For the best experience, open
https://m.punjabitribuneonline.com
on your mobile browser.
Advertisement

ਚੁੱਪ ਰਹਿਣ ’ਚ ਹੀ ਭਲਾ

10:00 AM Jun 15, 2024 IST
ਚੁੱਪ ਰਹਿਣ ’ਚ ਹੀ ਭਲਾ
Advertisement

ਡਾ. ਰਣਜੀਤ ਸਿੰਘ

Advertisement

ਬਚਪਨ ਤੋਂ ਹੀ ਸੁਣਦੇ ਆ ਰਹੇ ਸਾਂ ‘ਇੱਕ ਚੁੱਪ ਸੌ ਸੁੱਖ’ ਪਰ ਇਹ ਸਮਝ ਨਹੀਂ ਸੀ ਆ ਰਿਹਾ ਕਿ ਚੁੱਪ ਰਹਿਣ ਨਾਲ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ ਹੈ। ਇਹ ਅਖਾਣ ਵੀ ਸੁਣਿਆ ਸੀ ਕਿ ਰੋਏ ਬਿਨਾਂ ਤਾਂ ਮਾਂ ਵੀ ਬੱਚੇ ਨੂੰ ਦੁੱਧ ਨਹੀਂ ਦਿੰਦੀ। ਪਹਿਲੀ ਵਾਰ ਚੁੱਪ ਦੇ ਸੁੱਖ ਦਾ ਅਹਿਸਾਸ ਸਕੂਲ ਵਿੱਚ ਹੋਇਆ। ਕਲਾਸ ਵਿੱਚ ਸਾਡੇ ਤੋਂ ਅੱਗੇ ਵਾਲੀ ਲਾਈਨ ਵਿੱਚ ਬੈਠੇ ਮੁੰਡੇ ਨੇ ਮਾਸਟਰ ਕੋਲ ਸ਼ਿਕਾਇਤ ਕੀਤੀ ਕਿ ਉਸ ਦੀ ਕਿਤਾਬ ਕਿਸੇ ਨੇ ਚੁੱਕ ਲਈ ਹੈ। ਮਾਸਟਰ ਜੀ ਨੇ ਸਾਨੂੰ ਖੜ੍ਹੇ ਕਰ ਲਿਆ। ਅਸੀਂ ਆਖਿਆ ਕਿ ਸਾਨੂੰ ਇਸ ਦੀ ਕਿਤਾਬ ਦਾ ਪਤਾ ਨਹੀਂ ਹੈ। ਮਾਸਟਰ ਜੀ ਨੇ ਸਾਨੂੰ ਆਪਣੇ ਕੋਲ ਬੁੁਲਾ ਕੇ ਆਖਿਆ ਕੰਨ ਫੜੋ ਤੇ ਮੁਰਗਾ ਬਣੋ। ਮੇਰੇ ਸਾਥੀ ਨੇ ਕੰਨ ਫੜ ਲਏ, ਮੈਂ ਆਖ ਬੈਠਾ ਕਿ ਅਸੀਂ ਕਿਤਾਬ ਨਹੀਂ ਲਈ। ਮਾਸਟਰ ਜੀ ਆਖਣ ਲੱਗੇ ਹੱਥ ਅੱਗੇ ਕਰ। ਮੈਂ ਹੱਥ ਅੱਗੇ ਕੀਤਾ ਤੇ ਉਨ੍ਹਾਂ ਨੇ ਜ਼ੋਰ ਨਾਲ ਸੋਟੀ ਮਾਰੀ ਤੇ ਆਖਣ ਲੱਗੇ ਦੂਸਰਾ ਹੱਥ ਅੱਗੇ ਕਰ। ਮੈਂ ਝਟ ਕੰਨ ਫੜ ਕੇ ਮੁਰਗਾ ਬਣ ਗਿਆ। ਕੁਦਰਤੀ ਮੁੰਡੇ ਨੂੰ ਕਿਤਾਬ ਉਸ ਦੇ ਘਰੋਂ ਹੀ ਮਿਲ ਗਈ ਨਹੀਂ ਤਾਂ ਪਤਾ ਨਹੀਂ ਕਿੰਨੇ ਦਿਨ ਮੁਰਗਾ ਬਣਨਾ ਪੈਣਾ ਸੀ।
ਕਈ ਸਾਲਾਂ ਪਿੱਛੋਂ ਚੁੱਪ ਦਾ ਚਮਤਕਾਰ ਮੈਂ ਆਪਣੇ ਗੁਆਂਢ ਵਿੱਚ ਹੁੰਦਾ ਵੇਖਿਆ। ਸਾਡੇ ਗੁਆਂਢ ਵਿੱਚ ਨੂੰਹ ਤੇ ਸੱਸ ਰਹਿੰਦੀਆਂ ਸਨ। ਨੂੰਹ ਦਾ ਪਤੀ ਫ਼ੌਜੀ ਸੀ, ਇਸ ਕਰਕੇ ਸਾਲ ਵਿੱਚ ਇੱਕ ਦੋ ਵਾਰ ਹੀ ਛੁੱਟੀ ਆਉਂਦਾ ਸੀ। ਘਰ ਵਿੱਚ ਨੂੰਹ, ਸੱਸ ਦੀ ਕੁੰਡੀ ਫਸੀ ਹੀ ਰਹਿੰਦੀ ਸੀ। ਨੂੰਹ, ਸੱਸ ਦੀ ਲੜਾਈ ਦਾ ਮੰਜ਼ਰ ਬਹੁਤ ਭਿਆਨਕ ਹੁੰਦਾ ਸੀ। ਇਸੇ ਕਰਕੇ ਲੋਕਗੀਤਾਂ ਵਿੱਚ ਆਮ ਕਰਕੇ ਨੂੰਹਾਂ, ਸੱਸਾਂ ਦੀਆਂ ਜ਼ਿਆਦਤੀਆਂ ਵਿਰੁੱਧ ਭੜਾਸ ਕੱਢਦੀਆਂ ਹਨ।
ਇੱਕ ਦਿਨ ਸੱਸ ਆਪਣੇ ਪੇਕੀਂ ਗਈ ਤਾਂ ਨੂੰਹ ਨੂੰ ਆਪਣੀ ਭੜਾਸ ਕੱਢਣ ਦਾ ਮੌਕਾ ਮਿਲਿਆ। ਕੁਝ ਘਰ ਛੱਡ ਕੇ ਉਸ ਦੀ ਸਹੇਲੀ ਰਹਿੰਦੀ ਸੀ। ਉਸ ਨੇ ਆਪਣੀ ਸੱਸ ਦੇ ਅੱਤਿਆਚਾਰ ਦੀਆਂ ਕਹਾਣੀਆਂ ਖ਼ੂਬ ਮਿਰਚ ਮਸਾਲਾ ਲਗਾ ਕੇ ਸੁਣਾਈਆਂ। ਉਸ ਦੀ ਸਹੇਲੀ ਨੇ ਸਲਾਹ ਦਿੱਤੀ ਕਿ ਲਾਗਲੇ ਪਿੰਡ ਜਿਹੜੇ ਬਾਬਾ ਜੀ ਹਨ, ਉਹ ਬਹੁਤ ਕਰਨੀ ਵਾਲੇ ਹਨ। ਉਨ੍ਹਾਂ ਕੋਲ ਜਾ ਤੇ ਕੋਈ ਧਾਗਾ ਤਵੀਤ ਕਰਵਾ ਕੇ ਲਿਆ। ਤੇਰੀ ਸੱਸ ਤੇਰੇ ਵੱਸ ਵਿੱਚ ਆ ਜਾਵੇਗੀ। ਅੱਜ ਤੇਰੀ ਸੱਸ ਹੈ ਨਹੀਂ। ਇਸ ਕਰਕੇ ਤੂੰ ਹੁਣੇ ਹੀ ਵਗ ਜਾ। ਨੂੰਹ ਨੇ ਉਸੇ ਵੇਲੇ ਬਾਬਾ ਜੀ ਦੇ ਡੇਰੇ ਨੂੰ ਚਾਲੇ ਪਾ ਦਿੱਤੇ।
