ਹੜ੍ਹ ’ਚ ਘਿਰੀ ਦਿੱਲੀ ’ਤੇ ਮੁੜ ਵਰ੍ਹਿਆ ਮੀਂਹ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਜੁਲਾਈ
ਯਮੁਨਾ ਦਰਿਆ ਦੇ ਪਾਣੀ ’ਚ ਘਿਰੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਫਿਰ ਕਈ ਇਲਾਕਿਆਂ ਵਿੱਚ ਭਰਵਾਂ ਮੀਂਹ ਪਿਆ ਹੈ। ਇਸ ਕਾਰਨ ਕਈ ਸੜਕਾਂ ਉਪਰ ਪਾਣੀ ਭਰਨ ਕਰ ਕੇ ਆਵਾਜਾਈ ਪ੍ਰਭਾਵਿਤ ਹੋ ਗਈ। ਦੱਖਣੀ ਦਿੱਲੀ ਦੇ ਬਾਜ਼ਾਰ ਲਾਜਪਤ ਨਗਰ, ਈਸਟ ਆਫ਼ ਕੈਲਾਸ਼, ਬਦਰਪੁਰ, ਕੇਂਦਰੀ ਦਿੱਲੀ ਦੇ ਇਲਾਕੇ ਦਿੱਲੀ ਸਕੱਤਰੇਤ, ਆਈਟੀਓ ਤੇ ਨਾਲ ਲੱਗਦੇ ਇਲਾਕਿਆਂ ਤੋਂ ਇਲਾਵਾ ਅਰਾਵਲੀ ਪਹਾੜੀ ਵਾਲੇ ਗੁਰੂਗ੍ਰਾਮ ਦੇ ਨਾਲ ਲਗਦੇ ਇਲਾਕਿਆਂ ਵਿੱਚ ਵੀ ਮੀਂਹ ਪਿਆ। ਭਾਰਤੀ ਮੌਸਮ ਮਹਿਕਮੇ ਵੱਲੋਂ ਪਹਿਲਾਂ ਹੀ 17 ਤੋਂ 20 ਜੁਲਾਈ ਤੱਕ ਦਰਮਿਆਨੇ ਤੋਂ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੋਈ ਹੈ। ਮੀਂਹ ਪੈਣ ਕਰ ਕੇ ਬੀਤੇ ਦਨਿ ਨਾਲੋਂ ਗਰਮੀ ਘੱਟ ਮਹਿਸੂਸ ਹੋਈ ਪਰ ਹੁੰਮਸ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਦਿੱਲੀ ਵਿੱਚ ਹੁੰਮਸ 89 ਫ਼ੀਸਦ ਮਾਪੀ ਗਈ। ਘੱਟੋ-ਘੱਟ ਤਾਪਮਾਨ 27.4 ਡਿਗਰੀ ਦਰਜ ਕੀਤਾ ਗਿਆ, ਜਦੋਂਕਿ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਦੇ ਆਸ-ਪਾਸ ਰਿਹਾ। ਬੀਤੇ ਦਨਿ ਦਿੱਲੀ ਦਾ ਤਾਪਮਾਨ 26 ਡਿਗਰੀ ਸੀ, ਜੋ ਆਮ ਨਾਲੋਂ ਇੱਕ ਡਿਗਰੀ ਹੇਠਾਂ ਸੀ। ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਰਿਹਾ ਸੀ।
ਉਧਰ ਹਥਨੀਕੁੰਡ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਯਮੁਨਾ ਵਿੱਚ ਪਾਣੀ ਦਾ ਪੱਧਰ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਮਾਮੂਲੀ ਉਪਰੋਂ ਵਗ ਰਿਹਾ ਹੈ। ਦਨਿ ਵੇਲੇ ਪਾਣੀ ਦਾ ਪੱਧਰ 205.67 ਮੀਟਰ ਤੱਕ ਸੀ। ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਸਮੇਤ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਵੀ ਮੀਂਹ ਪੈਣ ਕਰ ਕੇ ਯਮੁਨਾ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹੈ। ਦਿੱਲੀ ਵਿੱਚ ਰਿਹਾਇਸ਼ੀ ਇਲਾਕਿਆਂ ’ਚੋਂ ਪਾਣੀ ਦਾ ਨਿਕਾਸ ਹੋਣ ਲੱਗਾ ਹੈ, ਜਿਸ ਕਰ ਕੇ ਆਈਟੀਓ ਦੇ ਵਿਕਾਸ ਮਾਰਗ, ਕਸ਼ਮੀਰੀ ਗੇਟ ਤੋਂ ਮਜਨੂੰ ਕਾ ਟਿੱਲਾ ਦੀ ਸੜਕ ਉਪਰ ਆਵਾਜਾਈ ਸ਼ੁਰੂ ਹੋ ਗਈ। ਕੈਬਨਿਟ ਮੰਤਰੀ ਆਤਿਸ਼ੀ ਨੇ ਟਵੀਟ ਕੀਤਾ ਕਿ ਆਈਟੀਓ ਵਿੱਚ ਪਾਣੀ ਦਾ ਨਿਕਾਸ ਹੋਣ ਨਾਲ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਮਾਰਗ ਉਪਰ ਪਾਣੀ ਭਰਨ ਕਰ ਕੇ ਗਾਰਾ ਜਮ੍ਹਾਂ ਹੋ ਗਿਆ ਸੀ। ਤਿੱਬਤੀ ਬਾਜ਼ਾਰ ਦੇ ਸਾਹਮਣੇ ਵੀ ਗਾਰਾ ਹਟਾਉਣ ਮਗਰੋਂ ਕਸ਼ਮੀਰੀ ਗੇਟ ’ਤੇ ਰਿੰਗ ਰੋਡ ਉਪਰ ਆਵਾਜਾਈ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਦਿੱਲੀ ਨਗਰ ਨਿਗਮ ਦੀ ਮੇਅਰ ਸ਼ੈਲੀ ਉਬਰਾਓ ਨੇ ਅੱਜ ਹਸਪਤਾਲਾਂ ਦੇ ਦੌਰਾ ਕਰਦਿਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਫ਼ਾਈ ਵਿਵਸਥਾ ਛੇਤੀ ਸੁਧਾਰਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ। ਦਿੱਲੀ ਵਿੱਚ ਸਫ਼ਾਈ ਦਾ ਜ਼ਿੰਮਾ ਨਗਰ ਨਿਗਮ ਦਾ ਹੈ. ਜਿਸ ਉਪਰ ਪਹਿਲੀ ਵਾਰ ‘ਆਪ’ ਕਾਬਜ਼ ਹੋਈ ਹੈ। ਇਸ ਕਰ ਕੇ ਮੇਅਰ ਲਈ ਇਹ ਇਮਤਿਹਾਨ ਦੀ ਘੜੀ ਹੈ। ਯਮੁਨਾ ਦਾ ਪਾਣੀ ਭਰਨ ਕਾਰਨ ਸੜਕਾਂ ਉਪਰ ਗਾਰਾ ਭਰ ਗਿਆ, ਜਿਸ ਕਾਰਨ ਤਿਲਕਣ ਹੋ ਗਈ ਹੈ ਤੇ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ। ਪਾਣੀ ਕਰੀਬ ਹਫ਼ਤਾ ਭਰਿਆ ਰਿਹਾ, ਜਿਸ ਕਰ ਕੇ ਉੱਥੇ ਮੱਛਰਾਂ ਦਾ ਲਾਰਵਾ ਪੈਦਾ ਹੋਣ ਦੇ ਸ਼ੰਕੇ ਹਨ। ਮੇਅਰ ਵੱਲੋਂ ਐਂਟੀ ਲਾਰਵਾ ਮਹਿਕਮੇ ਨੂੰ ਹਦਾਇਤ ਕੀਤੀ ਗਈ ਹੈ ਕਿ ਡੇਂਗੂ, ਚਿਕਨਗੁਣੀਆ ਵਰਗੀਆਂ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕੀਤੀ ਜਾਵੇ।
ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ, ਪੰਜਾਬ, ਉੱਤਰਾਖੰਡ ਵਰਗੇ ਰਾਜਾਂ ਲਈ ਆਵਾਜਾਈ ਦਾ ਵੱਡਾ ਕੇਂਦਰ ਕਸ਼ਮੀਰੀ ਗੇਟ ਬੱਸ ਸਟੈਂਡ ਮੰਗਲਵਾਰ ਨੂੰ ਵੀ ਨਹੀਂ ਖੁੱਲ੍ਹ ਸਕਿਆ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਜਲਦ ਸ਼ੁਰੂ ਕੀਤਾ ਜਾਵੇਗਾ।
ਆਈਟੀਓ ਬੈਰਾਜ ਦੇ ਪੰਜ ਗੇਟਾਂ ’ਚੋਂ ਦੋ ਖੋਲ੍ਹੇ
