਦਿੰਦਿਆਂ ਉਹਨਾਂ ਨੇ 1983 ਦੇ ਕੱਤਕ ਮਹੀਨੇ ਦੀ ਪੂਰਨਮਾਸੀ ਵਾਲੇ ਦਿਨ ਰਾਮਾਨੰਦ ਸੰਪ੍ਰਦਾਇ ਵਿਚ ਵੈਰਾਗੀ ਦੀਕਸ਼ਾ ਲੈ ਲਈ। ਇਸ ਦਿਨ ਤੋਂ ਉਹ ਗਿਰਧਰ ਦੀ ਥਾਂ ਰਾਮਭੱਦਰਦਾਸ ਹੋ ਗਏ। ਇਕ ਅਗਸਤ 1995 ਨੂੰ ਉਹਨਾਂ ਨੂੰ ਪੂਰੀਆਂ ਰੀਤਾਂ-ਰਸਮਾਂ ਨਾਲ ਜਗਤਗੁਰੂ ਦੀ ਪਦਵੀ ਦਿੱਤੀ ਗਈ।
1987 ਵਿਚ ਉਹਨਾਂ ਨੇ ਚਿਤਰਕੂਟ ਵਿਚ, ਜਿਥੇ ਰਾਮਾਇਣ ਅਨੁਸਾਰ ਭਗਵਾਨ ਰਾਮ ਨੇ ਵਣਵਾਸ ਦੇ ਚੌਦਾਂ ਵਿਚੋਂ ਬਾਰਾਂ ਸਾਲ ਬਿਤਾਏ ਸਨ, ‘ਤੁਲਸੀ ਪੀਠ’ ਨਾਂ ਦੀ ਸੰਸਥਾ ਕਾਇਮ ਕੀਤੀ। 1996 ਵਿਚ ਨੇਤਰਹੀਣਾਂ ਲਈ ਖੋਲ੍ਹੇ ਤੁਲਸੀ ਸਕੂਲ ਨੂੰ ਉਹਨਾਂ ਨੇ 2001 ਵਿਚ ‘ਜਗਤਗੁਰੂ ਰਾਮਭੱਦਰਾਚਾਰੀਆ ਹੈਂਡੀਕੈਪਡ ਯੂਨੀਵਰਸਿਟੀ’ ਦਾ ਰੂਪ ਦੇ ਦਿੱਤਾ। ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਨੂੰ ਕਾਨੂੰਨੀ ਮਾਨਤਾ ਦਿੰਦਿਆਂ ਆਚਾਰੀਆ ਜੀ ਨੂੰ ਆਜੀਵਨ ਚਾਂਸਲਰ ਥਾਪ ਦਿੱਤਾ। ਇਹ ਦੁਨੀਆ ਵਿਚ ਆਪਣੀ ਕਿਸਮ ਦੀ ਇਕੋ-ਇਕ ਯੂਨੀਵਰਸਿਟੀ ਹੈ ਜਿਸ ਵਿਚ ਸਿਰਫ਼ ਚਾਰ ਸਰੀਰਕ ਘਾਟਾਂ ਵਾਲੇ, ਭਾਵ ਨੇਤਰਹੀਣ, ਬੋਲ਼ੇ, ਤੁਰਨ ਤੋਂ ਅਸਮਰੱਥ ਤੇ ਮੰਦਬੁੱਧ ਬੱਚੇ ਹੀ ਦਾਖ਼ਲ ਕੀਤੇ ਜਾਂਦੇ ਹਨ ਅਤੇ ਉਹਨਾਂ ਨੂੰ ਇਨਫ਼ਰਮੇਸ਼ਨ ਟੈਕਨਾਲੋਜੀ ਤੇ ਇਲੈਕਰਾਨਿਕਸ ਜਿਹੇ ਆਧੁਨਿਕ ਵਿਸ਼ਿਆਂ ਸਮੇਤ ਆਮ ਯੂਨੀਵਰਸਿਟੀਆਂ ਵਾਲੇ ਸਾਰੇ ਵਿਸ਼ੇ ਡਾਕਟਰੇਟ ਤੱਕ ਪੜ੍ਹਾਏ ਜਾਂਦੇ ਹਨ। ਖਾਸ ਕਰ ਕੇ ਪਿੰਡਾਂ ਵਿਚ ਅੰਗਹੀਣਤਾ ਬਾਰੇ ਜਾਗ੍ਰਤੀ ਲਿਆਉਣ ਲਈ ਉਹ ‘ਜਗਤਗੁਰੂ ਰਾਮਭੱਦਰਾਚਾਰੀਆ ਵਿਕਲਾਂਗ ਸੇਵਾ ਸੰਘ’ ਨਾਂ ਦੀ ਸੰਸਥਾ ਵੀ ਚਲਾਉਂਦੇ ਹਨ।
ਉਹਨਾਂ ਨੇ ਅਮਰੀਕਾ, ਇੰਗਲੈਂਡ, ਸਿੰਗਾਪੁਰ, ਮਾਰੀਸ਼ੀਅਸ ਜਿਹੇ ਕਈ ਦੇਸਾਂ ਦੀ ਯਾਤਰਾ ਕੀਤੀ ਹੈ। 1992 ਵਿਚ ਇੰਡੋਨੇਸ਼ੀਆ ਵਿਚ ਹੋਈ ਨੌਵੀਂ ਰਾਮਾਇਣ ਵਿਸ਼ਵ ਕਾਨਫ਼ਰੰਸ ਵਿਚ ਉਹਨਾਂ ਨੇ ਭਾਰਤੀ ਪ੍ਰਤੀਨਿਧ-ਮੰਡਲ ਦੀ ਅਗਵਾਈ ਕੀਤੀ। ਉਹ ਸੰਯੁਕਤ ਰਾਸ਼ਟਰ ਵਲੋਂ 2000 ਵਿਚ ਨਿਊਯਾਰਕ ਵਿਚ ਕੀਤੇ ਗਏ ਦਹਿਸਦੀ ਸੰਸਾਰ ਅਮਨ ਸਿਖਰ ਸੰਮੇਲਨ ਲਈ ਭਾਰਤੀ ਪ੍ਰਤੀਨਿਧ-ਮੰਡਲ ਵਿਚ ਵੀ ਸ਼ਾਮਲ ਸਨ।
ਉਹਨਾਂ ਨੂੰ ਮਿਲੇ ਪੁਰਸਕਾਰਾਂ ਤੇ ਸਨਮਾਨਾਂ ਦੀ ਸੂਚੀ ਬਹੁਤ ਲੰਮੀ ਹੈ। ਉਹਨਾਂ ਨੂੰ ਏ.ਪੀ.ਜੇ ਅਬਦੁਲ ਕਲਾਮ, ਸੋਮਨਾਥ ਚੈਟਰਜੀ, ਇੰਦਰਾ ਗਾਂਧੀ, ਅਟੱਲ ਬਿਹਾਰੀ ਵਾਜਪਈ ਜਿਹੇ ਬਹੁਤ ਸਾਰੇ ਨੇਤਾਵਾਂ ਨੇ ਤੇ ਕਈ ਸੂਬਾਈ ਸਰਕਾਰਾਂ ਨੇ ਵੀ ਸਨਮਾਨਿਆ ਹੈ ਅਤੇ ਅਨੇਕਾਂ-ਅਨੇਕ ਸਾਹਿਤਕ, ਸਭਿਆਚਾਰਕ, ਸਮਾਜਕ ਤੇ ਧਾਰਮਿਕ ਸੰਸਥਾਵਾਂ ਨੇ ਵੀ। ਸਾਹਿਤ ਅਕਾਦਮੀ ਨੇ ਪੁਰਸਕਾਰ ਵੀ ਭੇਟ ਕੀਤਾ ਤੇ ਫ਼ੈਲੋਸ਼ਿਪ ਵੀ। 2015 ਵਿਚ ਉਹਨਾਂ ਨੂੰ ਪਦਮ ਵਿਭੂਸ਼ਨ ਦਿੱਤਾ ਗਿਆ। ਉਹਨਾਂ ਦੇ ਮਾਣ-ਸਨਮਾਨਾਂ ਦੇ ਭਰਵੇਂ ਗੁਲਦਸਤੇ ਵਿਚ ਹੁਣ ਗਿਆਨ ਪੀਠ ਦੇ ਇਕ ਹੋਰ ਸੋਹਣੇ ਫੁੱਲ ਦਾ ਵਾਧਾ ਹੋ ਗਿਆ ਹੈ।
ਸੰਪਰਕ: 80763-63058

Advertisement
Author Image

Advertisement
Advertisement
×