ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੋਸ਼ਲ ਮੀਡੀਆ ਤੇ ‘ਸੋਸ਼ਲ’ ਵਿਚਲਾ ਅੰਤਰ ਸਮਝਣਾ ਜ਼ਰੂਰੀ

10:32 AM Dec 23, 2023 IST

ਪਰਮਿੰਦਰ ਕੌਰ

ਸੋਸ਼ਲ ਤੋਂ ਭਾਵ ਹੈ ਸਮਾਜਿਕ ਮੇਲ-ਜੋਲ। ਸੋਸ਼ਲ ਮੀਡੀਆ ਤੋਂ ਭਾਵ ਹੈ ਸਮਾਜ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਸੁਨੇਹੇ ਜਾਂ ਫਿਰ ਨਵੀਆਂ ਤੋਂ ਨਵੀਆਂ ਯੋਜਨਾਵਾਂ ਪ੍ਰਾਪਤ ਕਰਨ ਜਾਂ ਭੇਜਣ ਦਾ ਸਾਧਨ। ਇਨ੍ਹਾਂ ਦੋਵਾਂ ਵਿੱਚ ਬਹੁਤ ਜ਼ਿਆਦਾ ਅੰਤਰ ਹੈ, ਪਰ ਅੱਜ ਅਸੀਂ ਇਹ ਅੰਤਰ ਸਮਝ ਨਹੀਂ ਪਾ ਰਹੇ ਤੇ ਸੋਸ਼ਲ ਮੀਡੀਆ ਨੂੰ ਹੀ ਸੋਸ਼ਲ ਸਮਝੀ ਬੈਠੇ ਹਾਂ ਜੋ ਕਿ ਗ਼ਲਤ ਹੈ। ਆਪਣਾ ਬਹੁਤ ਸਾਰਾ ਸਮਾਂ ਅਸੀਂ ਇਸ ਵੱਲ ਹੀ ਖ਼ਰਚ ਕਰ ਰਹੇ ਹਾਂ। ਇਸ ਅੰਤਰ ਨੂੰ ਸਮਝਣਾ ਸਮੇਂ ਤੇ ਹਾਲਾਤ ਦੀ ਸਭ ਤੋਂ ਵੱਡੀ ਲੋੜ ਹੈ।
ਜੇ 20-25 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਫੋਨ, ਟੀ.ਵੀ. ਜਾਂ ਰੇਡੀਓ ਵੀ ਕਿਸੇ-ਕਿਸੇ ਦੇ ਘਰ ਹੀ ਹੁੰਦਾ ਸੀ, ਪਰ ਉਹ ਲੋਕ ਆਪਣੇ ਸੁਨੇਹੇ ਚਿੱਠੀਆਂ ਰਾਹੀਂ, ਤਾਰ ਰਾਹੀਂ ਜਾਂ ਕਿਸੇ ਵੀ ਤਰ੍ਹਾਂ ਰਿਸ਼ਤੇਦਾਰਾਂ ਤੱਕ ਪਹੁੰਚਾਉਂਦੇ ਸਨ ਤੇ ਦੂਰ ਤੱਕ ਦੀਆਂ ਰਿਸ਼ਤੇਦਾਰੀਆਂ ਵੀ ਦਿਲੋਂ ਨਿਭਾਉਂਦੇ ਸਨ। ਉਨ੍ਹਾਂ ਦਾ ਸਮਾਜਿਕ ਦਾਇਰਾ ਵੀ ਅੱਜ ਦੇ ਲੋਕਾਂ ਦੇ ਮੁਕਾਬਲੇ ਬਹੁਤ ਵਿਸ਼ਾਲ ਸੀ। ਉਹ ਲੋਕ ਖੁਸ਼ੀ-ਗ਼ਮੀ, ਧੁੱਪ-ਛਾਂ ਇਕੱਠੇ ਬਹਿ ਕੇ ਮਾਣਦੇ ਸਨ। ਦੁੱਖ ਵੰਡਾਉਂਦੇ ਸਨ ਤੇ ਖੁਸ਼ੀਆਂ ਦੁੱਗਣੀਆਂ ਕਰਦੇ ਸਨ। ਅਸਲ ਵਿੱਚ ਇਹੀ ਹੈ ਸੋਸ਼ਲ ਹੋਣਾ। ਪਰ ਅੱਜ ਸੋਸ਼ਲ ਮੀਡੀਆ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਜੇ ਕਿਤੇ ਰਿਸ਼ਤੇਦਾਰੀ ਵਿੱਚ ਜਾਣ ਲਈ ਕਿਹਾ ਜਾਵੇ ਤਾਂ ਕਹਿੰਦੇ ਹਨ ਕਿ ਉਸ ਕੋਲ ਸਮਾਂ ਨਹੀਂ ਜਦਕਿ ਉਹ ਫੋਨ ’ਤੇ ਕਈ-ਕਈ ਘੰਟੇ ਬਹਿ ਕੇ ਸਮਾਂ ਬਰਬਾਦ ਕਰ ਰਹੇ ਹੁੰਦੇ ਹਨ, ਪਰ ਆਪਣਿਆਂ ਲਈ ਸਮਾਂ ਨਹੀਂ।
ਅੱਜਕੱਲ੍ਹ ਘਰ ਵਿੱਚ ਜਿੰਨੇ ਮੈਂਬਰ ਓਨੇ ਫੋਨ, ਪਰ ਕਿਸੇ ਕੋਲ ਕਿਸੇ ਨਾਲ ਗੱਲ ਕਰਨ ਦਾ ਸਮਾਂ ਨਹੀਂ। ਇੰਸਟਾਗ੍ਰਾਮ, ਫੇਸਬੁੱਕ, ਵਟਸਐਪ, ਮਸੈਂਜਰ ਆਦਿ ਨੂੰ ਹੀ ਅਸੀਂ ਆਪਣਾ ਸੋਸ਼ਲ ਦਾਇਰਾ ਸਮਝੀ ਬੈਠੇ ਹਾਂ। ਜੋ ਕੋਈ ਇਹ ਐਪਸ ਨਹੀਂ ਚਲਾ ਰਿਹਾ, ਤਾਂ ਕਿਹਾ ਜਾਂਦਾ ਹੈ ਕਿ ਉਹ ਸੋਸ਼ਲ ਨਹੀਂ ਹੈ। ਉਸ ਨੂੰ ਤਾਂ ਕਿਸੇ ਨਾਲ ਕੋਈ ਮਤਲਬ ਨਹੀਂ। ਹਰ ਵੇਲੇ ਪਤਾ ਨਹੀਂ ਕਿੱਥੇ ਤੁਰਿਆ ਰਹਿੰਦਾ ਹੈ। ਕਦੇ ਵੀ ਕਿਸੇ ਦਾ ਸਟੇਟਸ ਨਹੀਂ ਦੇਖਦਾ। ਭਾਵੇਂ ਉਹ ਇਨਸਾਨ ਦੁਨੀਆਦਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੋਵੇ, ਪਰ ਸਿਰਫ਼ ਸੋਸ਼ਲ ਮੀਡੀਆ ’ਤੇ ਐਕਟਿਵ ਨਾ ਹੋਣ ਕਾਰਨ ਕਿਹਾ ਜਾਂਦਾ ਹੈ ਕਿ ਉਹ ਸੋਸ਼ਲ ਨਹੀਂ ਹੈ। ਪੁਰਾਣੇ ਸਮੇਂ ਵਿੱਚ ਅੱਜ ਵਰਗੀਆਂ ਬੇਮਿਸਾਲ ਸਹੂਲਤਾਂ ਨਹੀਂ ਸਨ, ਪਰ ਫਿਰ ਵੀ ਉਹ ਲੋਕ ਦੂਰ-ਦੂਰ ਤੱਕ ਰਹਿੰਦੇ ਪਰਿਵਾਰਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਸਨ ਕਿਉਂਕਿ ਲੋਕਾਂ ਦੇ ਸੁਭਾਅ ਵਿੱਚ ਮਿਲਵਰਤਣ ਦੀ ਭਾਵਨਾ ਭਰੀ ਹੋਈ ਸੀ।
