ਚੀਨ ਨਾਲ ਭਰੋਸਾ ਕਾਇਮ ਕਰਨ ’ਚ ਸਮਾਂ ਲੱਗੇਗਾ: ਜੈਸ਼ੰਕਰ
ਪੁਣੇ, 26 ਅਕਤੂਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਗਸ਼ਤ ਬਾਰੇ ਚੀਨ ਨਾਲ ਹੋਏ ਸਮਝੌਤੇ ਦਾ ਸਿਹਰਾ ਸੈਨਾ ਨੂੰ ਦਿੱਤਾ, ਜਿਸ ਨੇ ਬਹੁਤ ਹੀ ਗੰਭੀਰ ਹਾਲਾਤ ’ਚ ਕੰਮ ਕੀਤਾ ਤੇ ਬਹੁਤ ਵਧੀਆ ਕੂਟਨੀਤੀ ਕੀਤੀ।
ਪੁਣੇ ’ਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਸਬੰਧਾਂ ਦੇ ਆਮ ਜਿਹੇ ਹੋਣ ਅਤੇ ਸੁਭਾਵਿਕ ਤੌਰ ’ਤੇ ਭਰੋਸਾ ਤੇ ਮਿਲ ਕੇ ਕੰਮ ਕਰਨ ਦੀ ਇੱਛਾ ਮੁੜ ਤੋਂ ਬਣਾਉਣ ’ਚ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਕਜ਼ਾਨ ’ਚ ਬਰਿਕਸ ਸਿਖਰ ਸੰਮੇਲਨ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲੇ ਤਾਂ ਇਹ ਫ਼ੈਸਲਾ ਲਿਆ ਗਿਆ ਕਿ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀ ਤੇ ਕੌਮੀ ਸੁਰੱਖਿਆ ਸਲਾਹਕਾਰ ਮਿਲਣਗੇ ਤੇ ਦੇਖਣਗੇ ਕਿ ਕਿਸ ਤਰ੍ਹਾਂ ਅੱਗੇ ਵਧਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਜੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਤਾਂ ਇਸ ਦਾ ਕਾਰਨ ਸਾਡਾ ਆਪਣੀ ਗੱਲ ’ਤੇ ਅੜੇ ਰਹਿਣਾ ਤੇ ਆਪਣੀ ਗੱਲ ਰੱਖਣ ਦੀ ਠੋਸ ਕੋਸ਼ਿਸ਼ ਹੈ। ਸੈਨਾ ਉਥੇ ਬਹੁਤ ਹੀ ਗੰਭੀਰ ਹਾਲਾਤ ’ਚ ਦੇਸ਼ ਦੀ ਰਾਖੀ ਲਈ ਮੌਜੂਦ ਸੀ ਅਤੇ ਸੈਨਾ ਨੇ ਆਪਣਾ ਕੰਮ ਕੀਤਾ ਤੇ ਕੂਟਨੀਤੀ ਨੇ ਆਪਣਾ ਕੰਮ ਕੀਤਾ।’ ਉਨ੍ਹਾਂ ਕਿਹਾ ਕਿ ਸਮੱਸਿਆ ਇਹ ਵੀ ਰਹੀ ਕਿ ਪਿਛਲੇ ਸਾਲਾਂ ਦੌਰਾਨ ਸਰਹੱਦ ’ਤੇ ਬੁਨਿਆਦੀ ਢਾਂਚੇ ਨੂੰ ਅਣਗੌਲਿਆ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਭਾਰਤ ਅਤੇ ਚੀਨ ਦਰਮਿਆਨ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਨੇੜਿਓਂ ਫੌਜਾਂ ਦੀ ਵਾਪਸੀ ਅਤੇ ਗਸ਼ਤ ਸਬੰਧੀ ਸਮਝੌਤਾ ਹੋਇਆ ਸੀ ਜੋ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਜਾਰੀ ਟਕਰਾਅ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਵੱਡੀ ਸਫ਼ਲਤਾ ਹੈ। -ਪੀਟੀਆਈ
ਪੂਰਬੀ ਲੱਦਾਖ ਤੋਂ ਸੈਨਿਕਾਂ ਦੀ ਵਾਪਸੀ ਜਾਰੀ: ਚੀਨ
ਪੇਈਚਿੰਗ: ਚੀਨ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਹਾਲ ਹੀ ’ਚ ਹੋਏ ਸਮਝੌਤੇ ਮਗਰੋਂ ਲੱਦਾਖ ’ਚੋਂ ਚੀਨ ਤੇ ਭਾਰਤ ਦੇ ਸੈਨਿਕਾਂ ਦੀ ਵਾਪਸੀ ਨਿਰਵਿਘਨ ਜਾਰੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਦੱਸਿਆ, ‘ਸਰਹੱਦੀ ਖੇਤਰ ਨਾਲ ਸਬੰਧਤ ਮੁੱਦਿਆਂ ’ਤੇ ਚੀਨ ਤੇ ਭਾਰਤ ਵਿਚਾਲੇ ਹਾਲ ਹੀ ’ਚ ਹੋਏ ਸਮਝੌਤੇ ਤਹਿਤ ਦੋਵੇਂ ਮੁਲਕਾਂ ਦੀਆਂ ਸੈਨਾਵਾਂ ਆਪੋ-ਆਪਣੇ ਜਵਾਨਾਂ ਦੀ ਵਾਪਸੀ ’ਚ ਜੁਟੀਆਂ ਹੋਈਆਂ ਹਨ ਅਤੇ ਇਹ ਪ੍ਰਕਿਰਿਆ ਨਿਰਵਿਘਨ ਜਾਰੀ ਹੈ।’ -ਪੀਟੀਆਈ