ਕੁਦਰਤੀ ਬਾਬਾ ਜੀ ਉੱਥੇ ਹੀ ਸਨ। ਉਹ ਮੱਥਾ ਟੇਕ ਕੇ ਇੱਕ ਪਾਸੇ ਬੈਠ ਕੇ ਆਪਣੀ ਬਾਰੀ ਦੀ ਉਡੀਕ ਕਰਨ ਲੱਗੀ। ਜਦੋਂ ਉਸ ਦੀ ਬਾਰੀ ਆਈ ਤਾਂ ਉਸ ਨੇ ਸੱਸ ਦੀ ਲੜਾਈ ਦੀਆਂ ਕਹਾਣੀਆਂ ਰੋ ਰੋ ਕੇ ਸੁਣਾਈਆਂ। ਬਾਬਾ ਜੀ ਨੇ ਉਸ ਦੀ ਪਿੱਠ ’ਤੇ ਹੱਥ ਫੇਰ ਕੇ ਦਿਲਾਸਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ। ਆਪਣੇ ਚੇਲੇ ਨੂੰ ਆਖਿਆ, ‘ਲਾਚੀ (ਇਲਾਇਚੀ) ਪ੍ਰਸ਼ਾਦ ਲੈ ਕੇ ਆ।’ ਬਾਬਾ ਜੀ ਨੇ 11 ਲਾਚੀਆਂ ਲੈ ਕੇ ਕੁਝ ਮੰਤਰ ਫੂਕੇ ਅਤੇ ਨੂੰਹ ਨੂੰ ਚੁੰਨੀ ਅੱਗੇ ਕਰਨ ਨੂੰ ਆਖਿਆ ਤੇ ਸਾਰੀਆਂ ਲਾਚੀਆਂ ਉਸ ਦੇ ਪੱਲੇ ਵਿੱਚ ਪਾ ਦਿੱਤੀਆਂ। ਫਿਰ ਆਖਿਆ, ‘‘ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਨਾਸ਼ਤਾ ਕਰਨ ਪਿੱਛੋਂ ਇੱਕ ਲਾਚੀ ਨੂੰ ਮੂੰਹ ਵਿੱਚ ਰੱਖਣਾ ਹੈ। ਦੁਪਹਿਰ ਤੱਕ ਇਸ ਨੂੰ ਮੂੰਹ ਵਿੱਚ ਹੀ ਰੱਖਣਾ ਹੈ। ਇਸ ਨੂੰ ਚਿੱਥਣਾ ਨਹੀਂ ਅਤੇ ਨਾ ਹੀ ਬਾਹਰ ਕੱਢਣਾ ਹੈ। ਪਰਛਾਵਾਂ ਢਲੇ ਤੋਂ ਛੱਤ ’ਤੇ ਜਾ ਕੇ ਗੁਆਂਢੀਆਂ ਦੇ ਕੋਠੇ ਉੱਤੇ ਲਾਚੀ ਨੂੰ ਥੁੱਕ ਦੇਣਾ ਹੈ। ਇਹ ਖ਼ਿਆਲ ਰਹੇ ਕਿ ਲਾਚੀ ਮੂੰਹ ਵਿੱਚੋਂ ਨਹੀਂ ਨਿਕਲਣੀ ਚਾਹੀਦੀ ਅਤੇ ਨਾ ਹੀ ਇਸ ਨੂੰ ਤੇਰੀ ਸੱਸ ਜਾਂ ਕੋਈ ਗੁਆਂਢੀ ਵੇਖੇ।’’ ਨੂੰਹ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਆ ਗਈ। ਉਸ ਦੀ ਸੱਸ ਵੀ ਰਾਤ ਹੋਣ ਤੱਕ ਵਾਪਸ ਆ ਗਈ। ਨੂੰਹ ਨੇ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕੀਤਾ, ਨਾਸ਼ਤਾ ਖਾ ਕੇ ਇੱਕ ਲਾਚੀ ਮੂੰਹ ਵਿੱਚ ਰੱਖ ਲਈ।
ਸੱਸ ਵੀ ਨਹਾ ਕੇ ਵਿਹੜੇ ਵਿੱਚ ਆਣ ਬੈਠੀ ਤੇ ਆਖਣ ਲੱਗੀ, ‘‘ਆਪ ਤਾਂ ਡੱਫ਼ ਲਿਆ। ਮੇਰਾ ਕੋਈ ਫ਼ਿਕਰ ਨਹੀਂ। ਮੈਂ ਵਰਤ ਨਹੀਂ ਰੱਖਿਆ ਹੋਇਆ, ਨਾਸ਼ਤਾ ਲੈ ਕੇ ਆ।’’ ਨੂੰਹ ਨੇ ਥਾਲੀ ਵਿੱਚ ਦੋ ਰੋਟੀਆਂ, ਅੰਬ ਦਾ ਅਚਾਰ ਤੇ ਦਹੀਂ ਰੱਖ ਕੇ ਸੱਸ ਨੂੰ ਫੜਾ ਦਿੱਤਾ। ਰੋਟੀ ਦੇਖਦੇ ਹੀ ਸੱਸ ਨੇ ਬੋਲਣਾ ਸ਼ੁਰੂ ਕਰ ਦਿੱਤਾ, ‘‘ਇਹ ਸੁੱਕੇ ਠੀਕਰ ਮੇਰੇ ਮੱਥੇ ਮਾਰੇ ਤੂੰ, ਭੋਰਾ ਘੀ ਲਾਉਂਦੇ ਤੇਰੇ ਹੱਥ ਟੁੱਟ ਜਾਣੇ ਸਨ।’’ ਨੂੰਹ ਕਚੀਚੀਆਂ ਲਵੇ ਪਰ ਮੂੰਹ ਨਾ ਖੋਲ੍ਹੇ ਕਿਉਂਕਿ ਜੇਕਰ ਮੂੰਹ ਖੋਲ੍ਹਦੀ ਤਾਂ ਲਾਚੀ ਨੇ ਬਾਹਰ ਡਿੱਗ ਪੈਣਾ ਸੀ। ਸੱਸ ਤਿੰਨ ਕੁ ਮਿੰਟ ਬੋਲਦੀ ਰਹੀ ਪਰ ਜਦੋਂ ਅੱਗੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਉਹ ਵੀ ਅੱਕ ਕੇ ਚੁੱਪ ਕਰ ਗਈ। ਦੂਜੇ ਦਿਨ ਫਿਰ ਸਵੇਰੇ ਸੱਸ ਨੇ ਮੋਰਚਾ ਸੰਭਾਲ ਲਿਆ ਪਰ ਮੋੜਵਾਂ ਜਵਾਬ ਨਾ ਆਇਆ। ਸੱਸ ਨੇ ਆਖਿਆ, ‘‘ਹੁਣ ਕਿਉਂ ਮੂੰਹ ਨੂੰ ਤਾਲਾ ਲੱਗ ਗਿਆ, ਪਹਿਲਾਂ ਤਾਂ ਬਥੇਰੀ ਚਪੜ ਚਪੜ ਕਰਦੀ ਹੁੰਦੀ ਸੀ। ਹੁਣ ਬੋਲ ਜ਼ਰਾ ਤੇਰੀਆਂ ਚੂੰਦੜੀਆਂ ਪੁੱਟਾਂ।’’ ਪਰ ਨੂੰਹ ਦੀ ਮਜਬੂਰੀ ਸੀ ਉਹ ਚੁੱਪ ਰਹੀ। ਸੱਸ ਪੰਜ ਕੁ ਮਿੰਟ ਬੁੜ ਬੁੜ ਕਰਕੇ ਚੁੱਪ ਕਰ ਗਈ। ਤੀਜੇ ਦਿਨ ਫਿਰ ਸੱਸ ਨੇ ਜੰਗ ਛੇੜੀ ਪਰ ਅੱਗੋ ਤਾਂ ਚੁੱਪ ਸੀ। ਸੱਸ ਵੀ ਦੋ ਕੁ ਮਿੰਟ ਬੋਲ ਕੇ ਚੁੱਪ ਕਰ ਗਈ। ਅਗਲੇ ਦਿਨ ਤਾਂ ਸੱਸ ਨੇ ਬਸ ਇੰਨਾ ਹੀ ਆਖਿਆ, ‘‘ਖ਼ਬਰੇ ਇਹਨੂੰ ਕੀ ਸੱਪ ਸੁੰਘ ਗਿਆ ਬੋਲਦੀ ਹੀ ਨਹੀਂ’’ ਤੇ ਚੁੱਪ ਕਰ ਗਈ। ਹੁਣ ਸੱਸ ਨੇ ਬੋਲਣਾ ਬੰਦ ਕਰ ਦਿੱਤਾ। ਨੂੰਹ ਤਾਂ ਸੱਤ ਦਿਨ ਪੂਰੇ ਕਰਕੇ ਹੀ ਬਾਬਾ ਜੀ ਲਈ ਚੜ੍ਹਾਵਾ ਲੈ ਕੇ ਹਾਜ਼ਰ ਹੋ ਗਈ। ਬਾਬੇ ਦੇ ਚਰਨ ਛੋਂਹਦੀ ਹੋਈ ਬੋਲੀ, ‘‘ਬਾਬਾ ਜੀ ਇਹ ਤਾਂ ਚਮਤਕਾਰ ਹੋ ਗਿਆ। ਦੋ ਦਿਨ ਹੋ ਗਏ ਮੇਰੀ ਸੱਸ ਨੇ ਬੋਲਣਾ ਬੰਦ ਕਰ ਦਿੱਤਾ ਹੈ।’’ ਬਾਬਾ ਜੀ ਨੇ ਅਸ਼ੀਰਵਾਦ ਦਿੰਦਿਆਂ ਹੁਕਮ ਦਿੱਤਾ, ‘‘ਇਹ ਕਰਮ ਪੂਰੇ 11 ਦਿਨ ਹੀ ਕਰਨਾ ਹੈ। ਨਾਗਾ ਨਹੀਂ ਪੈਣਾ ਚਾਹੀਦਾ ਨਹੀਂ ਤਾਂ ਮੰਤਰਾਂ ਦਾ ਸਾਰਾ ਅਸਰ ਖ਼ਤਮ ਹੋ ਜਾਵੇਗਾ।’’
ਜਦੋਂ ਉਹ ਚਲੀ ਗਈ ਤਾਂ ਬਾਬੇ ਦੇ ਚੇਲੇ ਨੇ ਬੇਨਤੀ ਕੀਤੀ ਕਿ ਬਾਬਾ ਜੀ ਮੈਨੂੰ ਇਹ ਮੰਤਵ ਦੱਸ ਦੇਵੋ ਕਿਉਂਕਿ ਬਹੁਤੀਆਂ ਬੀਬੀਆਂ ਸੱਸਾਂ ਦੇ ਦੁੱਖ ਹੀ ਰੋਣ ਆਉਂਦੀਆਂ ਹਨ। ਬਾਬਾ ਜੀ ਨੇ ਆਖਿਆ, ‘‘ਮੇਰੇ ਕੋਲ ਕੋਈ ਮੰਤਰ ਨਹੀਂ ਹੈ ਪਰ ਮੇਰੇ ਕੋਲ ਅਕਲ ਹੈ। ਮੂੰਹ ਵਿੱਚ ਲਾਚੀ ਰੱਖ ਕੇ ਬੋਲਿਆ ਨਹੀਂ ਜਾਂਦਾ। ਜਦੋਂ ਅੱਗੋਂ ਕੋਈ ਬੋਲੇ ਨਾ ਫਿਰ ਭਲਾ ਲੜਾਈ ਕਿਵੇਂ ਹੋਵੇਗੀ। ਤੂੰ ਅਖਾਣ ਸੁਣਿਆ ਤਾਂ ਜ਼ਰੂਰ ਹੋਵੇਗਾ ‘ਇੱਕ ਚੁੱਪ ਸੌ ਸੁੱਖ।’
