ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੋਇਆ ਇਉਂ ਕਿ...

09:02 AM Aug 22, 2023 IST

ਪ੍ਰੀਤਮਾ ਦੋਮੇਲ

ਕੁਝ ਸਮਾਂ ਪਹਿਲਾਂ ਬਹੁਤ ਬਿਮਾਰ ਹੋ ਗਈ ਸਾਂ। ਹਸਪਤਾਲ ਦਾਖ਼ਲ ਹੋਣਾ ਪਿਆ। ਹਸਪਤਾਲ ਦੀ ਦੁਨੀਆ ਬਿਲਕੁਲ ਅਲੱਗ ਹੁੰਦੀ ਹੈ। ਉੱਥੇ ਬੇਸ਼ਕ ਬਿਮਾਰ ਹੀ ਹੁੰਦੇ ਹਨ, ਉਨ੍ਹਾਂ ਦਾ ਇਲਾਜ ਕਰਨ ਲਈ ਡਾਕਟਰ ਤੇ ਉਨ੍ਹਾਂ ਦੇ ਆਦੇਸ਼ਾਂ ਅਨੁਸਾਰ ਦਵਾਈ ਦਿੰਦੀਆਂ ਨਰਸਾਂ ਤੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਸਹਾਇਕ, ਸਫ਼ਾਈ ਕਰਮਚਾਰੀ, ਟੀਕੇ-ਪੱਟੀਆਂ ਅਤੇ ਸਟੈਂਡ ’ਤੇ ਲਟਕੀਆਂ ਖ਼ੂਨ ਤੇ ਗੁਲੂਕੋਜ਼ ਦੀਆਂ ਬੋਤਲਾਂ, ਸਭ ਕੁਝ ਹੁੰਦਾ ਹੈ; ਬਸ ਸਕੂਨ ਨਹੀਂ ਹੁੰਦਾ। ਕਬਰਾਂ ਵਰਗੀ ਖਾਮੋਸ਼ੀ ਤੇ ਉਦਾਸੀ। ਸਭ ਕੁਝ ਮਸ਼ੀਨੀ ਹਿਸਾਬ ਨਾਲ ਚੱਲਦਾ ਹੈ। ਐਨ ਫੌਜੀ ਪਰੇਡ ਵਰਗਾ ਮਾਹੌਲ। ਬੈੱਡਾਂ ’ਤੇ ਪਏ ਇਨਸਾਨਾਂ ਦੇ ਜਿਊਂਦੇ ਜਾਗਦੇ ਹੋਣ ਦਾ ਅਹਿਸਾਸ ਉਦੋਂ ਹੀ ਹੁੰਦਾ ਹੈ ਜਦੋਂ ਹਸਪਤਾਲੋਂ ਛੁੱਟੀ ਹੋਣ ’ਤੇ ਉਹ ਘਰ ਜਾਂਦੇ ਹਨ। ਉਸ ਵੇਲੇ ਉਨ੍ਹਾਂ ਦੇ ਚਿਹਰੇ ’ਤੇ ਸਕੂਨ ਤੇ ਖੁਸ਼ੀ ਦੇ ਅਹਿਸਾਸ ਹੀ ਉਨ੍ਹਾਂ ਨੂੰ ਉਸ ਮਸ਼ੀਨੀ ਢਾਂਚੇ ਤੋਂ ਅਲੱਗ ਕਰਦੇ ਹਨ। ਮੈਂ ਵੀ ਹਫਤਾ ਕੁ ਇਸ ਪਰੇਡ ਦਾ ਹਿੱਸਾ ਰਹੀ ਹਾਂ।
