ਸਰਹੱਦੀ ਜ਼ਿਲ੍ਹੇ ਵਿੱਚ ਦੂਜੇ ਦਿਨ ਵੀ ਮੀਂਹ ਵਰ੍ਹਿਆ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਸਤੰਬਰ
ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਅੱਜ ਦੂਜੇ ਦਿਨ ਵੀ ਮੀਂਹ ਪਿਆ ਹੈ ਜਿਸ ਨਾਲ ਤਾਪਮਾਨ ਆਮ ਨਾਲੋਂ ਵੱਧ ਹੇਠਾਂ ਆਇਆ ਹੈ।
ਬੀਤੇ ਕੱਲ੍ਹ ਹੋਈ ਭਾਰੀ ਬਾਰਿਸ਼ ਤੋਂ ਬਾਅਦ ਅੱਜ ਮੁੜ ਦੇਰ ਰਾਤ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਜੋ ਅੱਜ ਸਵੇਰੇ ਵੀ ਜਾਰੀ ਰਿਹਾ। ਦੇਰ ਰਾਤ ਲੱਗਭਗ ਢਾਈ -ਤਿੰਨ ਵਜੇ ਝੱਖੜ ਨਾਲ ਮੀਂਹ ਸ਼ੁਰੂ ਹੋਇਆ ਜੋ ਸਵੇਰੇ ਸੱਤ ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਕੁਝ ਸਮੇਂ ਲਈ ਮੀਂਹ ਰੁਕਿਆ ਅਤੇ ਬਾਅਦ ਵਿੱਚ ਮੁੜ ਸ਼ੁਰੂ ਹੋ ਗਿਆ ਜੋ ਲਗਭਗ 11 ਵਜੇ ਤੱਕ ਜਾਰੀ ਰਿਹਾ। ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਸੀ।
ਮੌਸਮ ਵਿਭਾਗ ਮੁਤਾਬਕ ਅੱਜ ਅਤੇ ਕੱਲ੍ਹ ਦੋ ਦਿਨਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਗਭਗ 67 ਐਮ ਐਮ ਮੀਂਹ ਪਿਆ ਹੈ। ਪਿਛਲੇ 24 ਘੰਟਿਆਂ ਵਿੱਚ ਲਗਪਗ 61 ਐਮ ਐਮ ਮੀਂਹ ਦਰਜ ਕੀਤਾ ਗਿਆ ਸੀ ਅਤੇ ਅੱਜ ਸਵੇਰੇ 8:30 ਵਜੇ ਤੋਂ ਲੈ ਕੇ ਸ਼ਾਮ ਤੱਕ ਸਿਰਫ 6 ਐਮ ਐਮ ਦਰਜ ਕੀਤਾ ਗਿਆ ਹੈ। ਘੱਟੋ-ਘੱਟ ਤਾਪਮਾਨ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਆਮ ਨਾਲੋਂ ਵੱਧ ਗਿਰਾਵਟ ਆਈ ਹੈ। ਅੱਜ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਲਗਭਗ ਦੋ ਡਿਗਰੀ ਘੱਟ ਹੈ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਮੁਤਾਬਕ ਅੱਜ ਦੇਰ ਰਾਤ ਮੁੜ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ, ਜੋ ਸਵੇਰ ਤਕ ਜਾਰੀ ਰਹੇਗਾ। ਦੂਜੇ ਪਾਸੇ ਖੇਤੀਬਾੜੀ ਵਿਭਾਗ ਨੇ ਤੇਜ ਝੱਖੜ ਅਤੇ ਭਾਰੀ ਬਰਸਾਤ ਨੂੰ ਪੱਕੀ ਝੋਨੇ ਦੀ ਫ਼ਸਲ ਲਈ ਨੁਕਸਾਨਦੇਹ ਕਰਾਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦੇ ਮੁਤਾਬਕ ਮਜੀਠਾ ਬਲਾਕ ਅਤੇ ਹੋਰ ਕਈ ਥਾਵਾਂ ਤੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਨੂੰ ਮੀਂਹ ਕਾਰਨ ਨੁਕਸਾਨ ਹੋਇਆ ਹੈ।