ਇਟਲੀ: ਬੱਸ ਫਲਾਈਓਵਰ ਤੋਂ ਡਿੱਗੀ, 21 ਹਲਾਕ
ਰੋਮ, 4 ਅਕਤੂਬਰ
ਇਟਲੀ ਦੇ ਵੈਨਿਸ ਸ਼ਹਿਰ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਲਿਜਾ ਰਹੀ ਬੱਸ ਫਲਾਈਓਵਰ ਤੋਂ 50 ਫੁੱਟ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖ਼ਮੀ ਹੋ ਗਏ। ਬੱਸ ਵਿੱਚ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਸਨ ਜੋ ਕੈਂਪ ਤੋਂ ਪਰਤ ਰਹੇ ਸਨ। ਵੈਨਿਸ ਦੇ ਇੱਕ ਅਧਿਕਾਰੀ ਮੁਤਾਬਕ, ਇਹ ਹਾਦਸਾ ਮੰਗਲਵਾਰ ਰਾਤ ਨੂੰ ਵਾਪਰਿਆ।
ਮ੍ਰਿਤਕਾਂ ਵਿੱਚ ਬੱਸ ਦਾ ਡਰਾਈਵਰ, ਪੰਜ ਯੂਕਰੇਨੀ ਨਾਗਰਿਕ ਅਤੇ ਇੱਕ ਜਰਮਨ ਨਾਗਰਿਕ ਸ਼ਾਮਲ ਹਨ। ਜ਼ਖ਼ਮੀਆਂ ਵਿੱਚ ਫਰਾਂਸ, ਸਪੇਨ ਅਤੇ ਕ੍ਰੋਏਸ਼ੀਆ ਦੇ ਨਾਗਰਿਕ ਸ਼ਾਮਲ ਹਨ। ਵੈਨਿਸ ਦੇ ਸੂਬਾਈ ਅਧਿਕਾਰੀ ਮਿਸ਼ੇਲ ਡੀ ਬਾਰੀ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਹਾਦਸੇ ਦਾ ਸ਼ਿਕਾਰ ਹੋਏ ਜ਼ਿਆਦਾਤਰ ਲੋਕ ਨੌਜਵਾਨ ਹਨ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀਆਂ ਵਿੱਚੋਂ ਨੌਂ ਦੀ ਹਾਲਤ ਗੰਭੀਰ ਹੈ।
ਫਲਾਈਓਵਰ ਤੋਂ ਡਿੱਗਣ ਮਗਰੋਂ ਬੱਸ ਨੂੰ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਲਾਸ਼ਾਂ ਕੱਢਣ ਅਤੇ ਅੱਗ ਬੁਝਾਉਣ ਲਈ ਪੂਰੀ ਰਾਤ ਕੰਮ ਕੀਤਾ। ਫਾਇਰ ਮੁਲਾਜ਼ਮ ਅੱਜ ਸਵੇਰ ਤੱਕ ਬੱਸ ਦਾ ਮਲਬਾ ਹਟਾਉਣ ਵਿੱਚ ਲੱਗੇ ਰਹੇ। ਇਹ ਨਵੀਂ ਤੇ ਇਲੈਕਟ੍ਰਿਕ ਬੱਸ ਬੀਤੀ ਸ਼ਾਮ ਵਿਦੇਸ਼ੀ ਸੈਲਾਨੀਆਂ ਨੂੰ ਲਿਜਾ ਰਹੀ ਸੀ। -ਏਪੀ