ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਤੇ ਇਸ ਦੀ ਵਰਤੋਂ
ਮਨਦੀਪ ਸਿੰਘ*
ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਰਮਿਆਨ ਸਮੇਂ ਦੀ ਘਾਟ ਕਾਰਨ ਪਰਾਲੀ ਨੂੰ ਲਗਾਈ ਜਾਂਦੀ ਅੱਗ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਵਿਚਲੇ ਬਹੁਮੁੱਲੇ ਖ਼ੁਰਾਕੀ ਤੱਤ ਸੜ ਜਾਂਦੇ ਹਨ ਅਤੇ ਨਾਲ ਹੀ ਵਾਤਾਵਰਨ ਵੀ ਪਲੀਤ ਹੁੰਦਾ ਹੈ। ਇਸ ਨਾਲ ਧਰਤੀ ਵਿਚਲੇ ਸੂਖ਼ਮ ਜੀਵ ਨਸ਼ਟ ਹੋਣ ਦੇ ਨਾਲ-ਨਾਲ ਰੁੱਖਾਂ, ਪਸ਼ੂਆਂ ਅਤੇ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ। ਪਰ ਜੇ ਇਸ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਲਿਆ ਜਾਵੇ ਤਾਂ ਮਿੱਟੀ ਦੀ ਗੁਣਵੱਤਾ ਵਿੱਚ ਚੰਗਾ ਸੁਧਾਰ ਆਉਂਦਾ ਹੈ ਅਤੇ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਪਰਾਲੀ ਨੂੰ ਖੇਤ ਵਿੱਚ ਸੰਭਾਲਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਦੀ ਖੋਜ ਕੀਤੀ ਗਈ ਹੈ ਜਨਿ੍ਹਾਂ ਦਾ ਵੇਰਵਾ ਅਤੇ ਵਰਤਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ:
ਸੁਪਰ ਐਸਐਮਐਸ ਵਾਲੀ ਕੰਬਾਈਨ: ਇਸ ਕੰਬਾਈਨ ਨਾਲ ਝੋਨੇ ਦੀ ਵਾਢੀ ਕਰਨ ’ਤੇ ਕੰਬਾਈਨ ਦੇ ਪਿੱਛੇ ਨਿੱਕਲਣ ਵਾਲੇ ਪਰਾਲ ਦਾ ਕੁਤਰਾ ਹੋ ਜਾਂਦਾ ਹੈ ਅਤੇ ਖੇਤ ਵਿੱਚ ਇਕਸਾਰ ਖਿੱਲਰ ਜਾਂਦਾ ਹੈ। ਇਸ ਤੋਂ ਬਾਅਦ ਖੇਤ ਵਿੱਚ ਪਰਾਲੀ ਸਣੇ ਕਣਕ ਦੀ ਬਿਜਾਈ ਕਰਨ ਲਈ ਕੋਈ ਵੀ ਮਸ਼ੀਨ ਵਰਤਣ ਵਿੱਚ ਦਿੱਕਤ ਨਹੀਂ ਆਉਂਦੀ। ਇਸ ਮਸ਼ੀਨ ਦੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਇਸ ਦਾ ਪਿਛਲਾ ਰੋਟਰ 1600-1800 ਚੱਕਰਾਂ ’ਤੇ ਚੱਲਣਾ ਚਾਹੀਦਾ ਹੈ ਅਤੇ ਇਸ ਦੀ ਵਾਈਬ੍ਰੇਸ਼ਨ ਘਟਾਉਣ ਲਈ ਡਾਇਨਾਮਿਕ ਬੈਲੇਂਸਿੰਗ ਹੋਣੀ ਬਹੁਤ ਜ਼ਰੂਰੀ ਹੈ। ਰੋਟਰ ਦੇ ਬਲੇਡਾਂ ਅਤੇ ਫਿਕਸ ਬਲੇਡਾਂ ਵਿਚਲੀ ਦੂਰੀ ਸਹੀ ਹੋਣੀ ਚਾਹੀਦੀ ਹੈ।
ਹੈਪੀ ਸੀਡਰ: ਇਸ ਮਸ਼ੀਨ ਨੂੰ ਸੁਪਰ ਐਸਐਮਐਸ ਵਾਲੀ ਕੰਬਾਈਨ ਵਰਤਣ ਤੋਂ ਬਾਅਦ ਕਣਕ ਦੀ ਬਿਜਾਈ ਲਈ ਵਰਤਿਆ ਜਾ ਸਕਦਾ ਹੈ। ਇਸ ਮਸ਼ੀਨ ਵਿੱਚ ਅੱਗੇ ਲੱਗੇ ਹੋਏ ਫਲੇਲ ਬਲੇਡ ਫਾਲਿਆਂ ਦੇ ਅੱਗੇ ਆਉਣ ਵਾਲੀ ਪਰਾਲੀ ਨੂੰ ਕੱਟ ਕੇ ਪਿੱਛੇ ਸੁੱਟਦੇ ਜਾਂਦੇ ਹਨ। ਇਸ ਨਾਲ ਫ਼ਾਲਿਆਂ ਵਿੱਚ ਪਰਾਲੀ ਨਹੀਂ ਫਸਦੀ ਅਤੇ ਕਣਕ ਦੀ ਬਿਜਾਈ ਸੁਖਾਲੀ ਹੋ ਜਾਂਦੀ ਹੈ। ਹੈਪੀ ਸੀਡਰ ਵਿੱਚ ਪਹੀਆਂ ਵਾਲੀ ਅਟੈਚਮੈਂਟ ਵਰਤਣ ਨਾਲ ਫਾਲਿਆਂ ਵਿਚਲੀ ਪਰਾਲੀ ਹੇਠਾਂ ਦੱਬ ਜਾਂਦੀ ਹੈ ਅਤੇ ਬੀਜ ਦਾ ਮਿੱਟੀ ਨਾਲ ਸੰਪਰਕ ਵਧੀਆ ਹੋ ਜਾਂਦਾ ਹੈ। ਇਸ ਨਾਲ ਕਣਕ ਇਕਸਾਰ ਨਿੱਕਲਦੀ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਪਰਾਲੀ ਦੀ ਮਲਚਿੰਗ ਹੋਣ ਕਾਰਨ ਗੁੱਲੀ-ਡੰਡੇ ਦੀ ਸਮੱਸਿਆ ਘੱਟ ਆਉਂਦੀ ਹੈ। ਇਸ ਤਰੀਕੇ ਨਾਲ ਬੀਜੀ ਕਣਕ ਡਿੱਗਦੀ ਵੀ ਘੱਟ ਹੈ। ਇਹ ਮਸ਼ੀਨ 45-50 ਹਾਰਸਪਾਵਰ ਦੇ ਟਰੈਕਟਰ ਨਾਲ ਚੱਲਦੀ ਹੈ ਅਤੇ ਇੱਕ ਦਨਿ ਵਿੱਚ 7-8 ਏਕੜ ਬੀਜ ਦਿੰਦੀ ਹੈ। ਇਸ ਮਸ਼ੀਨ ਦੀ ਵਰਤੋਂ ਸਵੇਰੇ ਜਾਂ ਸ਼ਾਮ ਦੇ ਸਮੇਂ ਜਦੋਂ ਜ਼ਿਆਦਾ ਤ੍ਰੇਲ ਪਈ ਹੋਵੇ ਤਾਂ ਨਹੀਂ ਕਰਨੀ ਚਾਹੀਦੀ। ਜਿਸ ਖੇਤ ਵਿੱਚ ਇਹ ਮਸ਼ੀਨ ਵਰਤਣੀ ਹੋਵੇ, ਉੱਥੇ ਕੰਬਾਈਨ ਦੇ ਟਾਇਰਾਂ ਦੀਆਂ ਲੀਹਾਂ ਨਾ ਪਈਆਂ ਹੋਣ। ਬੀਜ ਦੀ ਡੂੰਘਾਈ 2 ਇੰਚ ਰੱਖੋ ਅਤੇ ਬੀਜ ਰਵਾਇਤੀ ਬਿਜਾਈ ਲਈ ਸਿਫ਼ਾਰਸ਼ ਕੀਤੀ (40 ਕਿਲੋ ਪ੍ਰਤੀ ਏਕੜ) ਮਾਤਰਾ ਤੋਂ 5 ਕਿਲੋ ਪ੍ਰਤੀ ਏਕੜ ਜ਼ਿਆਦਾ ਪਾਉ। ਬਿਜਾਈ ਸਮੇਂ ਖੇਤ ਵਿੱਚ ‘ਕੂਲਾ ਵੱਤਰ’ ਹੋਣਾ ਚਾਹੀਦਾ ਹੈ। ਹੈਪੀ ਸੀਡਰ ਨੂੰ ਖੇਤ ਵਿੱਚ ਤੋਰਨ ਤੋਂ ਪਹਿਲਾਂ ਉਸ ਦੇ ਪੂਰੇ ਚੱਕਰ ਬਣਾ ਲਉ ਅਤੇ ਫੇਰ ਲਿਫਟ ਥੱਲੇ ਸੁੱਟ ਕੇ ਤੋਰੋ। ਇਸ ਤਰ੍ਹਾਂ ਬਲੇਡਾਂ ਵਿੱਚ ਪਰਾਲੀ ਫਸ ਕੇ ਮਸ਼ੀਨ ਦੇ ਰੁਕਣ ਦੀ ਸਮੱਸਿਆ ਨਹੀਂ ਆਵੇਗੀ। ਇਸ ਤਰੀਕੇ ਨਾਲ ਬੀਜੀ ਕਣਕ ਨੂੰ ਪਹਿਲਾ ਪਾਣੀ ਹਲਕਾ ਲਗਾਉ ਪਰ ਭਾਰੀਆਂ ਜ਼ਮੀਨਾਂ ਵਿੱਚ ਪਹਿਲਾ ਪਾਣੀ ਇੱਕ ਤੋਂ ਦੋ ਹਫ਼ਤੇ ਹੋਰ ਦੇਰੀ ਨਾਲ ਦਿਉੁ।
ਸੁਪਰ ਸੀਡਰ: ਸੁਪਰ ਸੀਡਰ ਮਸ਼ੀਨ ਵਿੱਚ ਅੱਗੇ ਰੋਟਾਵੇਟਰ ਵਾਲਾ ਸਿਸਟਮ ਲੱਗਾ ਹੁੰਦਾ ਜੋ ਕਿ ਸਾਰੀ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਂਦਾ ਹੈ ਅਤੇ ਪਿੱਛੇ ਬੀਜ ਕੇਰਨ ਵਾਲਾ ਸਿਸਟਮ ਲੱਗਾ ਹੁੰਦਾ ਹੈ। ਇਸ ਮਸ਼ੀਨ ਨਾਲ ਕੀਤੀ ਬਿਜਾਈ ਕਿਸਾਨਾਂ ਨੂੰ ਬਹੁਤ ਪਸੰਦ ਆਉਂਦੀ ਹੈ ਕਿਉਂਕਿ ਖੇਤ ਦੇਖਣ ਵਿੱਚ ਸਾਫ਼ ਲਗਦਾ ਹੈ। ਇਸ ਮਸ਼ੀਨ ਨੂੰ ਵਰਤਣ ਸਮੇਂ ਖੇਤ ਵਿੱਚ ਨਮੀ ਦੀ ਮਾਤਰਾ ਆਮ ਵੱਤਰ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ। ਬਿਜਾਈ ਦੇ ਮੂਹਰੇ 25 ਕਿਲੋ ਯੂਰੀਆ ਦਾ ਛੱਟਾ ਦੇ ਦੇਣਾ ਚਾਹੀਦਾ ਹੈ। ਇਸ ਮਸ਼ੀਨ ਨੂੰ ਚਲਾਉਣ ਲਈ 60 ਜਾਂ ਜ਼ਿਆਦਾ ਹਾਰਸਪਾਵਰ ਦਾ ਟਰੈਕਟਰ ਚਾਹੀਦਾ ਹੈ ਜਿਸ ਵਿੱਚ ਘੱਟ ਤੋਰੇ ਵਾਲਾ ਗੇਅਰ ਹੋਵੇ। ਇਹ ਮਸ਼ੀਨ ਇੱਕ ਦਨਿ ਵਿੱਚ 3-4 ਏਕੜ ਵਿੱਚ ਬਿਜਾਈ ਕਰ ਦਿੰਦੀ ਹੈ। ਜਨਿ੍ਹਾਂ ਖੇਤਾਂ ਵਿੱਚ ਗੁੱਲੀ-ਡੰਡੇ ਦੀ ਸਮੱਸਿਆ ਬਹੁਤ ਜ਼ਿਆਦਾ ਹੋਵੇ, ਉੱਥੇ ਇਸ ਮਸ਼ੀਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਿੱਛੇ ਚੱਲਣ ਵਾਲੇ ਰੋਲਰ ਦੀ ਦਾਬ ਏਨੀ ਕੁ ਰੱਖੋ ਕਿ ਸਖ਼ਤ ਪਰਤ ਨਾ ਬਣੇ, ਨਹੀਂ ਤਾਂ ਕਣਕ ਨੂੰ ਬਾਹਰ ਨਿਕਲਣ ਵਿੱਚ ਦਿੱਕਤ ਆਉਂਦੀ ਹੈ। ਇਸ ਮਸ਼ੀਨ ਦੀ ਵਰਤੋਂ ਲਈ ਵੀ ਝੋਨੇ ਦੀ ਕਟਾਈ ਲਈ ਸੁਪਰ ਐਸਐਮਐਸ ਵਾਲੀ ਕੰਬਾਈਨ ਦੀ ਵਰਤੋਂ ਯਕੀਨੀ ਬਣਾਉ।
ਪੀਏਯੂ ਸਮਾਰਟ ਸੀਡਰ: ਇਹ ਮਸ਼ੀਨ ਹੈਪੀ ਸੀਡਰ ਅਤੇ ਸੁਪਰ ਸੀਡਰ ਦਾ ਸੁਮੇਲ ਹੈ। ਇਸ ਮਸ਼ੀਨ ਦੀ ਵਰਤੋਂ ਸਮੇਂ 2-2.5 ਇੰਚ ਦੀਆਂ ਪੱਟੀਆਂ ਦੇ ਸਿਆੜਾਂ ਦੀ ਪਰਾਲੀ ਹੀ ਖੇਤ ਵਿੱਚ ਮਿਕਸ ਹੁੰਦੀ ਹੈ ਅਤੇ ਸਿਆੜਾਂ ਦੇ ਵਿਚਾਲੇ ਦੀ ਪਰਾਲੀ ਹੈਪੀ ਸੀਡਰ ਦੀ ਤਰ੍ਹਾਂ ਖੇਤ ਵਿੱਚ ਹੀ ਪਈ ਰਹਿੰਦੀ ਹੈ। ਇਸ ਮਸ਼ੀਨ ਦੇ ਪਿੱਛੇ ਬੀਜ ਕੇਰਨ ਵਾਲੇ ਸਿਸਟਮ ਵਿੱਚ ਦੋ ਤਵੀਆਂ ਲੱਗੀਆਂ ਹਨ ਜੋ ਕਿ ਆਹਮਣੇ-ਸਾਹਮਣੇ ਸਿੱਧੀਆਂ ਚਲਦੀਆਂ ਹਨ, ਜਨਿ੍ਹਾਂ ਦੇ ਵਿਚਾਲੇ ਬੀਜ ਗਿਰਦਾ ਹੈ ਅਤੇ ਪਿੱਛੇ ਚਲਦਾ ਮਿੱਟੀ ਦੱਬਣ ਵਾਲਾ ਪਹੀਆ ਇਸ ਬੀਜ ਨੂੰ ਦੱਬਦਾ ਜਾਂਦਾ ਹੈ। ਇਸ ਤਰੀਕੇ ਬੀਜੀ ਕਣਕ ਦਾ ਜੰਮ੍ਹ ਬਹੁਤ ਵਧੀਆ ਹੁੰਦਾ ਹੈ। ਬਿਜਾਈ ਸਮੇਂ ਖੇਤ ਦੀ ਨਮੀ ਆਮ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਮਸ਼ੀਨ ਨੂੰ ਚਲਾਉਣ ਲਈ ਜ਼ਿਆਦਾ ਨਿਪੁੰਨ ਬੰਦੇ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਇਸ ਵਿੱਚ ਬਿਜਾਈ ਦੀ ਡੂੰਘਾਈ ਸੈੱਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਮਸ਼ੀਨ ਨਾਲ ਕਣਕ ਬੀਜਣ ’ਤੇ ਹੈਪੀ ਸੀਡਰ ਦੀ ਤਰ੍ਹਾਂ ਗੁੱਲੀ-ਡੰਡਾ ਵੀ ਘੱਟ ਉੱਗਦਾ ਹੈ। ਇਹ ਮਸ਼ੀਨ 45 ਜਾਂ ਜ਼ਿਆਦਾ ਹਾਰਸਪਾਵਰ ਦੇ ਟਰੈਕਟਰ ਨਾਲ ਚੱਲਦੀ ਹੈ ਅਤੇ ਇੱਕ ਘੰਟੇ ਵਿੱਚ ਇੱਕ ਏਕੜ ਬੀਜ ਦਿੰਦੀ ਹੈ।
ਮਲਚਿੰਗ ਵਿਧੀ: ਪਿਛਲੇ ਕੁਝ ਸਾਲਾਂ ਤੋਂ ਮਲਚਿੰਗ ਵਿਧੀ ਕਿਸਾਨਾਂ ਵਿੱਚ ਕਾਫ਼ੀ ਪ੍ਰਚੱਲਿਤ ਹੋਈ ਹੈ। ਇਸ ਵਿਧੀ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਵਾਢੀ ਤੋਂ ਬਾਅਦ ਖੜ੍ਹੇ ਕਰਚਿਆਂ ਵਿੱਚ ਹੀ ਬੀਜ ਅਤੇ ਡੀਏਪੀ ਖਾਦ ਦਾ ਇਕਸਾਰ ਛੱਟਾ ਦੇ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਕਰਚਾ ਕਟਰ ਜਾਂ ਕਟਰ-ਕਮ-ਸਪਰੈਡਰ ਵਰਤ ਕੇ ਕਰਚਿਆਂ ਅਤੇ ਪਰਾਲੀ ਦਾ ਕੁਤਰਾ ਕਰਦੇ ਹੋਏ ਖੇਤ ਵਿਚ ਇੱਕਸਾਰ ਖਿਲਾਰ ਦਿੱਤਾ ਜਾਂਦਾ ਹੈ। ਕੁਝ ਕਿਸਾਨਾਂ ਵਲੋਂ ਮਲਚਰ ਮਸ਼ੀਨ ਵੀ ਵਰਤੀ ਜਾਂਦੀ ਹੈ। ਮਲਚਿੰਗ ਕਰਨ ਤੋਂ ਬਾਅਦ ਖੇਤ ਵਿੱਚ ਪਾਣੀ ਲਗਾ ਦਿੱਤਾ ਜਾਂਦਾ ਹੈ। ਇਸ ਤਕਨੀਕ ਵਿੱਚ ਖ਼ਰਚਾ ਬਾਕੀ ਤਕਨੀਕਾਂ ਦੇ ਮੁਕਾਬਲੇ ਬਹੁਤ ਘੱਟ ਆਉਂਦਾ ਹੈ। ਪਰ ਇਸ ਤਕਨੀਕ ਵਿੱਚ ਬੀਜ ਇਕਸਾਰ ਕੇਰਨ ਦੀ ਸਮੱਸਿਆ ਆਉਂਦੀ ਸੀ। ਉਸ ਕੰਮ ਦਾ ਮਸ਼ੀਨੀਕਰਨ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਰਫੇਸ ਸੀਡਰ ਮਸ਼ੀਨ ਤਿਆਰ ਕੀਤੀ ਗਈ ਹੈ। ਇਸ ਵਿੱਚ ਕਟਰ-ਕਮ-ਸਪਰੈਡਰ ਮਸ਼ੀਨ ਉੱਪਰ ਦੋ ਵੱਖ-ਵੱਖ ਬਕਸਿਆਂ ਰਾਹੀਂ ਬੀਜ ਅਤੇ ਖਾਦ ਕੇਰਨ ਵਾਲਾ ਸਿਸਟਮ ਲਗਾਇਆ ਗਿਆ ਹੈ। ਕਟਰ-ਕਮ-ਸਪ੍ਰੈਡਰ ਮਸ਼ੀਨ ਦੇ ਅੱਗੇ ਪਾਈਪਾਂ ਰਾਹੀਂ ਬੀਜ ਅਤੇ ਡੀਏਪੀ ਕਤਾਰਾਂ ਵਿੱਚ ਕੇਰਿਆ ਜਾਂਦਾ ਹੈ, ਪਿੱਛੇ ਕਟਰ-ਕਮ-ਸਪ੍ਰੈਡਰ ਪਰਾਲੀ ਦਾ ਕੁਤਰਾ ਕਰ ਕੇ ਖੇਤ ਵਿੱਚ ਇੱਕਸਾਰ ਖਿਲਾਰਦਾ ਜਾਂਦਾ ਹੈ। ਇਸ ਤਕਨੀਕ ਨਾਲ ਬਿਜਾਈ ਕਰਨ ਲਈ ਖੇਤ ਨੂੰ ਲੇਜ਼ਰ ਲੈਵਲ ਕਰਨਾ ਬਹੁਤ ਜ਼ਰੂਰੀ ਹੈ। ਖੇਤ ਵਿੱਚ ਝੋਨੇ ਦੀ ਲਵਾਈ ਸਮੇਂ ਹੀ ਕਿਆਰੇ ਛੋਟੇ ਪਾਉਣੇ ਚਾਹੀਦੇ ਹਨ। ਝੋਨੇ ਨੂੰ ਆਖਰੀ ਪਾਣੀ ਵੀ ਵਾਢੀ ਤੋਂ ਲਗਭਗ 20 ਕੁ ਦਨਿ ਪਹਿਲਾਂ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਵਾਢੀ ਸਮੇਂ ਖੇਤ ਸੁੱਕਾ ਹੋਵੇ। ਬੀਜ ਦੀ ਮਾਤਰਾ ਸਿਫ਼ਾਰਸ਼ ਤੋਂ ਥੋੜ੍ਹੀ ਘੱਟ ਰੱਖੀ ਜਾਵੇ ਤਾਂ ਚੰਗਾ ਹੁੰਦਾ ਹੈ। ਸਰਫ਼ੇਸ ਸੀਡਰ ਵਰਤਣ ਤੋਂ ਬਾਅਦ ਖੇਤ ਨੂੰ ਪਾਣੀ ਪਤਲਾ ਲਗਾਇਆ ਜਾਵੇ।
ਪਲਟਾਊ ਹਲ: ਪਲਟਾਊ ਹਲਾਂ ਦੀ ਮਦਦ ਨਾਲ ਪਰਾਲੀ ਨੂੰ ਮਲਚਰ ਨਾਲ ਕੁਤਰਾ ਕਰਨ ਤੋਂ ਬਾਅਦ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ ਅਤੇ ਬਾਅਦ ਵਿੱਚ ਖੇਤ ਤਿਆਰ ਕਰ ਕੇ ਕਣਕ ਜਾਂ ਹਾੜ੍ਹੀ ਦੀਆਂ ਹੋਰ ਫ਼ਸਲਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਕਣਕ ਦੀ ਬਿਜਾਈ ਲਈ ਪਲਟਾਊ ਹਲਾਂ ਨੂੰ 8-10 ਇੰਚ ਡੂੰਘਾ ਹੀ ਮਾਰਨਾ ਚਾਹੀਦਾ ਹੈ ਨਹੀਂ ਤਾਂ ਨੀਚੇ ਤੋਂ ਘੱਟ ਖ਼ੁਰਾਕੀ ਤੱਤਾਂ ਵਾਲੀ ਮਿੱਟੀ ਉੱਪਰ ਆ ਜਾਂਦੀ ਹੈ। ਇਸ ਵਿੱਚ ਕਣਕ ਦੀ ਬਿਜਾਈ ਕਰਨ ਨਾਲ ਕਈ ਤਰ੍ਹਾਂ ਦੇ ਖ਼ੁਰਾਕੀ ਤੱਤਾਂ ਦੀਆਂ ਘਾਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਣਕ ਦਾ ਵਾਧਾ ਇੱਕਸਾਰ ਨਹੀਂ ਹੁੰਦਾ।
*ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ, ਸੰਗਰੂਰ।