ਉਨ੍ਹੀਂ ਦਿਨੀਂ ਇਕ ਦਿਨ ਭਰਾ ਭਰਜਾਈ ਮਿਲਣ ਆਏ। ਭਰਜਾਈ ਥੋੜਾ ਧਾਰਮਿਕ ਵਿਚਾਰਾਂ ਵਾਲੀ ਹੈ। ਉਸ ਦੇ ਵਿਚਾਰ ਵਿਚ ਜਦੋਂ ਅਸੀਂ ਆਪਣੇ ਧਾਰਮਿਕ ਰੀਤੀ ਰਿਵਾਜਾਂ ਤੋਂ ਕੋਤਾਹੀ ਕਰਦੇ ਹਾਂ ਤਾਂ ਹੀ ਬਿਮਾਰ ਹੁੰਦੇ ਹਾਂ। ਉਸ ਨੇ ਗਿਲਾ ਜਿਹਾ ਕੀਤਾ, “ਤੁਸੀਂ ਜਿਹੜੇ ਕੁਝ ਜਿ਼ਆਦਾ ਹੀ ਪੜ੍ਹੇ ਲਿਖੇ ਹੋ ਤੇ ਆਪਣੇ ਧਾਰਮਿਕ ਸਥਾਨਾਂ ਤੋਂ ਹੌਲੀ ਹੌਲੀ ਦੂਰ ਹੋ ਰਹੇ ਹੋ, ਇਹ ਦੁੱਖ ਕਲੇਸ਼, ਬਿਮਾਰੀਆਂ ਸਭ ਉਸੇ ਦਾ ਨਤੀਜਾ ਹੈ। ਇਹ ਜਿਹੜੇ ਮੰਦਿਰ ਗੁਰਦੁਆਰੇ ਬਣੇ ਹਨ, ਇਨ੍ਹਾਂ ਦਾ ਕੋਈ ਮਤਲਬ ਤਾਂ ਹੈ ਨਾ... ਪਰ ਆਪਣੇ ਰੁਝੇਵਿਆਂ ਕਰ ਕੇ ਅਸੀਂ ਕਿੰਨਾ ਕੁ ਇਨ੍ਹਾਂ ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹਾਂ। ਬਸ ਭੈਣ ਜੀ, ਮੈਂ ਤਾਂ ਸੋਚ ਲਿਆ ਹੈ ਕਿ ਇਥੋਂ ਛੁੱਟੀ ਹੁੰਦਿਆਂ ਹੀ ਤੁਹਾਨੂੰ ਨੈਣਾ ਦੇਵੀ ਦੇ ਮੰਦਿਰ ਦਰਸ਼ਨਾਂ ਲਈ ਜ਼ਰੂਰ ਲੈ ਕੇ ਜਾਣਾ ਹੈ।”
ਉਹ ਤਾਂ ਚਲੇ ਗਏ ਪਰ ਜਾਂਦੇ ਜਾਂਦੇ ਉਹ ਬਹੁਤ ਪੁਰਾਣੀ ਯਾਦ ਦਾ ਸਿਰਾ ਮੇਰੇ ਹੱਥ ਫੜਾ ਗਏ। ਨੈਣਾ ਦੇਵੀ ਦਾ ਮੰਦਿਰ ਸਾਡੇ ਪਿੰਡ ਤੋਂ ਜਿ਼ਆਦਾ ਦੂਰ ਨਹੀਂ। ਬਚਪਨ ਤੋਂ ਹੀ ਮੈਂ ਦੇਖਦੀ ਸਾਂ ਕਿ ਲੋਕ ਅਗਸਤ ਸਤੰਬਰ ਵਿਚ ਨੈਣਾ ਦੇਵੀ ਦੇ ਚਾਲੇ ’ਤੇ ਸਾਡੇ ਪਿੰਡ ਕੋਲੋਂ ਲੰਘਣ ਵਾਲੀ ਪੱਕੀ ਸੜਕ ’ਤੇ ਵਹੀਰਾਂ ਘੱਤ ਕੇ ਜਾਂਦੇ ਸਨ। ਦੂਰੋਂ ਆਉਣ ਵਾਲੇ ਕਈ ਯਾਤਰੀ ਤਾਂ ਸਾਡੇ ਪਿੰਡ ਰਾਤ ਵੀ ਰਹਿ ਜਾਂਦੇ। ਅਸੀਂ ਛੋਟੇ ਬੱਚੇ ਨਹਿਰ ਦੇ ਡੋਲੇ ’ਤੇ ਖੜੋ ਕੇ ਇਨ੍ਹਾਂ ਲੋਕਾਂ ਨੂੰ ਦੇਖਦੇ ਰਹਿੰਦੇ। ਉਨ੍ਹਾਂ ਵਿਚੋਂ ਕਈ ਤਾਂ ਅਜੀਬ ਜਿਹਾ ਕੁਝ ਕਰਦੇ। ਪਹਿਲਾਂ ਜ਼ਮੀਨ ’ਤੇ ਲੇਟਦੇ, ਫਿਰ ਲਕੀਰ ਖਿੱਚਦੇ, ਮੱਥਾ ਟੇਕਦੇ ਤੇ ਖੜ੍ਹੇ ਹੋ ਕੇ ਫਿਰ ਜ਼ਮੀਨ ’ਤੇ ਲੇਟਦੇ। ਨਾਲ ਉਨ੍ਹਾਂ ਦੇ ਕੋਈ ਬੰਦਾ ਹੁੰਦਾ ਜਿਸ ਕੋਲ ਉਸ ਦੇ ਕੱਪੜੇ, ਪਾਣੀ ਦੀ ਬੋਤਲ ਤੇ ਚਾਹ ਵਾਲਾ ਡੋਲੂ ਹੁੰਦਾ। ਅਸੀਂ ਉਨ੍ਹਾਂ ਨੂੰ ਦੇਖ ਦੇਖ ਹੱਸਦੇ। ਇਕ ਦਿਨ ਮੈਂ ਦਾਦੀ ਕੋਲੋਂ ਪੁੱਛ ਲਿਆ, “ਇਹ ਸੜਕ ’ਤੇ ਤੁਰੇ ਜਾਂਦੇ ਬੰਦੇ ਇਹ ਤਮਾਸ਼ਾ ਜਿਹਾ ਕਿਉਂ ਕਰਦੇ?” ਦਾਦੀ ਨੇ ਸਮਝਾਇਆ, “ਨਾ ਪੁੱਤ, ਇਨ੍ਹਾਂ ’ਤੇ ਹੱਸੀਦਾ ਨਹੀਂ। ਇਹ ਤਾਂ ਦੇਵੀ ਦੇ ਭਗਤ ਹਨ ਜਿਨ੍ਹਾਂ ਦੀ ਕੋਈ ਵੱਡੀ ਸੁੱਖ ਪੂਰੀ ਹੁੰਦੀ ਹੈ, ਉਹ ਅਜਿਹਾ ਕਰਦੇ ਹਨ। ਇਹ ਡੰਡੌਤੀਏ ਨੇ। ਇਹ ਸਾਰੇ ਰਾਹ ਇਸੇ ਤਰ੍ਹਾਂ ਮੱਥਾ ਟੇਕਦੇ ਤੇ ਲਕੀਰਾਂ ਕੱਢਦੇ ਮੰਦਰ ਪੁੱਜਦੇ ਹਨ। ਜਿਨ੍ਹਾਂ ਦੇ ਘਰ ਦੂਰ ਹੁੰਦੇ ਹਨ, ਉਹ ਤਾਂ ਕਈ ਕਈ ਮਹੀਨੇ ਪਹਿਲਾਂ ਹੀ ਚੱਲ ਪੈਂਦੇ।”
ਦਾਦੀ ਦੀਆਂ ਗੱਲਾਂ ਸੁਣ ਕੇ ਮੇਰਾ ਮਨ ਵੀ ਡੰਡੌਤੀਆ ਬਣਨ ਨੂੰ ਕਰਦਾ ਪਰ ਉਸ ਲਈ ਕੋਈ ਸੁੱਖ ਸੁੱਖਣੀ ਜ਼ਰੂਰੀ ਸੀ। ਸੋ ਮੈਂ ਸੁੱਖ ਸੁੱਖੀ- ‘ਮਾਤਾ ਮੈਨੂੰ ਆਪਣੇ ਕੋਲ ਬੁਲਾ ਲੈ।’ ਤੇ ਸੱਚਮੁੱਚ ਮੇਰੀ ਸੁੱਖ ਪੂਰੀ ਹੋ ਗਈ। ਇਕ ਦਿਨ ਵੱਡਾ ਮਾਮਾ ਸਾਡੇ ਘਰ ਆ ਕੇ ਕਹਿਣ ਲੱਗਿਆ, “ਭੈਣ, ਮੈਂ ਦੇਵੀ ਦੇ ਮੰਦਰ ਜਾ ਰਿਹਾਂ। ਸਾਡੇ ਪਿੰਡ ਦੇ ਹੋਰ ਵੀ ਕਾਫੀ ਲੋਕ ਜਾ ਰਹੇ ਹਨ, ਤੂੰ ਵੀ ਜਾਣਾ ਹੈ ਤਾਂ ਤੁਰ ਪੈ ਮੇਰੇ ਨਾਲ।” ਮੇਰੀ ਮਾਂ ਨੂੰ ਦਾਦੀ ਨੇ ਜਾਣ ਦੀ ਆਗਿਆ ਨਾ ਦਿੱਤੀ ਪਰ ਮੈਂ ਜਾਣ ਦੀ ਜਿ਼ੱਦ ਕਰਨ ਲੱਗ ਪਈ। ਜਾਣ ਲਈ ਰੋਣਾ ਧੋਣਾ ਤੇ ਵਿਹੜੇ ਦੀ ਗਿੱਲੀ ਮਿੱਟੀ ਵਿਚ ਲਿਟਣਾ ਸ਼ੁਰੂ ਕਰ ਦਿੱਤਾ। ਮਾਮਾ ਵੀ ਨਾਲ ਲੈ ਕੇ ਜਾਣ ਨੂੰ ਤਿਆਰ ਸੀ, ਕੋਲੋਂ ਦਾਦੀ ਨੇ ਵੀ ਕਹਿ ਦਿੱਤਾ, “ਚੱਲ ਬਹੂ ਜਾਣ ਦੇ ਨਿਆਣੀ ਨੂੰ, ਦੇਖ ਕਿਵੇਂ ਲਿਟ ਲਿਟ ਕੇ ਬੇਹਾਲ ਹੋਣ ਡਹੀ ਹੈ।”... ਖ਼ੈਰ! ਮੈਨੂੰ ਨੁਹਾ ਕੇ, ਨਵੀਂ ਫਰਾਕ ਪੁਆ ਕੇ, ਦੋ ਛੋਟੀਆਂ ਛੋਟੀਆਂ ਗੁੱਤਾਂ ਕਰ ਕੇ ਮਾਮੇ ਨਾਲ ਤੋਰ ਦਿੱਤਾ ਗਿਆ।
ਰੋਪੜ ਤੋਂ ਬਸ ਫੜ ਕੇ ਅਸੀਂ ਕੌਲਾਂ ਵਾਲੇ ਟੋਭੇ ’ਤੇ ਉਤਰ ਕੇ ਚਾਹ ਪੀਤੀ ਤੇ ਮੰਦਰ ਦੀ ਚੜ੍ਹਾਈ ਚੜ੍ਹਨ ਲੱਗੇ। ਉਦੋਂ ਅੱਜ ਵਾਂਗ ਸਾਫ ਸੁਥਰੇ ਰਸਤੇ ਤੇ ਪੱਕੀਆਂ ਪੌੜੀਆਂ ਨਹੀਂ ਸਨ। ਊਬੜ ਖਾਬੜ ਤੇ ਕੰਡੀਲੇ ਰਾਹ ਸਨ। ਅਸੀਂ ਮੁਸ਼ਕਿਲ ਨਾਲ ਮੰਦਰ ਪੁੱਜੇ। ਮੈਂ ਤਾਂ ਸੋਚ ਕੇ ਗਈ ਸਾਂ ਕਿ ਮੇਲਾ ਲੱਗਿਆ ਹੋਵੇਗਾ, ਖਾਣ-ਪੀਣ ਦੀਆਂ ਚੀਜ਼ਾਂ ਹੋਣਗੀਆਂ, ਖਿਡੌਣੇ ਤੇ ਗੁਬਾਰੇ ਹੋਣਗੇ, ਖੂਬ ਰੌਣਕਾਂ ਹੋਣਗੀਆਂ ਪਰ ਉਥੇ ਤਾਂ ਅਜਿਹਾ ਕੁਝ ਵੀ ਨਹੀਂ ਸੀ। ਮਾਮੇ ਨੇ ਅੰਦਰ ਜਾ ਕੇ ਪ੍ਰਸ਼ਾਦ ਤੇ ਨਾਰੀਅਲ ਚੜ੍ਹਾ ਕੇ ਮੱਥਾ ਟੇਕਿਆ ਤੇ ਬਾਹਰ ਆ ਕੇ ਕੁਝ ਖਰੀਦ ਕੇ ਝੋਲੇ ਵਿਚ ਪਾ ਕੇ ਮੇਰੀ ਉਂਗਲੀ ਫੜ ਕੇ ਫਿਰ ਉਸੇ ਖ਼ਤਰਨਾਕ ਰਾਹ ਤੋਂ ਹੇਠਾਂ ਉਤਰਨ ਲੱਗ ਪਿਆ। ਬਹੁਤ ਗੁੱਸਾ ਆ ਰਿਹਾ ਸੀ। ਮਾਮੇ ਨੇ ਨਾ ਕੁਝ ਖਾਣ ਨੂੰ ਲੈ ਕੇ ਦਿੱਤਾ, ਨਾ ਖੱਟੀਆਂ-ਮਿੱਠੀਆਂ ਗੋਲੀਆਂ, ਨਾ ਮੁਰਮੁਰਾ ਤੇ ਨਾ ਕੋਈ ਖਿਡੌਣਾ ਜਾਂ ਗੁਬਾਰਾ। ਕੌਲਾਂ ਵਾਲੇ ਟੋਭੇ ਤਾਈਂ ਪੁੱਜਦੇ ਪੁੱਜਦੇ ਬਹੁਤ ਥੱਕ ਚੁੱਕੀ ਸਾਂ। ਮਾਮੇ ਨੇ ਮੈਨੂੰ ਅੰਦਰ ਮੰਜੇ ’ਤੇ ਬਿਠਾ ਦਿੱਤਾ ਤੇ ਆਪ ਚਾਹ ਵਾਲੇ ਕੋਲ ਬੈਠ ਕੇ ਆਪਣੇ ਨਾਲ ਦੇ ਮੁੰਡਿਆਂ ਨਾਲ ਗੱਲਾਂ ਮਾਰਨ ਲੱਗ ਪਿਆ। ਮੈਂ ਰੋਂਦੀ ਰੋਂਦੀ ਮੰਜੇ ’ਤੇ ਲੇਟ ਗਈ ਤੇ ਪੈਂਦਿਆਂ ਹੀ ਸੌਂ ਗਈ।
ਚਾਹ ਪੀ ਕੇ ਮਾਮਾ ਨਾਲ ਦੇ ਮੁੰਡਿਆਂ ਨਾਲ ਉਠ ਕੇ ਅੱਡੇ ’ਤੇ ਆ ਗਿਆ ਤੇ ਪਿੰਡ ਵਾਲੀ ਬੱਸ ਵਿਚ ਚੜ੍ਹ ਗਿਆ। ਰਾਹ ਵਿਚ ਇਕ ਥਾਂ ਬੱਸ ਰੁਕੀ ਤੇ ਇਕ ਮਾਈ ਨੇ ਗਠੜੀ ਜਿਹੀ ਲੈ ਕੇ ਉਤਰਨ ਲੱਗਿਆਂ ਨਾਲ ਬੈਠੇ ਮਾਮੇ ਨੂੰ ਕਿਹਾ, “ਪੁੱਤ ਆਹ ਤੂੰ ਮੇਰੀ ਪੋਤੀ ਨੂੰ ਫੜ ਕੇ ਉਤਾਰ ਦੇਵੀਂ, ਕਿਤੇ ਨਿਆਣੀ ਗਿਰ ਨਾ ਜਾਏ।” ਮਾਮੇ ਨੂੰ ਅਚਾਨਕ ਯਾਦ ਆਇਆ- ‘ਹਾਏ ਓ ਰੱਬਾ, ਭਾਣਜੀ ਕਿੱਥੇ ਆ?’ ਉਹ ਘਬਰਾ ਕੇ ਇਕਦਮ ਬੱਸ ਤੋਂ ਉਤਰਿਆ ਤੇ ਕੌਲਾਂ ਵਾਲੇ ਟੋਭੇ ਵੱਲ ਜਾਣ ਵਾਲੀ ਬੱਸ ਵਿਚ ਬੈਠ ਕੇ ਉਸੇ ਦੁਕਾਨ ’ਤੇ ਭੱਜ ਕੇ ਅੰਦਰ ਵਡਿ਼ਆ। ਮੈਂ ਉਥੇ ਉਵੇਂ ਹੀ ਸੁੱਤੀ ਪਈ ਸਾਂ। ਮੈਨੂੰ ਝਟ ਮੋਢੇ ਲਾਇਆ ਤੇ ਵਾਪਸ ਰੋਪੜ ਦੀ ਬੱਸ ਫੜ ਲਈ। ਨ੍ਹੇਰਾ ਪਏ ਉਸ ਨੇ ਸਾਡੇ ਪਿੰਡ ਪੁੱਜ ਕੇ ਮੈਨੂੰ ਸੁੱਤੀ ਸੁੱਤੀ ਨੂੰ ਮੇਰੀ ਮਾਂ ਦੇ ਹਵਾਲੇ ਕੀਤਾ ਤੇ ਝਟ-ਪਟ ਆਪਣੇ ਪਿੰਡ ਚਲਾ ਗਿਆ।
ਮੇਰੀ ਸ਼ਾਦੀ ਵੇਲੇ ਚੂੜਾ ਚੜ੍ਹਾਉਣ ਲੱਗਿਆਂ ਉਸ ਨੇ ਕਿਹਾ ਸੀ, “ਸ਼ੁਕਰ ਹੈ ਵਾਹਿਗੁਰੂ ਨੇ ਇਹ ਦਿਨ ਦਿਖਾਇਆ, ਨਹੀਂ ਤਾਂ... ... ...।” ... ਤੇ ਉਸ ਵੇਲੇ ਮੇਰੇ ਜ਼ਿੱਦ ਕਰਨ ’ਤੇ ਉਸ ਨੇ ਇਹ ਵਾਕਿਆ ਸੁਣਾਇਆ।
ਸੰਪਰਕ: 62841-55025

Advertisement

Advertisement