ਕਈ ਦਨਿਾਂ ਦੀ ਮਿਹਨਤ ਤੋਂ ਬਾਅਦ ਜਾਮ ਹੋਏ ਆਈਟੀਓ ਬੈਰਾਜ ਦੇ ਪੰਜ ਗੇਟਾਂ ’ਚੋਂ ਦੋ ਖੋਲ੍ਹ ਦਿੱਤੇ ਗਏ ਹਨ। ਦਿੱਲੀ ਦੇ ਜਲ ਮੰਤਰੀ ਸੌਰਭ ਭਾਰਦਵਾਜ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਆਈਟੀਓ ਦਾ ਦੂਜਾ ਗੇਟ ਮੰਗਲਵਾਰ ਸਵੇਰੇ ਖੋਲ੍ਹਿਆ ਗਿਆ। ਬੈਰਾਜ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਭਾਰਦਵਾਜ ਨੇ ਟਵੀਟ ਕੀਤਾ, ‘‘ਆਈਟੀਓ ਬੈਰਾਜ ਦਾ ਗੇਟ ਨੰਬਰ 30 ਅੱਜ ਸ਼ਾਮ 5.19 ਵਜੇ ਖੋਲ੍ਹਿਆ ਗਿਆ।’’ ਜ਼ਿਕਰਯੋਗ ਹੈ ਕਿ ਭਾਰਤੀ ਫੌਜ, ਜਲ ਸੈਨਾ ਤੇ ਹੋਰ ਕਰਮਚਾਰੀ 13 ਜੁਲਾਈ ਤੋਂ ਆਈਟੀਓ ਬੈਰਾਜ ਵਿੱਚ ਲੱਗੇ ਹੋਏ ਸਨ। ‘ਆਪ’ ਨੇ ਹਰਿਆਣਾ ਸਰਕਾਰ ’ਤੇ ਬੈਰਾਜ ਦੀ ਸਾਂਭ-ਸੰਭਾਲ ਨਾ ਕਰਨ ਦਾ ਦੋਸ਼ ਲਗਾਇਆ ਸੀ। ਹਰਿਆਣਾ ਨੇ ਜਵਾਬ ਦਿੰਦਿਆਂ ਬਦਲੇ ’ਚ ‘ਆਪ’ ’ਤੇ ਇੰਜਨੀਅਰਾਂ ਨੂੰ ਬਕਾਇਆ ਭੁਗਤਾਨ ਨਾ ਕਰਨ ਦਾ ਦੋਸ਼ ਲਗਾਇਆ ਸੀ।
ਵਜ਼ੀਰਾਬਾਦ ਵਾਟਰ ਟਰੀਟਮੈਂਟ ਪਲਾਂਟ ਸ਼ੁਰੂ
ਵਜ਼ੀਰਾਬਾਦ ਵਾਟਰ ਟਰੀਟਮੈਂਟ ਪਲਾਂਟ ਤੋਂ 134 ਐੱਮਜੀਡੀ ਪਾਣੀ ਦਾ ਟਰੀਟਮੈਂਟ ਸ਼ੁਰੂ ਹੋ ਗਿਆ ਹੈ, ਜੋ ਯਮੁਨਾ ਦੇ ਪਾਣੀ ਦੇ ਦਾਖਲ ਹੋਣ ਕਾਰਨ ਬੰਦ ਹੋ ਗਿਆ ਸੀ। ਉੱਤਰੀ ਦਿੱਲੀ, ਉੱਤਰੀ-ਪੱਛਮੀ ਦਿੱਲੀ ਅਤੇ ਪੱਛਮੀ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਰਾਹੀਂ ਕਿਹਾ ਹੈ ਕਿ ਪਾਣੀ ਦੀ ਸਪਲਾਈ ਆਮ ਵਾਂਗ ਹੈ। ਜ਼ਿਕਰਯੋਗ ਹੈ ਕਿ ਯਮੁਨਾ ’ਚ ਹੜ੍ਹ ਕਾਰਨ ਜਲ ਬੋਰਡ ਦੇ ਵਜ਼ੀਰਾਬਾਦ, ਚੰਦਰਵਾਲ ਵਾਟਰ ਟਰੀਟਮੈਂਟ ਪਲਾਂਟ ’ਚ ਪਾਣੀ ਭਰ ਗਿਆ ਸੀ। ਇਸ ਕਾਰਨ 13 ਜੁਲਾਈ ਨੂੰ ਇਨ੍ਹਾਂ ਦੋਵਾਂ ਪਲਾਂਟਾਂ ਦੇ ਨਾਲ ਹੀ ਓਖਲਾ ਵਾਟਰ ਟਰੀਟਮੈਂਟ ਪਲਾਂਟ ਵੀ ਬੰਦ ਕਰ ਦਿੱਤਾ ਗਿਆ ਸੀ। ਦਿੱਲੀ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਸੀ। ਓਖਲਾ ਵਾਟਰ ਟਰੀਟਮੈਂਟ ਪਲਾਂਟ ਨੇ 14 ਜੁਲਾਈ ਨੂੰ 20 ਐੱਮਜੀਡੀ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਸੀ। 16 ਜੁਲਾਈ ਨੂੰ ਕਰੀਬ 100 ਐੱਮ.ਜੀ.ਡੀ. ਦੀ ਸਮਰੱਥਾ ਵਾਲੇ ਚੰਦਰਵਾਲ ਜਲ ਪਲਾਂਟ ਤੋਂ ਵੀ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਗਈ ਪਰ ਵਜ਼ੀਰਾਬਾਦ ਵਾਟਰ ਟਰੀਟਮੈਂਟ ਪਲਾਂਟ ਤੋਂ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਸੀ।