ਸਾਲਾਨਾ ਇਮਤਿਹਾਨ ਅਗੇਤੇ ਕਰਨੇ ਸਹੀ ਨਹੀਂ
ਸਿੱਖਿਆ ਵਿਭਾਗ ਪੰਜਾਬ ਅਕਸਰ ਵੱਖ-ਵੱਖ ਮਾਮਲਿਆਂ ਤੋਂ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਜਿਵੇਂ ਹੁਣ ਇੱਕ ਪਾਸੇ ਸਰਕਾਰ ਵੱਲੋਂ ਮਿਸ਼ਨ 100 ਫ਼ੀਸਦੀ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸਾਲਾਨਾ ਇਮਤਿਹਾਨਾਂ ਦੀਆਂ ਤਰੀਕਾਂ ਕੁਝ ਹੋਰ ਹੀ ਦ੍ਰਿਸ਼ ਦਿਖਾ ਰਹੀਆਂ ਹਨ।
ਸਮੂਹ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਪੂਰੇ ਸਾਲ ਦੀ ਮਿਹਨਤ ਪਰਖਣ ਲਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿੱਖਿਆ ਬੋਰਡ ਵੱਲੋਂ ਵੱਖੋ ਵੱਖਰੀਆਂ ਬੋਰਡ ਜਮਾਤਾਂ ਲਈ 2023-24 ਸਾਲਾਨਾ ਇਮਤਿਹਾਨਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਤਹਿਤ ਕੁਝ ਕਾਰਨਾਂ ਕਰ ਕੇ ਲੰਘੇ ਵਰ੍ਹਿਆਂ ਦੀ ਤਰਤੀਬ ਨੂੰ ਬਿਲਕੁਲ ਬਦਲ ਦਿੱਤਾ ਗਿਆ ਹੈ। ਪਿਛਲੇ ਵਰ੍ਹਿਆਂ ਵਿੱਚ ਪੰਜਵੀਂ ਅਤੇ ਅੱਠਵੀਂ ਦੇ ਸਾਲਾਨਾ ਇਮਤਿਹਾਨ ਫਰਵਰੀ ਵਿਚ ਕਰਵਾਏ ਜਾਂਦੇ ਰਹੇ ਹਨ। ਇਸ ਵਾਰ ਬੋਰਡ ਵੱਲੋਂ ਅੱਠਵੀਂ ਤੇ ਪੰਜਵੀਂ ਜਮਾਤਾਂ ਦੇ ਇਮਤਿਹਾਨ ਪਿਛੇਤੇ ਕਰ ਕੇ ਮਾਰਚ ਮਹੀਨੇ ਅਤੇ ਇਸ ਦੇ ਉਲਟ ਦਸਵੀਂ, ਬਾਰ੍ਹਵੀ ਜਮਾਤਾਂ ਦੇ ਇਮਤਿਹਾਨ ਅਗੇਤੇ ਕਰ ਕੇ ਫਰਵਰੀ ਵਿੱਚ ਕਰਵਾਏ ਜਾ ਰਹੇ ਹਨ। ਇਸ ਤਬਦੀਲੀ ਦਾ ਖਾਮਿਆਜ਼ਾ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਸਕਦਾ ਹੈ ਤੇ ਉਨ੍ਹਾਂ ਦਾ ਨਤੀਜਾ ਪ੍ਰਭਾਵਿਤ ਹੋ ਸਕਦਾ ਹੈ।
