ਭਾਰਤ ਦਾ ਅਹਿਮ ਭਾਈਵਾਲ ਹੈ ਇਟਲੀ: ਜੈਸ਼ੰਕਰ
ਰੋਮ, 24 ਨਵੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਰੋਮ ’ਚ ਭਾਰਤੀ ਦੂਤਾਵਾਸ ਦੀ ਨਵੀਂ ਚਾਂਸਰੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਭਾਰਤ ਇਟਲੀ ਨੂੰ ਆਪਣੇ ਇੱਕ ਅਹਿਮ ਭਾਈਵਾਲ, ਯੋਰਪ ਦੇ ਅਹਿਮ ਸਹਿਯੋਗੀ ਅਤੇ ਭੂਮੱਧ ਸਾਗਰ ਦੇ ਇੱਕ ਬਹੁਤ ਪ੍ਰਭਾਵਸ਼ਾਲੀ ਮੁਲਕ ਵਜੋਂ ਦੇਖਦਾ ਹੈ। ਤਿੰਨ ਰੋਜ਼ਾ ਯਾਤਰਾ ’ਤੇ ਅੱਜ ਦਿਨੇ ਇੱਥੇ ਪੁੱਜੇ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਵੱਖ ਵੱਖ ਪੱਧਰਾਂ ਦੀ ਲਗਾਤਾਰ ਗੱਲਬਾਤ ਉਨ੍ਹਾਂ ਦੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਦਾ ਸੰਕੇਤ ਹੈ। ਵਿਦੇਸ਼ ਮੰਤਰੀ ਨੇ ਐਕਸ ’ਤੇ ਕਿਹਾ, ‘ਅੱਜ ਰੋਮ ’ਚ ਭਾਰਤੀ ਦੂਤਾਵਾਸ ਦੀ ਨਵੀਂ ਚਾਂਸਰੀ ਦਾ ਉਦਘਾਟਨ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹ ਹਾਲ ਹੀ ਦੇ ਸਾਲਾਂ ’ਚ ਭਾਰਤ-ਇਟਲੀ ਭਾਈਵਾਲੀ ਦੇ ਲਗਾਤਾਰ ਵਿਸਤਾਰ ਦਾ ਸਬੂਤ ਹੈ। ਇਸ ਨਾਲ ਸਾਨੂੰ ਇਟਲੀ ’ਚ ਭਾਰਤੀ ਭਾਈਚਾਰੇ ਨੂੰ ਬਿਹਤਰ ਸੇਵਾਵਾਂ ਦੇਣ ’ਚ ਵੀ ਮਦਦ ਮਿਲੇਗੀ।’ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਜੈਸ਼ਕਰ ਨੇ ਕਿਹਾ ਕਿ ਭਾਰਤ ਇਟਲੀ ਨੂੰ ਇੱਕ ਅਹਿਮ ਭਾਈਵਾਲ, ਯੋਰਪ ’ਚ ਬਹੁਤ ਹੀ ਮਹੱਤਵਪੂਰਨ ਤੇ ਭੂਮੱਧ ਸਾਗਰ ’ਚ ਬਹੁਤ ਹੀ ਪ੍ਰਭਾਵਸ਼ਾਲੀ ਮੁਲਕ ਮੰਨਦਾ ਹੈ। ਉਨ੍ਹਾਂ ਕਿਹਾ, ‘ਅੱਜ ਅਸੀਂ ਵੱਖ ਵੱਖ ਪੱਧਰਾਂ ’ਤੇ ਜੋ ਲਗਾਤਾਰ ਗੱਲਬਾਤ ਦੇਖਦੇ ਹਾਂ ਉਹ ਇਟਲੀ ਨਾਲ ਸਾਡੇ ਸਬੰਧ ਮਜ਼ਬੂਤ ਤੇ ਗਹਿਰੇ ਹੋਣ ਦਾ ਸੰਕੇਤ ਹੈ। ਇਹ ਸਾਡੇ ਸਬੰਧਾਂ ਨੂੰ ਅੱਗੇ ਵਧਾਉਣ ’ਚ ਅੱਜ ਸਾਡੇ ਨੇਤਾਵਾਂ ਦੀ ਪ੍ਰਤੀਬੱਧਤਾ ਤੇ ਦੂਰਦ੍ਰਿਸ਼ਟੀ ਨੂੰ ਵੀ ਪ੍ਰਗਟਾਉਂਦਾ ਹੈ।’ ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਬ੍ਰਾਜ਼ੀਲ ਦੇ ਰੀਓ ਡੀ ਜਨੇਰੋ ’ਚ ਜੀ-20 ਸਿਖਰ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਇਤਾਲਵੀ ਹਮਰੁਤਬਾ ਜੌਰਜੀਆ ਮੈਲੋਨੀ ਵਿਚਾਲੇ ਹੋਈ ਵਾਰਤਾ ਮਗਰੋਂ ਦੋਵਾਂ ਮੁਲਕਾਂ ਵਿਚਾਲੇ ਰੱਖਿਆ, ਵਪਾਰ, ਸਵੱਛ ਊਰਜਾ ਤੇ ਸੰਪਰਕ ਜਿਹੇ ਅਹਿਮ ਖੇਤਰਾਂ ’ਚ ਪੰਜ ਸਾਲਾ ਰਣਨੀਤੀ ਕਾਰਜ ਯੋਜਨਾ ਸ਼ੁਰੂ ਕੀਤੀ ਗਈ ਸੀ। ਵਿਦੇਸ਼ ਮੰਤਰੀ ਨੇ ਕਿਹਾ, ‘ਸਾਡੇ ਆਲਮੀ ਨਜ਼ਰੀਏ ’ਚ ਇਕਸਾਰਤਾ ਹੈ, ਆਲਮੀ ਤੇ ਖੇਤਰੀ ਮਸਲਿਆਂ ਦੇ ਹੱਲ ਲਈ ਸਾਡੀਆਂ ਕੋਸ਼ਿਸ਼ਾਂ ’ਚ ਤਾਲਮੇਲ ਹੈ ਅਤੇ ਸਾਡੇ ਦੁਵੱਲੇ ਸਬੰਧਾਂ ਨੂੰ ਵਿਕਸਿਤ ਕਰਨ ਲਈ ਇੱਕ ਨਵਾਂ ਉਤਸ਼ਾਹ ਹੈ।’ ਜੈਸ਼ੰਕਰ ਨੇ ਬ੍ਰਾਜ਼ੀਲ ’ਚ ਦੋਵਾਂ ਪ੍ਰਧਾਨ ਮੰਤਰੀਆਂ ਵਿਚਾਲੇ ਹੋਈ ਮੀਟਿੰਗ ਨੂੰ ਯਾਦ ਕਰਦਿਆਂ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਨਿਯਮਿਤ ਗੱਲਬਾਤ ਤੇ ਮੀਟਿੰਗਾਂ ਦੁਵੱਲੇ ਸਬੰਧਾਂ ਨੂੰ ਵਧਾਉਣ ’ਚ ਸਹਾਇਕ ਰਹੀਆਂ ਹਨ ਅਤੇ ਉਨ੍ਹਾਂ ਨੂੰ ਨਵੀਂ ਊਰਜਾ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ, ‘ਸਾਡੇ ਸਬੰਧ ਸਾਂਝੇ ਮੁੱਲਾਂ ’ਤੇ ਆਧਾਰਿਤ ਹਨ ਪਰ ਕੁਝ ਸਾਂਝਾ ਇਤਿਹਾਸ ਵੀ ਹੈ। ਅਸੀਂ ਪ੍ਰਾਚੀਨ ਸੱਭਿਆਤਾਵਾਂ ਹਾਂ। ਸਾਡੀ ਸੰਸਕ੍ਰਿਤੀ, ਸਾਡੀ ਪ੍ਰੰਪਰਾ, ਸਾਡੀ ਵਿਰਾਸਤ, ਸਾਡੀਆਂ ਪੌਰਾਣਿਕ ਕਥਾਵਾਂ ਅਮੀਰ ਹਨ ਅਤੇ ਅਸੀਂ ਕਈ ਵਿਸ਼ੇਸ਼ਤਾਵਾਂ ਸਾਂਝੀਆਂ
ਕਰਦੇ ਹਾਂ।’ -ਪੀਟੀਆਈ