For the best experience, open
https://m.punjabitribuneonline.com
on your mobile browser.
Advertisement

‘ਦਰਸ਼ਕਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨਾ ਕਾਫ਼ੀ ਔਖਾ’

08:33 AM May 04, 2024 IST
‘ਦਰਸ਼ਕਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨਾ ਕਾਫ਼ੀ ਔਖਾ’
Advertisement

ਫਿਲਮ ‘ਭੂਲ ਭੁਲੱਈਆ’ ਲੜੀ ਦੀ ਤੀਜੀ ਫਿਲਮ ’ਤੇ ਕੰਮ ਕਰ ਰਹੇ ਨਿਰਮਾਤਾ-ਨਿਰਦੇਸ਼ਕ ਅਨੀਸ ਬਜ਼ਮੀ ਦਾ ਕਹਿਣਾ ਹੈ ਕਿ ਉਹ ‘ਦਿਲੋਂ’ ਲਿਖਦੇ ਹਨ ਤੇ ਜਨੂੰਨ ਨਾਲ ਨਿਰਦੇਸ਼ਨ ਕਰਦੇ ਹਨ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਅੰਸ਼:

Advertisement

ਨੋਨਿਕਾ ਸਿੰਘ

ਸਾਲ 2022 ਵਿੱਚ ਹਿੰਦੀ ਫਿਲਮਾਂ ਹਰ ਪਾਸਿਓਂ ਫਲਾਪ ਹੋ ਰਹੀਆਂ ਸਨ। ਅਨੀਸ ਬਜ਼ਮੀ ਦੀ ‘ਭੂਲ ਭੁਲੱਈਆ 2’ ਆਈ ਤੇ ਕਾਰੋਬਾਰੀ ਪੰਡਿਤਾਂ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਬੌਲੀਵੁੱਡ ਲਈ ਫਲਾਪ ਰਹੇ ਇਸ ਸਾਲ ਦੀ ਇਹ ਸਭ ਤੋਂ ਵੱਡੀ ਹਿੱਟ ਸਾਬਿਤ ਹੋਈ ਸੀ।
ਇਸ ਸਾਲ ਹਾਸਰਸ ਫਿਲਮਾਂ ਦਾ ਉਸਤਾਦ ਹੁਣ ਇਸ ਸਫਲ ਫਿਲਮ ਦਾ ਤੀਜਾ ਭਾਗ ਸ਼ੂਟ ਕਰ ਰਿਹਾ ਹੈ। ਜੇ ਫਿਲਮ ਦੇ ਦੂਜੇ ਹਿੱਸੇ ’ਚ ਅਨੀਸ, ਪ੍ਰਿਅਦਰਸ਼ਨ ਵੱਲੋਂ ਪਹਿਲੇ ਭਾਗ ’ਚ ਕੀਤੇ ਕਮਾਲ ਦੀ ਬਰਾਬਰੀ ਕਰ ਰਹੇ ਸਨ ਤਾਂ ਹੁਣ ਤੀਜੇ ਭਾਗ ਵਿਚ ਇਸ ਉੱਘੇ ਲੇਖਕ-ਨਿਰਦੇਸ਼ਕ ਦਾ ਮੁਕਾਬਲਾ ਲਗਭਗ ਆਪਣੇ ਨਾਲ ਹੀ ਹੈ।
ਪਰ ਫਿਰ, ‘ਨੋ ਐਂਟਰੀ’, ‘ਵੈੱਲਕਮ’, ‘ਰੈੱਡੀ’, ‘ਸਿੰਘ ਇਜ਼ ਕਿੰਗ’ ਵਰਗੀਆਂ ਸੁਪਰਹਿੱਟ ਫਿਲਮਾਂ ਦਾ ਨਿਰਦੇਸ਼ਕ ਜ਼ੋਰ ਦੇ ਕੇ ਕਹਿੰਦਾ ਹੈ, ‘ਮੇਰਾ ਮੁਕਾਬਲਾ ਹਮੇਸ਼ਾ ਮੇਰੇ ਨਾਲ ਹੀ ਰਿਹਾ ਹੈ।’ ਬਹੁਤ ਔਖਾ ਹੈ ਕਿ ਕਿਵੇਂ ਕੋਈ ਬਲਾਕਬਸਟਰ ਫਿਲਮਾਂ ਦੇ ਆਪਣੇ ਹੀ ਰਿਕਾਰਡ ਨੂੰ ਸੁਧਾਰੀ ਜਾਂਦਾ ਹੈ? ਇਸ ਦੇ ਜਵਾਬ ’ਚ ਉਹ ਕਹਿੰਦੇ ਹਨ, ‘‘ਸਾਫ਼ ਜਿਹੀ ਗੱਲ ਹੈ, ਆਪਣੀ ਸਮਰੱਥਾ ਦੀ ਵੱਧ ਤੋਂ ਵੱਧ ਵਰਤੋਂ ਕਰ ਕੇ।’’
‘ਸੀਕੁਇਲਜ਼’, ਕੋਈ ਸੋਚੇਗਾ ਕਿ ਬਸ ਮਾਲ ‘ਚੁੱਕ ਕੇ ਚਿਪਕਾਉਣ’ ਵਾਲੀ ਧਰਤੀ ਦੀ ਸਭ ਤੋਂ ਸੌਖੀ ਜਿਹੀ ਚੀਜ਼ ਹੈ, ਜਿੱਥੇ ਸਾਂਚਾ ਪਹਿਲਾਂ ਹੀ ਮੌਜੂਦ ਹੈ ਪਰ ਉਹ ਕਹਿੰਦੇ ਹਨ, ‘ਪਹਿਲਾਂ ਹੀ ਹਰਮਨਪਿਆਰੀ ਹੋ ਚੁੱਕੀ ਕਿਸੇ ਰਚਨਾ ਨੂੰ ਅੱਗੇ ਵਧਾਉਣਾ ਤੇ ਦਰਸ਼ਕਾਂ ਦੀਆਂ ਉਮੀਦਾਂ ਉੱਤੇ ਖ਼ਰਾ ਉਤਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ।’
ਲੋਕਾਂ ਨੂੰ ਹਸਾਉਣਾ ਵੀ ਓਨਾ ਹੀ ਔਖਾ ਹੈ। ਖ਼ਾਸ ਕਰ ਕੇ ਉਨ੍ਹਾਂ ਤਿੱਖੇ ਆਲੋਚਕਾਂ ਨੂੰ ਜੋ ਅਕਸਰ ਬਜ਼ਮੀ ਦੀਆਂ ਫਿਲਮਾਂ ਨੂੰ ‘ਫੂਹੜਾਂ ਦੀ ਕਾਮੇਡੀ’ ਕਰਾਰ ਦਿੰਦੇ ਹਨ, ਇਸ ਦਾ ਜਵਾਬ ਦਿੰਦਿਆਂ ਨਿਰਦੇਸ਼ਕ ਕਹਿੰਦਾ ਹੈ, ‘‘ਜਿਹੜੀਆਂ ਫਿਲਮਾਂ ਹੱਸਦੇ ਗਾਉਂਦਿਆਂ ਬਣ ਜਾਂਦੀਆਂ ਹਨ, ਉਨ੍ਹਾਂ ਨੂੰ ਬਣਾਉਣਾ ਕੋਈ ਮਜ਼ਾਕ ਦਾ ਕੰਮ ਨਹੀਂ ਹੈ।’’ ਬੇਸ਼ੱਕ, ਇਸ ਪਾਗਲਪਣ ਪਿੱਛੇ ਕੋਈ ਢੰਗ-ਤਰੀਕਾ ਹੈ ਪਰ ਕੋਈ ਪੱਕਾ ਨਾਪ ਤੋਲ ਨਹੀਂ ਹੈ। ਅਸਲ ’ਚ, ਉਹ ਕੁਝ ਖ਼ਾਸ ਨੇਮਾਂ ਮੁਤਾਬਕ ਚੱਲਦੇ ਹਨ, ਜਿਵੇਂ ਕਿ ਕੋਈ ‘ਦੋਹਰੇ ਅਰਥਾਂ ਵਾਲਾ’ ਡਾਇਲਾਗ ਨਾ ਰੱਖਣਾ। ‘ਭੂਲ ਭੁਲੱਈਆ 2’ ਬਣਾਉਂਦਿਆਂ, ਅਨੀਸ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਇਸ ਦੇ ਪਹਿਲੇ ਹਿੱਸੇ ਵਾਂਗ ਕੋਈ ‘ਸਨਸਨੀਖ਼ੇਜ਼ ਮਨੋਵਿਗਿਆਨ’ ਵਾਲੀ ਫਿਲਮ ਨਹੀਂ ਬਣਾਉਣਾ ਚਾਹੁੰਦੇ। ਲੜੀ ਦੀ ਤੀਜੀ ਫਿਲਮ, ਜਿਸ ਦਾ ਵੱਡਾ ਹਿੱਸਾ ‘ਸੱਭਿਆਚਾਰਕ ਪੱਖ ਤੋਂ ਅਮੀਰ ਤੇ ਜੀਵੰਤ’ ਸ਼ਹਿਰ ਕੋਲਕਾਤਾ ਵਿੱਚ ਫਿਲਮਾਇਆ ਗਿਆ ਹੈ, ਦੀ ਕਹਾਣੀ ਬਾਰੇ ਉਹ ਜ਼ਿਆਦਾ ਨਹੀਂ ਦੱਸਣਗੇ। ਕੀ ਵਿਦਿਆ ਬਾਲਨ ‘ਭੂਲ ਭੁਲੱਈਆ’ ਦੀ ਮੰਜੁਲਿਕਾ ਦਾ ਰੋਲ ਦੁਹਰਾਏਗੀ, ਇਸ ’ਤੇ ਉਨ੍ਹਾਂ ਬਸ ਐਨਾ ਕਿਹਾ, ‘‘ਇਹ ਜਾਣਨ ਲਈ ਫਿਲਮ ਦੇਖੋ। ਵਿਦਿਆ ਦੀ ਭੂਮਿਕਾ ’ਚ ਇਕ ਬੇਹੱਦ ਖ਼ੂਬਸੂਰਤ ਰਹੱਸ ਲੁਕਿਆ ਹੋਇਆ ਹੈ।’’
ਫ਼ਿਲਹਾਲ ਉਹ ਸਿਰਫ਼ ਇਸ ਲਈ ਬਹੁਤ ਖ਼ੁਸ਼ ਹਨ ਕਿ ਵਿਦਿਆ ਨੇ ਫਿਲਮ ਲਈ ਹਾਂ ਕਰ ਦਿੱਤੀ ਹੈ। ਇਰਫਾਨ ਖ਼ਾਨ, ਤੱਬੂ, ਨਾਨਾ ਪਾਟੇਕਰ ਦੇ ਹੋਰ ਕਈਆਂ ਨਾਲ ਕੰਮ ਕਰ ਚੁੱਕੇ, ਬਜ਼ਮੀ ਮੰਨਦੇ ਹਨ, ‘‘ਇਹ ਅਦਾਕਾਰ ਜੋ ਤੁਹਾਡੇ ਸਾਹਮਣੇ ਲਿਆ ਕੇ ਰੱਖਦੇ ਸਨ, ਉਹ ਸ਼ਾਨਦਾਰ ਹੁੰਦਾ ਸੀ। ਕਈ ਵਾਰ ਜੇਕਰ, ਕਹਿ ਲਈਏ ਕਿ ਲੇਖਣੀ ਜਾਂ ਨਿਰਦੇਸ਼ਨ ’ਚ ਕੋਈ ਕਮੀ ਰਹਿ ਜਾਂਦੀ ਸੀ ਤਾਂ ਇਹ ਉਸ ਦਾ ਪੱਧਰ ਉੱਚਾ ਚੁੱਕਣ ਦੀ ਸਮਰੱਥਾ ਰੱਖਦੇ ਸਨ।’
ਕਾਰਤਿਕ ਆਰੀਅਨ ਜੋ ਕਿ ‘ਭੂਲ ਭੁਲੱਈਆ 2’ ਦੇ ਮੁੱਖ ਸਿਤਾਰੇ ਸਨ ਤੇ ਤੀਜੇ ਹਿੱਸੇ ਵਿੱਚ ਵੀ ਮੁੱਖ ਭੂਮਿਕਾ ’ਚ ਹਨ, ਨੂੰ ‘ਇਮਾਨਦਾਰ ਅਭਿਨੇਤਾ’ ਹੋਣ ਕਰ ਕੇ ਸ਼ਾਬਾਸ਼ੀ ਮਿਲੀ ਹੈ ਜਿਸ ਨਾਲ ਨਿਰਦੇਸ਼ਕ ਨੂੰ ਕੰਮ ਕਰਨਾ ਕਾਫ਼ੀ ਸਹਿਜ ਲੱਗਾ ਹੈ। ‘ਨੈਸ਼ਨਲ ਕਰੱਸ਼’ ਵਜੋਂ ਮਸ਼ਹੂਰ ਹੋਈ ਅਭਿਨੇਤਰੀ ਤ੍ਰਿਪਤੀ ਦਿਮਰੀ, ਇੱਕ ਨਵੀਂ ਭੂਮਿਕਾ ਵਿੱਚ ਨਜ਼ਰ ਆਵੇਗੀ। ਅਨੀਸ ਮੁਤਾਬਕ ‘ਜੇ ਮੇਰੀ ਫਿਲਮ ਵਿੱਚ ਉਹ ਕਾਮੇਡੀ ਨਹੀਂ ਕਰੇਗੀ ਤਾਂ ਹੋਰ ਕੀ ਕਰੇਗੀ?’ ਅਸਲ ਵਿੱਚ, ਉਹ ਆਪਣੇ ਸਾਰੇ ਅਦਾਕਾਰਾਂ, ਚਾਹੇ ਉਹ ਸਲਮਾਨ ਖ਼ਾਨ ਹੋਵੇ ਜਾਂ ਅਨਿਲ ਕਪੂਰ, ਜਿਨ੍ਹਾਂ ਦੀ ‘ਕੌਮਿਕ ਟਾਈਮਿੰਗ’ ਬਹੁਤ ਚੰਗੀ ਹੈ, ’ਤੇ ਬਹੁਤ ਭਰੋਸਾ ਕਰਦੇ ਹਨ। ‘ਨੋ ਐਂਟਰੀ’ ਦੇ ਸੀਕੁਇਲ ’ਚ ਉਹ ਅਨਿਲ ਕਪੂਰ ਦੇ ਨਾ ਹੋਣ ਤੋਂ ਨਿਰਾਸ਼ ਹਨ। ਵੈਸੇ, ਉਹ ਫ਼ਰਦੀਨ ਖ਼ਾਨ ਨੂੰ ਵੀ ਲੈ ਕੇ ਖ਼ੁਸ਼ ਹੁੰਦੇ ਜਿਸ ਦਾ ‘ਨੋ ਐਂਟਰੀ’ ਵਿੱਚ ਬਹੁਤ ਵਧੀਆ ਰੋਲ ਸੀ ਤੇ ਜੋ ਹੁਣ 14 ਸਾਲਾਂ ਬਾਅਦ ‘ਹੀਰਾਮੰਡੀ’ ਨਾਲ ਵਾਪਸੀ ਕਰ ਰਿਹਾ ਹੈ। ਹਾਲਾਂਕਿ, ਉਹ ਅਦਾਕਾਰਾਂ ਦੀ ਨਵੀਂ ਪੀੜ੍ਹੀ ਨਾਲ ਕੰਮ ਕਰਨ ਪ੍ਰਤੀ ਵੀ ਉਤਸ਼ਾਹਿਤ ਹੈ, ਜਿਨ੍ਹਾਂ ਵਿੱਚ ਦਿਲਜੀਤ ਦੋਸਾਂਝ ਸ਼ਾਮਲ ਹੈ, ਜਿਸ ਨੂੰ ਉਨ੍ਹਾਂ ‘ਨੋ ਐਂਟਰੀ 2’ ਲਈ ਸਾਈਨ ਕੀਤਾ ਹੈ। ਪੰਜਾਬੀ ਸੁਪਰਸਟਾਰ ਦਿਲਜੀਤ ਬਾਰੇ ਅਨੀਸ ਨੇ ਕਿਹਾ, ‘‘ਉਹ ਬਹੁਤ ਵਧੀਆ ਅਦਾਕਾਰ ਹੈ ਜਿਵੇਂ ਕਿ ‘ਚਮਕੀਲਾ’ ਨੇ ਸਾਬਿਤ ਕੀਤਾ ਹੈ ਅਤੇ ਨਾਲ ਹੀ ਉਹ ਜ਼ਮੀਨ ਨਾਲ ਜੁੜਿਆ ਹੋਇਆ ਸਰਲ ਇਨਸਾਨ ਹੈ।’ ਅਸਲ ’ਚ, ਅਨੀਸ ਨੂੰ ਸਰਲਤਾ ਦਾ ਗੁਣ ਭਾਉਂਦਾ ਹੈ। ਅਨੀਸ ਦੀਆਂ ਫਿਲਮਾਂ ਦੇ ਖ਼ਲਨਾਇਕ ਵੀ ਦਿਲਚਸਪ ਤੇ ਖਿੱਚਵੇਂ ਹੁੰਦੇ ਹਨ, ਉਹ ‘ਪੂਰਨ ਰੂਪ ’ਚ ਖ਼ਲਨਾਇਕ ਨਹੀਂ ਹੁੰਦੇ ਤੇ ਕਿਰਦਾਰ ਮਸਾਲੇਦਾਰ ਹੁੰਦਾ ਹੈ।’
ਕਾਮੇਡੀ ਬਾਰੇ ਬਜ਼ਮੀ ਦਾ ਨਜ਼ਰੀਆ ਮਸਖ਼ਰੇਪਣ ਵਾਲਾ ਨਹੀਂ ਹੈ, ਇਹ ਸਥਿਤੀਆਂ ਦੇ ਸੰਦਰਭ ’ਚ ਉਪਜਣ ਵਾਲੇ ਹਾਸੇ-ਮਜ਼ਾਕ ਅਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ‘ਪੰਚ ਲਾਈਨਾਂ’ (ਸਤਰਾਂ) ਦਾ ਖ਼ੂਬਸੂਰਤ ਸੁਮੇਲ ਹੈ। ਸ਼ਰਤ ਲਾ ਕੇ ਕਿਹਾ ਜਾ ਸਕਦਾ ਹੈ ਕਿ ਅਨੀਸ ਆਪਣੀਆਂ ਫਿਲਮਾਂ ’ਚ ਆਪ ਹੱਸਦਾ ਹੈ ਤੇ ਖ਼ੁਦ ’ਤੇ ਵੀ ਹੱਸਦਾ ਹੋਵੇਗਾ। ਆਪਣੇ ਲੰਮੇ ਫਿਲਮੀ ਸਫ਼ਰ ਦੀਆਂ ਕੁਝ ਨਾਕਾਮ ਫਿਲਮਾਂ ਵਿੱਚੋਂ ਇਕ ‘ਪਾਗਲਪੰਤੀ’ ’ਤੇ ਅਨੀਸ ਨੇ ਕਿਹਾ, ‘ਕਦੇ ਕਦੇ ਪਾਗਲਪਣ ਹੋ ਜਾਂਦਾ ਹੈ।’ ਪਰ ਸਾਨੂੰ ਹਸਾਉਣ ਲੱਗਿਆਂ ਅਨੀਸ ਕੋਈ ਗ਼ਲਤੀ ਨਹੀਂ ਕਰਦੇ ਤੇ ਨਾ ਹੀ ਕਿਸੇ ‘ਭੂਲ ਭੁਲੱਈਆ’ ਵਿੱਚ ਫਸਦੇ ਹਨ। ਉਨ੍ਹਾਂ ਦਾ ਇੱਕੋ ਨਾਅਰਾ ਹੈ; ਸਕਾਰਾਤਮਕ ਰਹੋ। ਆਪਣੀਆਂ ਫਿਲਮਾਂ ਵਿੱਚ ਚਾਹੇ ਉਹ ਇਸ ਨੂੰ ਚੁਟਕਲੇ ਵਿੱਚ ਬਦਲ ਦਿੰਦੇ ਹੋਣ ਪਰ ਸਕਾਰਾਤਮਕਤਾ ਤੇ ਹਾਸੇ ਵੰਡਣ ਦਾ ਉਨ੍ਹਾਂ ਦਾ ਮਿਸ਼ਨ ਕਦੇ ਖ਼ਤਮ ਨਹੀਂ ਹੁੰਦਾ। ਜਨੂੰਨ ਨਾਲ ਚੱਲਣ ਵਾਲੇ ਇਸ ਨਿਰਦੇਸ਼ਕ ਨੇ ‘ਸ਼ੋਅਮੈਨ’ ਰਾਜ ਕਪੂਰ ਤੋਂ ਲੰਮਾ ਸਮਾਂ ਪਹਿਲਾਂ ਇੱਕ ਸਬਕ ਸਿੱਖਿਆ ਸੀ, ਜਿਨ੍ਹਾਂ ਦੇ ਉਹ ਫਿਲਮ ‘ਪ੍ਰੇਮ ਰੋਗ’ ਵਿੱਚ ਸਹਾਇਕ ਸਨ। ਅਨੀਸ ਮੁਤਾਬਕ ਉਹ ‘ਦਿਲੋਂ ਲਿਖਦੇ ਹਨ’ ਤੇ ‘ਜਨੂੰਨ’ ਨਾਲ ਨਿਰਦੇਸ਼ਨ ਕਰਦੇ ਹਨ। ਫਿਲਮ ਉਦਯੋਗ ਵਿੱਚ ਲੰਮੀ ਸ਼ਾਨਦਾਰ ਪਾਰੀ ਖੇਡਣ ਦੇ ਬਾਵਜੂਦ ਜਿਸ ਦੌਰਾਨ ਉਨ੍ਹਾਂ ਹੋਰ ਨਿਰਦੇਸ਼ਕਾਂ ਲਈ ਵੀ ਕਰੀਬ 30 ਫਿਲਮਾਂ ਲਿਖੀਆਂ, ਉਹ ਖ਼ੁਦ ਨੂੰ ਕਦੇ ਗੰਭੀਰਤਾ ਨਾਲ ਨਹੀਂ ਲੈਂਦੇ। ਉਹ ਆਪਣੀ ਮਨਪਸੰਦ ਵੰਨਗੀ ਦੇ ਸਿਨੇਮਾ ਨੂੰ ਹੀ ਸਮਰਪਿਤ ਹਨ ਤੇ ਹਾਸੇ ਨੂੰ ਦੁੱਗਣਾ ਕਰਨ ਦੀ ਕੋਸ਼ਿਸ਼ ’ਚ ਰਹਿੰਦੇ ਹਨ। ਆਪਣੀ ਫਿਲਮ ਦੇ ਮਿਜ਼ਾਜ ਨੂੰ ਦਰੁਸਤ ਕਰਨ ਲਈ ਉਹ ਕਈ-ਕਈ ਘੰਟੇ ਸੰਪਾਦਨ ਦੇ ਟੇਬਲ ਉੱਤੇ ਬਿਤਾ ਸਕਦੇ ਹਨ। ਇਸੇ ਲਈ ‘ਕਿੰਗ ਆਫ ਕਾਮੇਡੀ’ ਦੇ ਖ਼ਿਤਾਬ ’ਤੇ ਹਾਲੇ ਵੀ ਉਨ੍ਹਾਂ ਦੀ ਮਜ਼ਬੂਤ ਪਕੜ ਬਣੀ ਹੋਈ ਹੈ।

Advertisement
Author Image

joginder kumar

View all posts

Advertisement
Advertisement
×