ਆਰਟੀਈ ਐਕਟ-2009 ਦੀ ਧਾਰਾ 19 ਅਨੁਸਾਰ ਹਰੇਕ ਮਾਨਤਾ ਪ੍ਰਾਪਤ ਸਕੂਲ ਨੂੰ ਇੱਕ ਅਕਾਦਮਿਕ ਸਾਲ ਵਿੱਚ ਉੱਚ ਪ੍ਰਾਇਮਰੀ ਜਮਾਤਾਂ ਲਈ ਘੱਟੋ-ਘੱਟ 220 ਕੰਮਕਾਜੀ ਦਿਨ ਸਕੂਲ ਖੋਲ੍ਹਣੇ ਜ਼ਰੂਰੀ ਹਨ। ਪਰ ਪੰਜਾਬ ਵਿੱਚ ਬੀਤੇ ਵਰ੍ਹੇ ਆਏ ਹੜ੍ਹਾਂ ਕਾਰਨ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋਇਆ ਕਿਉਂਕਿ ਹੜ੍ਹਾਂ ਕਾਰਨ ਕਾਫੀ ਦਿਨ ਸਕੂਲਾਂ ਵਿੱਚ ਛੁੱਟੀਆਂ ਕਰਨੀਆਂ ਪਈਆਂ ਸਨ। ਭਾਵੇਂ ਅਧਿਆਪਕਾਂ ਨੇ ਸੰਜੀਦਗੀ ਤੋਂ ਕੰਮ ਲੈਂਦਿਆਂ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਨਾਲ ਜੋੜਨ ਦਾ ਯਤਨ ਕੀਤਾ ਪਰ ਫਿਰ ਵੀ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ। ਦਸਵੀਂ ਜਮਾਤ ਦੀ ਪੜ੍ਹਾਈ ਹਰੇਕ ਵਿਦਿਆਰਥੀ ਲਈ ਬਹੁਤ ਅਹਿਮ ਹੁੰਦੀ ਹੈ ਕਿਉਂਕਿ ਇਸ ਜਮਾਤ ਦਾ ਨਤੀਜਾ ਸਾਰੀ ਜ਼ਿੰਦਗੀ ਵਿਦਿਆਰਥੀ ਦੇ ਨਾਲ ਚੱਲਦਾ ਹੈ, ਜਿਸ ਉਤੇ ਉਨ੍ਹਾਂ ਦਾ ਭਵਿੱਖ ਸਮੁੱਚੇ ਤੌਰ ’ਤੇ ਨਿਰਭਰ ਕਰਦਾ ਹੈ। ਇਸੇ ਬੁਨਿਆਦ ਤੋਂ ਹੀ ਵਿਦਿਆਰਥੀ ਆਪਣੇ ਬੌਧਿਕ ਪੱਖ ਦਾ ਅੰਦਾਜ਼ਾ ਲਗਾ ਕੇ ਆਪਣੇ ਭਵਿੱਖ ਦੀਆਂ ਰਣਨੀਤੀਆਂ ਨੂੰ ਨਿਰਧਾਰਿਤ ਕਰਦੇ ਹਨ।
ਇਸ ਵਰ੍ਹੇ ਵੀ ਜ਼ਿਆਦਾ ਠੰਡ ਪੈਣ ਕਾਰਨ ਕਾਫ਼ੀ ਛੁੱਟੀਆਂ ਕੀਤੇ ਜਾਣ ਕਰ ਕੇ ਵੀ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਅਧਿਆਪਕਾਂ ਨੇ ਬਹੁਤ ਜੱਦੋਜਹਿਦ ਨਾਲ ਆਪਣੇ ਵਿਸ਼ਿਆਂ ਦਾ ਸਿਲੇਬਸ ਪੂਰਾ ਕਰਵਾਇਆ। ਅਧਿਆਪਕਾਂ ਨੇ ਸਿਲੇਬਸ ਤਾਂ ਭਾਵੇਂ ਪੂਰਾ ਕਰਵਾ ਦਿੱਤਾ ਹੈ, ਪਰ ਵਿਦਿਆਰਥੀਆਂ ਕੋਲ ਦੁਹਰਾਈ ਦਾ ਸਮਾਂ ਬਿਲਕੁਲ ਨਹੀਂ ਰਿਹਾ। ਉੱਪਰੋਂ ਵਿਦਿਆਰਥੀ ਪ੍ਰੀ-ਬੋਰਡ ਪ੍ਰੀਖਿਆਵਾਂ ਵਿੱਚ ਉਲਝੇ ਰਹੇ। ਇਸ ਤੋਂ ਮਹਿਜ਼ ਦਸ-ਬਾਰਾਂ ਦਿਨਾਂ ਬਾਅਦ ਦਸਵੀਂ ਅਤੇ ਬਾਰ੍ਹਵੀਂ ਦੇ ਇਮਤਿਹਾਨ ਸ਼ੁਰੂ ਹੋ ਜਾਣੇ ਹਨ। ਇੱਥੇ ਸਵਾਲ ਉੱਠਦਾ ਹੈ ਕਿ ਕੀ ਵਿਦਿਆਰਥੀ ਇੰਨੇ ਦਿਨਾਂ ਵਿੱਚ ਸਮੁੱਚੇ ਸਾਲ ਦਾ ਸਿਲੇਬਸ ਦੁਹਰਾ ਲੈਣਗੇ? ਕੀ ਵਿਦਿਆਰਥੀ ਸਾਲਾਨਾ ਇਮਤਿਹਾਨਾਂ ਲਈ ਪੂਰੀ ਤਰ੍ਹਾਂ ਤਿਆਰ ਹੋਣਗੇ?
ਗੌਰਤਲਬ ਹੈ ਕਿ ਸਾਲਾਨਾ ਇਮਤਿਹਾਨਾਂ ਦੀਆਂ ਤਰੀਕਾਂ ਦੇਸ਼ ਦੀਆਂ ਆਗਾਮੀ ਆਮ ਚੋਣਾਂ ਅਤੇ ਮਿਸ਼ਨ ਸਮਰੱਥ ਦੇ ਚਲਦਿਆਂ ਅੱਗੇ ਪਾਈਆਂ ਗਈਆਂ ਹਨ। ਨਾਲ ਹੀ ਵੱਡੇ ਪੱਧਰ ’ਤੇ ਅਧਿਆਪਕਾਂ ਤੋਂ ਗ਼ੈਰ-ਵਿਦਿਆਕ ਕੰਮ ਲੈਣ ਦਾ ਰੁਝਾਨ ਹੁਣ ਵੀ ਜ਼ੋਰਾਂ ’ਤੇ ਹੈ। ਖ਼ਾਸਕਰ ਕੰਪਿਊਟਰ ਵਿਸ਼ੇ ਦੇ ਅਧਿਆਪਕ ਭਾਰੀ ਗਿਣਤੀ ਵਿਚ ਚੋਣਾਂ ਦੀ ਤਿਆਰੀ ਵਿੱਚ ਲਗਾਏ ਗਏ ਹਨ, ਜਿਨ੍ਹਾਂ ਨੂੰ ਮਜਬੂਰੀ ਵੱਸ ਅਧਿਆਪਨ ਕਾਰਜ ਛੱਡ ਕੇ ਦਫਤਰਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ। ਇਸ ਖ਼ਿਲਾਫ਼ ਸਮੁੱਚੇ ਅਧਿਆਪਕ ਵਰਗ ਵਿੱਚ ਕਿਤੇ ਨਾ ਭਾਰੀ ਰੋਸ ਹੈ।
ਗਰੇਡਿੰਗ ਸਿਸਟਮ ਅਤੇ ਮਿਡਲ ਪੱਧਰ ਤੱਕ ਫੇਲ ਨਾ ਕਰਨ ਦੀ ਨੀਤੀ ਨੇ ਵੀ ਸਿੱਖਿਆ ਨੂੰ ਕਾਫ਼ੀ ਖੋਰਾ ਲਾਇਆ ਹੈ। ਗਰੇਡਾਂ ਦੇ ਜਾਲ ਵਿੱਚ ਘਿਰੇ ਵਿਦਿਆਰਥੀ ਬਹੁਤ ਹੀ ਭੰਬਲਭੂਸੇ ਦਾ ਸ਼ਿਕਾਰ ਹਨ। ਕਰੋਨਾ ਕਾਲ ਦੌਰਾਨ ਜੋ ਸਾਡੀ ਸਿਹਤ ਤੇ ਸਿੱਖਿਆ ਦੀ ਦੁਰਗਤੀ ਹੋਈ ਉਸ ਦਾ ਸੰਤਾਪ ਸਮੁੱਚੇ ਦੇਸ਼ ਨੇ ਹੰਢਾਇਆ ਹੈ। ਹੁਣ ਜੇ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਹੈ ਤਾਂ ਅਧਿਆਪਕ ਵਰਗ ਨੂੰ ਫ਼ੌਰੀ ਤੌਰ ’ਤੇ ਗ਼ੈਰ-ਵਿੱਦਿਆਕ ਅਤੇ ਕਾਗਜ਼ੀ ਪ੍ਰੋਜੈਕਟਾਂ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ। ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੱਕੇ ਪ੍ਰਿੰਸੀਪਲਾਂ ਅਤੇ ਨਾਲ ਹੀ ਹੈਡਮਾਸਟਰਾਂ, ਲੈਕਚਰਾਰਾਂ ਤੇ ਕਲਰਕਾਂ ਦੀ ਭਾਰੀ ਕਮੀ ਹੈ, ਜਿਸ ਨੂੰ ਦੂਰ ਕੀਤੇ ਬਿਨਾਂ ਅਸੀਂ ਆਦਰਸ਼ ਸਿੱਖਿਆ ਦੀ ਕਲਪਨਾ ਵੀ ਨਹੀਂ ਕਰ ਸਕਦੇ। ਪਰ ਸਭ ਤੋਂ ਪਹਿਲਾਂ ਇਮਤਿਹਾਨ ਅਗੇਤੇ ਕਰਨ ਦੇ ਫ਼ੈਸਲੇ ਉਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਦੁਹਰਾਈ ਲਈ ਲੋੜੀਂਦਾ ਸਮਾਂ ਮਿਲ ਸਕੇ।
ਸੰਪਰਕ: 94633-17199