ਇਹ ਹੋਰ ਮਿਸਾਲ ਸਾਂਝੀ ਕਰਨੀ ਚਾਹਾਂਗਾ। ਮੇਰਾ ਇੱਕ ਸਹਿਯੋਗੀ ਸੀ। ਸੇਵਾ ਮੁਕਤੀ ਸਮੇਂ ਵੀ ਉਸ ਦੀ ਸਿਹਤ ਬਹੁਤ ਵਧੀਆ। ਆਪਣੀ ਉਮਰ ਤੋਂ ਉਹ ਘੱਟੋ-ਘੱਟ ਦੱਸ ਸਾਲ ਛੋਟਾ ਲੱਗਦਾ ਸੀ। ਮੂੰਹ ਵਿੱਚ ਬੱਤੀਸੀ ਵੀ ਪੂਰੀ ਕਾਇਮ ਸੀ ਅਤੇ ਐਨਕ ਵੀ ਨਹੀਂ ਲੱਗੀ ਸੀ। ਮੈਂ ਉਸ ਨੂੰ ਕਦੇ ਬਿਮਾਰੀ ਦੀ ਛੁੱਟੀ ਲੈਂਦਿਆਂ ਵੀ ਨਹੀਂ ਵੇਖਿਆ ਸੀ। ਜਦੋਂ ਉਸ ਦੀ ਵਿਦਾਇਗੀ ਪਾਰਟੀ ਸੀ ਤਾਂ ਉਸ ਤੋਂ ਇਹੋ ਸਵਾਲ ਪੁੱਛਿਆ ਗਿਆ ਕਿ ਤੁਹਾਡੀ ਸਿਹਤ ਦਾ ਰਾਜ਼ ਕੀ ਹੈ। ਪਹਿਲਾਂ ਤਾਂ ਉਸ ਨੇ ਟਾਲਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਬਹੁਤ ਜ਼ੋਰ ਦੇਣ ’ਤੇ ਉਸ ਨੇ ਦੱਸਿਆ ਕਿ ਜਦੋਂ ਮੇਰਾ ਵਿਆਹ ਹੋਇਆ ਤਾਂ ਪਹਿਲੇ ਦਿਨ ਹੀ ਮੇਰੀ ਘਰਵਾਲੀ ਨੇ ਮੇਰੇ ਤੋਂ ਵਾਅਦਾ ਲਿਆ ਕਿ ਅਸੀਂ ਆਪਸ ਵਿੱਚ ਕਦੇ ਵੀ ਝਗੜਾ ਨਹੀਂ ਕਰਾਂਗੇ। ਬਹਿਸ ਨਾਲ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ ਉਲਟਾ ਮਨਾਂ ਵਿੱਚ ਕੁੜੱਤਣ ਹੀ ਭਰਦੀ ਹੈ। ਮੈਂ ਪੁੱਛਿਆ ਜੇਕਰ ਕਿਸੇ ਗੱਲੋਂ ਝਗੜਾ ਹੋ ਵੀ ਜਾਵੇ ਤਾਂ ਉਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ। ਉਸ ਨੇ ਆਖਿਆ, ‘‘ਆਵੋ ਆਪਾ ਦੋਵੇਂ ਪ੍ਰਣ ਕਰੀਏ ਕਿ ਜੇਕਰ ਗੁੱਸੇ ਵਿੱਚ ਆ ਕੇ ਇੱਕ ਕੁਝ ਬੋਲਣਾ ਸ਼ੁਰੂ ਕਰੇ ਤਾਂ ਦੂਸਰਾ ਬਿਲਕੁਲ ਚੁੱਪ ਰਹੇ। ਝਗੜਾ ਆਪੇ ਹੀ ਖ਼ਤਮ ਹੋ ਜਾਵੇਗਾ।’’ ਮੈਂ ਆਖਿਆ ਕਿ ਕਈ ਵਾਰ ਆਪਣੇ ਆਪ ’ਤੇ ਕਾਬੂ ਪਾਉਣਾ ਔਖਾ ਹੋ ਜਾਂਦਾ ਹੈ, ਫਿਰ ਕੀ ਕੀਤਾ ਜਾਵੇ ਤਾਂ ਉਸ ਨੇ ਆਖਿਆ, ‘‘ਉਹ ਚੁੱਪ ਕਰਕੇ ਘਰੋਂ ਬਾਹਰ ਚਲਾ ਜਾਵੇ ਤੇ ਘੱਟੋ ਘੱਟ ਇੱਕ ਘੰਟੇ ਪਿੱਛੋਂ ਵਾਪਸ ਆ ਜਾਵੇ। ਦੋਸਤੋ ਘਰ ਵਿੱਚ ਸੁੱਖ ਸ਼ਾਂਤੀ ਲਈ ਮੈਨੂੰ ਤਕਰੀਬਨ ਰੋਜ਼ ਹੀ ਸਵੇਰੇ ਸ਼ਾਮ ਘੱਟੋ ਘੱਟ ਇੱਕ ਘੰਟਾ ਸੈਰ ਕਰਨੀ ਪੈਂਦੀ ਹੈ। ਸਾਡੇ ਘਰ ਕਦੇ ਝਗੜਾ ਨਹੀਂ ਹੋਇਆ ਤਾਂ ਇੰਝ ਗੁੱਸੇ ਵਿੱਚ ਸਾਡਾ ਖੂਨ ਵੀ ਨਹੀਂ ਸੜਿਆ ਅਤੇ ਆਪਸੀ ਰਿਸ਼ਤਾ ਵੀ ਸੁਖਾਵਾਂ ਬਣਿਆ ਰਿਹਾ।’’
ਹੁਣ ਸਮਝ ਲਓ ਕਿ ਬਹਿਸ ਨਾਲ ਕਦੇ ਕੋਈ ਮਸਲਾ ਹੱਲ ਨਹੀਂ ਹੁੰਦਾ ਸਗੋਂ ਹੋਰ ਉਲਝ ਜਾਂਦਾ ਹੈ। ਸਾਡੀ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਵੀ ਬਹਿਸ ਹੋਣ ਦੀ ਥਾਂ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਤੱਕ ਬਹਿਸ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਨਿਕਲਿਆ ਸਗੋਂ ਤੁਹਮਤਬਾਜ਼ੀ ਨਾਲ ਆਪਸੀ ਦੂਰੀਆਂ ਵਿੱਚ ਵਾਧਾ ਹੁੰਦਾ ਹੈ ਅਤੇ ਲੋਕ ਮਸਲੇ ਉਸੇ ਤਰ੍ਹਾਂ ਹੀ ਖੜ੍ਹੇ ਰਹਿੰਦੇ ਹਨ।

Advertisement
Author Image

joginder kumar

View all posts

Advertisement
Advertisement
×