For the best experience, open
https://m.punjabitribuneonline.com
on your mobile browser.
Advertisement

ਖ਼ੁਦਕੁਸ਼ੀਆਂ ਦੀ ਮਹਾਮਾਰੀ ਨੂੰ ਨਕਾਰਨਾ ਮੁਸ਼ਕਿਲ

06:24 AM Sep 07, 2024 IST
ਖ਼ੁਦਕੁਸ਼ੀਆਂ ਦੀ ਮਹਾਮਾਰੀ ਨੂੰ ਨਕਾਰਨਾ ਮੁਸ਼ਕਿਲ
Advertisement

ਰਣਜੀਤ ਪਵਾਰ

Advertisement

ਭਾਰਤ ਵਿੱਚ ਜਿੰਨੇ ਲੋਕ ਖ਼ੁਦਕੁਸ਼ੀ ਕਰ ਜਾਂਦੇ ਹਨ, ਓਨੇ ਦੁਨੀਆ ਵਿੱਚ ਹੋਰ ਕਿਤੇ ਨਹੀਂ ਕਰਦੇ। ਸਾਲ 2016 ਦੇ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਇੱਕ ਲੱਖ ਦੀ ਆਬਾਦੀ ਪਿੱਛੇ ਖ਼ੁਦਕੁਸ਼ੀ ਦੀ ਦਰ 16.5 ਫੀਸਦੀ ਸੀ ਜਦੋਂਕਿ ਆਲਮੀ ਔਸਤ 10.5 ਫੀਸਦ ਦੀ ਹੈ। ਆਖ਼ਰ ਲੋਕਾਂ ਵੱਲੋਂ ਇੰਝ ਆਪਣੀ ਜਾਨ ਲੈਣ ਦੇ ਕੀ ਕਾਰਨ ਹਨ? ਕੀ ਖ਼ੁਦਕੁਸ਼ੀ ਦੀ ਅਲਾਮਤ ਕੋਈ ਨਿੱਜੀ ਵਰਤਾਰਾ ਹੈ ਜਾਂ ਕੀ ਸਾਡੀਆਂ ਸਮਾਜਿਕ, ਪ੍ਰਸ਼ਾਸਕੀ, ਆਰਥਿਕ, ਵਿਦਿਅਕ ਅਤੇ ਧਾਰਮਿਕ ਪ੍ਰਣਾਲੀਆਂ ਨੂੰ ਵੀ ਅੱਗੇ ਆ ਕੇ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ?
ਮਾਨਸਿਕ ਸਿਹਤ, ਨਸ਼ਿਆਂ ਦੀ ਲ਼ਤ, ਤਲਾਕ, ਪ੍ਰੇਮ ਸਬੰਧਾਂ ’ਚ ਨਾਕਾਮੀ, ਜਿਨਸੀ ਹਿੰਸਾ, ਦੀਵਾਲੀਆਪਣ, ਵਿਦਿਅਕ ਦਿੱਕਤਾਂ, ਬੇਰੁਜ਼ਗਾਰੀ ਅਤੇ ਗ਼ਰੀਬੀ ਖ਼ੁਦਕੁਸ਼ੀ ਦੇ ਪ੍ਰਮੁੱਖ ਕਾਰਨਾਂ ਵਿੱਚ ਗਿਣੇ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਦੱਖਣੀ ਏਸ਼ੀਆ ਦੇ ਦੇਸ਼ਾਂ ਅੰਦਰ ਭਾਈਚਾਰੇ ਅੰਦਰ ਆਪਣਾ ਸਨਮਾਨ ਗੁਆ ਲੈਣ ਦਾ ਇੱਕ ਖ਼ਾਸ ਕਾਰਨ ਵੀ ਜੋੜਿਆ ਜਾਂਦਾ ਹੈ। ਭਾਰਤ, ਖ਼ਾਸਕਰ ਸਮਾਜ ਦੇ ਕੁਝ ਖ਼ਾਸ ਤਬਕਿਆਂ ਵਿੱਚ ਖ਼ੁਦਕੁਸ਼ੀ ਦੀ ਉੱਚੀ ਦਰ ਦੇ ਕਾਰਨਾਂ ਦੀ ਪੜਤਾਲ ਕਰਨ ਦੀ ਲੋੜ ਹੈ। ਵਰਲਡ ਹੈਪੀਨੈਸ ਰਿਪੋਰਟ 2024 ਵਿੱਚ 143 ਦੇਸ਼ਾਂ ’ਚੋਂ ਭਾਰਤ 126ਵੇਂ ਨੰਬਰ ’ਤੇ ਆਉਂਦਾ ਹੈ; ਦੇਖਿਆ ਜਾਵੇ ਤਾਂ ਇਹ ਸਭ ਤੋਂ ਹੇਠਲੇ ਪੱਧਰ ਦੇ ਦੇਸ਼ਾਂ ਵਿੱਚ ਸ਼ੁਮਾਰ ਹੁੰਦਾ ਹੈ; ਆਪਣੇ ਗੁਆਂਢੀ ਪਾਕਿਸਤਾਨ ਅਤੇ ਨੇਪਾਲ ਤੋਂ ਵੀ ਹੇਠਾਂ। ਭਾਰਤ ਵਿੱਚ ਦੁਖੀ ਲੋਕਾਂ ਦੀ ਸੰਖਿਆ ਐਨੀ ਜ਼ਿਆਦਾ ਕਿਉਂ ਹੈ? ਸਾਂਝੇ ਪਹਿਲੂਆਂ ਤੋਂ ਇਲਾਵਾ ਭਾਰਤ ਵਿੱਚ ਖ਼ੁਦਕੁਸ਼ੀ ਦੇ ਗ੍ਰਾਫ਼ ਦਾ ਇੱਕ ਖ਼ਾਸ ਪੈਟਰਨ ਹੈ; ਨੌਜਵਾਨਾਂ, ਘੱਟ ਆਮਦਨ ਵਾਲੇ ਸਮੂਹਾਂ, ਕਿਸਾਨਾਂ ਅਤੇ ਔਰਤਾਂ ਅੰਦਰ ਖ਼ੁਦਕੁਸ਼ੀ ਦੀ ਦਰ ਬਹੁਤ ਜ਼ਿਆਦਾ ਹੈ।
ਭਾਰਤ ਵਿੱਚ 15 ਤੋਂ 29 ਸਾਲਾਂ ਤੱਕ ਦੀ ਉਮਰ ਦੇ ਨੌਜਵਾਨਾਂ ਦਾ ਵੱਡਾ ਹਿੱਸਾ ਖ਼ੁਦਕੁਸ਼ੀ ਕਰ ਜਾਂਦਾ ਹੈ ਅਤੇ ਭਾਰਤ ਦੀ ਆਬਾਦੀ ਵਿੱਚ ਇਸ ਉਮਰ ਵਰਗ ਦਾ ਹਿੱਸਾ 53.7 ਫ਼ੀਸਦੀ ਬਣਦਾ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੀ 2020 ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ 35 ਤੋਂ ਵੱਧ ਵਿਦਿਆਰਥੀ ਹਰ ਰੋਜ਼ ਖ਼ੁਦਕੁਸ਼ੀ ਕਰ ਜਾਂਦੇ ਹਨ। ਇਸ ਸਾਲ ਰਾਜਸਥਾਨ ਦੇ ਕੋਟਾ ਵਿੱਚ 13 ਵਿਦਿਆਰਥੀਆਂ ਨੇ ਆਪਣੀ ਜਾਨ ਦਿੱਤੀ ਹੈ ਜਦੋਂਕਿ ਪਿਛਲੇ ਸਾਲ ਇਸ ਕੋਚਿੰਗ ਹੱਬ ਵਿੱਚ 26 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਸੀ। ਗਲਵੱਢ ਮੁਕਾਬਲੇਬਾਜ਼ੀ, ਵੱਧ ਅੰਕ ਹਾਸਿਲ ਕਰਨ ਦਾ ਦਬਾਅ ਅਤੇ ਫੇਲ੍ਹ ਹੋ ਜਾਣ ਦੇ ਹਰ ਵਕਤ ਦੇ ਡਰ (ਜੋ ਕਈ ਵਾਰ ਮਾਪਿਆਂ ਵੱਲੋਂ ਵੀ ਵਧਾ ਦਿੱਤਾ ਜਾਂਦਾ ਹੈ) ਨੂੰ ਝੱਲਣਾ ਉਨ੍ਹਾਂ ਲਈ ਔਖਾ ਹੋ ਜਾਂਦਾ ਹੈ। ਨੌਕਰੀ ਲੈਣ ਵਾਲਿਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਜਦੋਂਕਿ ਅਸਾਮੀਆਂ ਦੀ ਗਿਣਤੀ ਬਹੁਤ ਘੱਟ ਹੈ। ਕਰੀਬ 10 ਫ਼ੀਸਦੀ ਭਾਰਤੀ ਨੌਜਵਾਨ ਬੇਰੁਜ਼ਗਾਰ, ਨਾਖੁਸ਼, ਬੇਚੈਨ ਅਤੇ ਆਪਣਾ ਰੋਜ਼ਮੱਰ੍ਹਾ ਦਾ ਗੁਜ਼ਾਰਾ ਚਲਾਉਣ ਤੋਂ ਵੀ ਅਸਮੱਰਥ ਹਨ। ਰੁਜ਼ਗਾਰ ਦੇ ਮਾਮਲੇ ਵਿੱਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਬਹੁਤ ਪਿੱਛੇ ਹਨ। ਨੌਕਰੀਆਂ ਦੀ ਘਾਟ ਹੀ ਨਹੀਂ ਸਗੋਂ ਮੁਨਾਸਿਬ ਚੋਣ ਪ੍ਰਕਿਰਿਆ, ਮੈਰਿਟ ਆਧਾਰਿਤ ਭਰਤੀ ਦੀ ਵੀ ਅਣਹੋਂਦ ਹੈ ਜਿਸ ਕਰ ਕੇ ਰੋਸ ਅਤੇ ਨਿਰਾਸ਼ਾ ਪੈਦਾ ਹੁੰਦੇ ਹਨ। ਰਾਜਸਥਾਨ ਲੋਕ ਸੇਵਾ ਕਮਿਸ਼ਨ ਨੂੰ ਪਿਛਲੇ ਚਾਰ ਸਾਲਾਂ ਦੌਰਾਨ ਪੇਪਰ ਲੀਕ ਅਤੇ ਨਤੀਜਿਆਂ ਨਾਲ ਛੇੜਛਾੜ ਦੇ ਮੁਕੱਦਮਿਆਂ ਕਰ ਕੇ ਬਹੁਤ ਸਾਰੀਆਂ ਭਰਤੀ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਹਨ। ਬਾਕੀ ਸੂਬਿਆਂ ਵਿੱਚ ਇਹੋ ਜਿਹੀਆਂ ਘਟਨਾਵਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ।
ਖ਼ੁਦਕੁਸ਼ੀ ਕਰਨ ਵਾਲਿਆਂ ’ਚ ਦੋ ਤਿਹਾਈ ਅਨੁਪਾਤ ਸਭ ਤੋਂ ਘੱਟ ਆਮਦਨ ਵਰਗ ਦੇ ਲੋਕਾਂ ਦਾ ਬਣਦਾ ਹੈ। ਇਸ ਤੋਂ ਇਲਾਵਾ, ਸਾਲ 2022 ਵਿੱਚ 11,290 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀਆਂ ਕੀਤੀਆਂ ਗਈਆਂ ਸਨ। ਇਨਸਾਨ ਦੇ ਜਿਊਂਦੇ ਅਤੇ ਖੁਸ਼ ਰਹਿਣ ਦੀਆਂ ਘੱਟੋ-ਘੱਟ ਲੋੜਾਂ ਕੀ ਹਨ? ਰੋਟੀ, ਕੱਪੜਾ ਅਤੇ ਮਕਾਨ? ਨੀਤੀ ਆਯੋਗ ਮੁਤਾਬਿਕ ਭਾਰਤ ਦੀ ਹੇਠਲੀ 50 ਫ਼ੀਸਦੀ ਆਬਾਦੀ ਦੀ ਔਸਤ ਮਾਸਿਕ ਖਰੀਦ ਸ਼ਕਤੀ ਪੇਂਡੂ ਖੇਤਰਾਂ ਵਿੱਚ 3094 ਰੁਪਏ ਅਤੇ ਸ਼ਹਿਰੀ ਖੇਤਰਾਂ ਵਿੱਚ 4963 ਰੁਪਏ ਹੈ। ਹੇਠਲੀ ਵੀਹ ਫ਼ੀਸਦੀ ਪੇਂਡੂ ਅਤੇ ਸ਼ਹਿਰੀ ਆਬਾਦੀ ਦੀ ਆਪਣੇ ਪਰਿਵਾਰਾਂ ਨੂੰ ਜ਼ਿੰਦਾ ਰੱਖਣ ਲਈ ਰੋਜ਼ਮੱਰ੍ਹਾ ਖਰਚ ਕਰਨ ਦੀ ਸਮੱਰਥਾ ਮਹਿਜ਼ 70-100 ਰੁਪਏ ਹੈ।
ਜੇ ਇਕ ਵਿਅਕਤੀ ਖੁਦਕੁਸ਼ੀ ਕਰਦਾ ਹੈ ਤਾਂ 200 ਤੋਂ ਵੱਧ ਵਿਅਕਤੀਆਂ ਅੰਦਰ ਅਜਿਹਾ ਰੁਝਾਨ ਜਾਂ ਸੋਚ ਪਾਈ ਜਾਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਭਾਰਤੀ ਔਰਤਾਂ ਅੰਦਰ ਖੁਦਕੁਸ਼ੀ ਦੀ ਦਰ ਆਲਮੀ ਔਸਤ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ ਹੈ। ਐੱਨਸੀਆਰਬੀ ਦੇ ਅੰਕੜਿਆਂ ਮੁਤਾਬਕ ਸਾਲ 2021 ਵਿਚ ਰੋਜ਼ਾਨਾ ਔਸਤ 86 ਬਲਾਤਕਾਰ ਦੇ ਕੇਸ ਦਰਜ ਹੋਏ ਸਨ। ਕੇਸਾਂ ਦੀ ਅਸਲ ਸੰਖਿਆ ਇਸ ਤੋਂ ਕਿਤੇ ਜ਼ਿਆਦਾ ਹੈ ਕਿਉਂਕਿ ਸ਼ਰਮ ਤੇ ਬਦਨਾਮੀ ਦੇ ਡਰੋਂ ਪੀੜਤ ਔਰਤਾਂ ਕੇਸ ਦਰਜ ਹੀ ਨਹੀਂ ਕਰਵਾਉਂਦੀਆਂ। ਵੱਡੀ ਤਾਦਾਦ ਵਿੱਚ ਔਰਤਾਂ ਨੂੰ ਸਰੀਰਕ ਤੇ ਮਾਨਸਿਕ ਸ਼ੋਸ਼ਣ, ਮਹਿਰੂਮੀ ਅਤੇ ਦਮਨ ਝੱਲਣਾ ਪੈ ਰਿਹਾ ਹੈ ਕਿਉਂਕਿ ਕਾਨੂੰਨ ਵਿਵਸਥਾ ਪ੍ਰਬੰਧ ਭ੍ਰਿਸ਼ਟਾਚਾਰ ਵਿੱਚ ਗ਼ਲਤਾਨ ਹੋਣ ਕਰ ਕੇ ਇਸ ਤੋਂ ਕੋਈ ਉਮੀਦ ਨਹੀਂ ਬਚੀ।
ਪੇਂਡੂ ਨੌਜਵਾਨ ਖੇਤੀਬਾੜੀ ਤੋਂ ਮੁੱਖ ਮੋੜ ਰਹੇ ਹਨ ਅਤੇ ਚਕਾਚੌਂਧ ਭਰੀ ਜ਼ਿੰਦਗੀ ਦੇ ਸੁਫਨੇ ਦੇਖ ਕੇ ਵੱਡੇ ਸ਼ਹਿਰਾਂ ਵੱਲ ਜਾ ਰਹੇ ਹਨ। ਸ਼ਹਿਰੀਕਰਨ ਭਾਵ ਜ਼ਿੰਦਗੀ ਦੇ ਖਰਚ ਵਧਣ, ਤੇਜ਼ ਰਫ਼ਤਾਰ ਅਤੇ ਸਫ਼ਲ ਹੋਣ ਅਤੇ ਦੁਨੀਆ ਵਿੱਚ ਆਪਣਾ ਮੁਕਾਮ ਬਣਾਉਣ ਦੀ ਜੱਦੋਜਹਿਦ ਕਰ ਕੇ ਤਣਾਅ ਵਧ ਰਿਹਾ ਹੈ। ਪਰਿਵਾਰ ਅਤੇ ਭਾਈਚਾਰੇ ਦੀ ਸੁਰੱਖਿਆ ਛਤਰੀ ਟੁੱਟ ਗਈ ਹੈ ਅਤੇ ਇਸ ਕਰ ਕੇ ਅਸੁਰੱਖਿਆ ਅਤੇ ਅਧੂਰੇਪਣ ਦਾ ਅਹਿਸਾਸ ਪੈਦਾ ਹੁੰਦਾ ਹੈ। ਸਾਡੀ ਸਿੱਖਿਆ ਪ੍ਰਣਾਲੀ ਵਿਚ ਕੋਈ ਗੰਭੀਰ ਘਾਟ ਹੈ। ਆਰਥਿਕ ਸਰਵੇਖਣ 2023-24 ਮੁਤਾਬਿਕ ਸਿਰਫ਼ 51.25 ਫ਼ੀਸਦੀ ਨੌਜਵਾਨ ਹੀ ਰੁਜ਼ਗਾਰ ਲਾਇਕ ਸਮਝੇ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਦੋ ਵਿੱਚੋਂ ਇੱਕ ਨੌਜਵਾਨ ਕਾਲਜਾਂ ’ਚੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨਿਕਲਣ ਸਾਰ ਕਿਰਤ ਸ਼ਕਤੀ ਦਾ ਹਿੱਸਾ ਨਹੀਂ ਬਣ ਪਾਉਂਦੇ। ਬੇਰੁਜ਼ਗਾਰੀ ਕਰ ਕੇ ਪੈਦਾ ਹੋਣ ਵਾਲੀ ਨਾਉਮੀਦੀ ਦਾ ਅਕਸਰ ਨਸ਼ਿਆਂ ਦੀ ਲ਼ਤ, ਹਿੰਸਾ, ਅਪਰਾਧ, ਨਿਰਾਸ਼ਾ ਅਤੇ ਖ਼ੁਦਕੁਸ਼ੀਆਂ ਜਿਹਾ ਪ੍ਰਭਾਵ ਪੈਂਦਾ ਹੈ।