ਬਹੁਤਾ ਦੂਰ ਨਾ ਜਾਈਏ ਤਾਂ ਇੱਕ ਛੋਟੀ ਜਿਹੀ ਉਦਾਹਰਨ ਹੀ ਦਿੰਦੀ ਹਾਂ। ਮੇਰੀ ਆਪਣੀ ਹੀ ਭਤੀਜੀ ਜਦ ਸਟੱਡੀ ਵੀਜ਼ਾ ਲੈ ਕੇ ਵਿਦੇਸ਼ ਗਈ ਤਾਂ ਇੱਕ ਦਿਨ ਬੱਸ ਵਿੱਚ ਕਿਸੇ ਬਜ਼ੁਰਗ ਨੇ ਉਸ ਦਾ ਪਿਛੋਕੜ ਪੁੱਛਿਆ ਤਾਂ ਕੁੜੀ ਦੇ ਜਵਾਬ ਦੇਣ ਸਾਰ ਹੀ ਉਸ ਬਜ਼ੁਰਗ ਨੇ ਬੜੇ ਹੀ ਪਿਆਰ ਤੇ ਖੁਸ਼ੀ ਨਾਲ ਉਸ ਦੇ ਸਿਰ ’ਤੇ ਹੱਥ ਰੱਖਦਿਆਂ ਕਿਹਾ, ‘‘ਅੱਛਾ ਧੀਏ! ਕੀ ਤੂੰ ਗਿਆਨੀ ਮੋਹਣ ਸਿੰਘ ਦੀ ਪੜਪੌਤੀ ਹੈਂ?’’ ਕੁੜੀ ਨੇ ਉੱਤਰ ਹਾਂ ਵਿੱਚ ਦਿੱਤਾ। ਉਹ ਬਜ਼ੁਰਗ ਤਾਂ ਉਨ੍ਹਾਂ ਦੇ ਪਰਿਵਾਰ ਦੀ ਹਰ ਪੀੜ੍ਹੀ ਬਾਰੇ ਜਾਣਦਾ ਸੀ। ਘਰ ਪਹੁੰਚ ਕੇ ਭਤੀਜੀ ਨੇ ਹੈਰਾਨ ਹੋ ਕੇ ਮਾਪਿਆਂ ਨੂੰ ਫੋਨ ’ਤੇ ਦੱਸਿਆ ਕਿ ਅੱਜ ਪੜਦਾਦਾ ਜੀ ਦੀ ਪਹਿਚਾਣ ਤਾਂ ਵਿਦੇਸ਼ ਵਿੱਚ ਵੀ ਨਿਕਲ ਆਈ।
ਇੱਥੇ ਵੀ ਇਹ ਗੱਲ ਸਪੱਸ਼ਟ ਹੈ ਕਿ ਉਸ ਵੇਲੇ ਕੋਈ ਸੋਸ਼ਲ ਮੀਡੀਆ ਨਹੀਂ ਸੀ, ਪਰ ਉਸ ਸਮੇਂ ਲੋਕ ਸੋਸ਼ਲ ਸਨ। ਉਹ ਮੀਲਾਂ-ਕੋਹਾਂ ਤੋਂ ਵੀ ਇੱਕ-ਦੂਜੇ ਦੀ ਖ਼ਬਰਸਾਰ ਲੈਂਦੇ ਸਨ, ਪਰ ਅੱਜ ਸਾਨੂੰ ਆਪਣੇ ਗਲੀ-ਮੁਹੱਲੇ ਵਿੱਚ ਵੀ ਸਾਰਿਆਂ ਬਾਰੇ ਪਤਾ ਨਹੀਂ ਹੁੰਦਾ। ਫੋਨ ’ਤੇ ਹੀ ਅਸੀਂ ਇੱਕ-ਦੂਜੇ ਨੂੰ ਖੁਸ਼ੀ- ਗ਼ਮੀ ਵਿੱਚ ਅੰਗੂਠੇ ਜਾਂ ਇਮੋਜੀ ਭੇਜ ਕੇ ਆਪਣੇ ਆਪ ਨੂੰ ਸੋਸ਼ਲ ਕਹਿੰਦੇ ਹਾਂ। ਸਾਡੀ ਜ਼ਿੰਮੇਵਾਰੀ ਇੱਥੇ ਹੀ ਖ਼ਤਮ ਨਹੀਂ ਹੁੰਦੀ। ਸੋ ਅਸੀਂ ਆਪਣੇ ਆਪ ਨੂੰ ਸੋਸ਼ਲ ਮੀਡੀਆ ’ਤੇ ਏਨਾ ਵੀ ਮਸ਼ਰੂਫ਼ ਨਾ ਕਰੀਏ ਕਿ ਸਾਡੀ ਸੋਸ਼ਲ ਲਾਈਫ ਹੀ ਨਾ ਰਹੇ। ਅੱਜ ਅਸੀਂ ਨਿੱਕੇ-ਨਿੱਕੇ ਬੱਚਿਆਂ ਦੇ ਹੱਥਾਂ ਵਿੱਚ ਫੋਨ ਫੜਾ ਕੇ ਨਾ ਕੇਵਲ ਉਨ੍ਹਾਂ ਦਾ ਬਚਪਨ ਖੋਹ ਰਹੇ ਹਾਂ ਸਗੋਂ ਬਹੁਤ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਵੀ ਉਨ੍ਹਾਂ ਨੂੰ ਦੂਰ ਕਰ ਰਹੇ ਹਾਂ ਜੋ ਉਹ ਕੇਵਲ ਸਮਾਜ ਵਿੱਚ ਵਿਚਰ ਕੇ ਤੇ ਦੂਜੇ ਬੱਚਿਆਂ ਨਾਲ ਖੇਡਦੇ- ਖੇਡਦੇ ਹੀ ਸਿੱਖ ਸਕਦੇ ਹਨ। ਸਮੇਂ ਦੀ ਲੋੜ ਅਨੁਸਾਰ ਆਧੁਨਿਕ ਸਾਧਨਾਂ ਨੂੰ ਅਪਨਾਉਣਾ ਕੋਈ ਮਾੜੀ ਗੱਲ ਨਹੀਂ। ਖਾਸਕਰ ਸੋਸ਼ਲ ਮੀਡੀਆ! ਜਿਸਦੇ ਬਿਨਾਂ ਅੱਜਕੱਲ੍ਹ ਕਿਸੇ ਦੀ ਗਤੀ ਨਹੀਂ। ਪੂਰੀ ਦੁਨੀਆ ਲਈ ਇਹ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ, ਪਰ ਜੋ ਚੀਜ਼ ਜਿਸ ਕੰਮ ਲਈ ਬਣੀ ਹੈ ਉਸ ਨੂੰ ਉੱਥੇ ਤੱਕ ਹੀ ਸੀਮਿਤ ਰੱਖਿਆ ਜਾਵੇ ਕਿਉਂਕਿ ਲੋੜ ਤੋਂ ਵੱਧ ਹਰ ਚੀਜ਼ ਮਾੜੀ ਹੁੰਦੀ ਹੈ। ਸੋ ਸੋਸ਼ਲ ਮੀਡੀਆ ਦੇ ਇਨ੍ਹਾਂ ਸਾਧਨਾਂ ਨੂੰ ਹੀ ਆਪਣੀ ਦੁਨੀਆ ਨਾ ਸਮਝੀਏ ਸਗੋਂ ਇਸ ਤੋਂ ਬਾਹਰ ਆਪਣੇ ਆਸ ਪਾਸ ਦੀ ਦੁਨੀਆ ਵੱਲ ਵੀ ਝਾਤ ਜ਼ਰੂਰ ਮਾਰੀਏ ਤੇ ਸੱਚਮੁੱਚ ਸੋਸ਼ਲ ਬਣੀਏ।
ਸੰਪਰਕ: 98773-46150

Advertisement

Advertisement