ਰੋਜ਼ਾਨਾ 100 ਰੁਪਏ ਨਾਲ ਗੁਜ਼ਰ-ਬਸਰ ਕਰ ਰਹੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਅਮੀਰ ਲੋਕਾਂ ਦੀ ਤਲਿਸਮੀ ਦੁਨੀਆ ਅੰਦਰ ਝਾਤ ਮਾਰਨ ਦਾ ਮੌਕਾ ਮਿਲਦਾ ਹੈ ਜਿਸ ਨਾਲ ਉਨ੍ਹਾਂ ਅੰਦਰ ਵੱਡੀਆਂ ਕਾਰਾਂ ਅਤੇ ਮਹਿੰਗੇ ਫੋਨਾਂ ਦੀ ਚਾਹਤ ਪੈਦਾ ਹੁੰਦੀ ਹੈ। ਖਾਹਿਸ਼ਾਂ ਵਧ ਰਹੀਆਂ ਹਨ ਪਰ ਰੁਜ਼ਗਾਰ ਦੇ ਮੌਕੇ ਘਟਦੇ ਜਾ ਰਹੇ ਹਨ। ਖਾਹਿਸ਼ਾਂ ਅਤੇ ਤਲਖ਼ ਹਕੀਕਤ ਵਿਚਕਾਰ ਵਧ ਰਹੇ ਪਾੜੇ ਨੂੰ ਮਨੁੱਖੀ ਮਨ ਲਈ ਸਮੋਣਾ ਔਖਾ ਹੁੰਦਾ ਜਾ ਰਿਹਾ ਹੈ। ਭਾਰਤ ਵਿੱਚ ਖ਼ੁਦਕੁਸ਼ੀਆਂ ਦੀ ਮਹਾਮਾਰੀ ਨਾਲ ਸਿੱਝਣ ਦਾ ਫੌਰੀ ਹੱਲ ਕੱਢਣ ਦੀ ਲੋੜ ਹੈ ਅਤੇ ਵਿਦਿਆਰਥੀ ਹੋਸਟਲਾਂ ਵਿੱਚ ਹਲਕੇ ਪੱਖੇ ਟੰਗਣ, ਕੀਟਨਾਸ਼ਕਾਂ ਦੀ ਵਿਕਰੀ ਅਤੇ ਝੀਲਾਂ ਆਦਿ ’ਤੇ ਸਖ਼ਤ ਨਿਗਰਾਨੀ ਰੱਖਣ ਜਿਹੇ ਕਾਗਜ਼ੀ ਕਦਮਾਂ ਨਾਲ ਹੱਲ ਨਹੀਂ ਨਿਕਲ ਸਕੇਗਾ। ਸਾਡੇ ਸਿਸਟਮ ਵਿਚਲੇ ਨੁਕਸਾਂ ਨੂੰ ਦੂਰ ਕਰਨ ਦੇ ਬਹੁ-ਪਰਤੀ ਅਤੇ ਸੁਹਿਰਦ ਕਦਮਾਂ ਤੋਂ ਬਿਨਾਂ ਬੇਸ਼ਕੀਮਤੀ ਜਾਨਾਂ ਨੂੰ ਬਚਾਉਣਾ ਸੰਭਵ ਨਹੀਂ ਹੋਵੇਗਾ। ਇੱਕ ਅਜਿਹੇ ਦੇਸ਼ ਵਿੱਚ ਲੋਕ ਆਪਣੀਆਂ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਮਨੋਵਿਗਿਆਨਕਾਂ ਕੋਲ ਲੈ ਕੇ ਆਉਣ ਦੀ ਆਸ ਬਹੁਤ ਘੱਟ ਹੈ ਜਿੱਥੇ ਬਹੁਤ ਸਾਰੇ ਲੋਕ ਆਪਣੀਆਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਇਲਾਜ ਅਜੇ ਵੀ ਘਰੇਲੂ ਓਹੜ-ਪੋਹੜ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਨ।

Advertisement

Advertisement
Author Image

joginder kumar

View all posts

Advertisement