For the best experience, open
https://m.punjabitribuneonline.com
on your mobile browser.
Advertisement

ਮਜ਼ਦੂਰਾਂ ਦੀ ਲੁੱਟ ਦੇ ਮਸਲੇ

10:30 AM Mar 16, 2024 IST
ਮਜ਼ਦੂਰਾਂ ਦੀ ਲੁੱਟ ਦੇ ਮਸਲੇ
Advertisement

ਹਰਸ਼ ਚੰਡੀਗੜ੍ਹ

Advertisement

ਅੱਜ ਦੀ ਦੁਨੀਆ ਮਜ਼ਦੂਰਾਂ ਦੀ ਕਿਰਤ ਨਾਲ ਹੀ ਚਲਦੀ ਹੈ ਪਰ ਅਜੋਕੇ ਸਰਮਾਏਦਾਰਾ ਪ੍ਰਬੰਧ ਵਿੱਚ ਮਜ਼ਦੂਰ ਹੀ ਸਭ ਤੋਂ ਵੱਧ ਲੁੱਟ ਦਾ ਸ਼ਿਕਾਰ ਹਨ। ਸਰਮਾਏਦਾਰਾਂ ਵੱਲੋਂ ਕੀਤੀ ਜਾਂਦੀ ਮਜ਼ਦੂਰਾਂ ਦੀ ਲੁੱਟ ਸਿਰਫ ਕਾਰਖਾਨਿਆਂ ਦੇ ਅੰਦਰ ਹੀ ਸੀਮਤ ਨਹੀਂ ਸਗੋਂ ‘ਆਊਟਸੋਰਸ’ ਕੰਮ ਰਾਹੀਂ ਸਰਮਾਏਦਾਰ ਘਰੇ ਬਹਿ ਕੇ ਮਜ਼ਦੂਰੀ ਕਰ ਰਹੇ ਮਜ਼ਦੂਰਾਂ ਦੀ ਵੀ ਬਹੁਤ ਲੁੱਟ ਕਰਦੇ ਹਨ। ਮੈਂ ਤੁਹਾਡੇ ਨਾਲ ਅਜਿਹਾ ਹੀ ਤਜਰਬਾ ਸਾਂਝਾ ਕਰਨਾ ਚਾਹੁੰਦਾ ਹਾਂ।
ਪਿਛਲੇ ਦਿਨੀਂ ਚੰਡੀਗੜ੍ਹ ਵਿਚ ਮਜ਼ਦੂਰਾਂ ਦੇ ਇੱਕ ਇਲਾਕੇ ਵਿੱਚ ਕੁਝ ਔਰਤਾਂ ਨਾਲ ਮੁਲਾਕਾਤ ਹੋਈ ਜਿਹੜੀਆਂ ਸਾਰਾ-ਸਾਰਾ ਦਿਨ ਬਰੀਕ ਅਤੇ ਔਖਾ ਕੰਮ ਕਰਨ ਵਿੱਚ ਰੁੱਝੀਆਂ ਰਹਿੰਦੀਆਂ ਹਨ। ਇਨ੍ਹਾਂ ਇਲਾਕਿਆਂ ਵਿੱਚ ਔਰਤਾਂ ਅਕਸਰ ਨਟ-ਬੋਲਟ ਕਸ ਰਹੀਆਂ ਹੁੰਦੀਆਂ ਹਨ, ਕੋੲ ਰਬੜ ਦੀ ਕਟਿੰਗ ਕਰ ਰਹੀਆਂ ਹੁੰਦੀਆਂ ਹਨ ਜਾਂ ਕੋਈ ਲਫਾਫੇ ਜਾਂ ਡੱਬੇ ਪੈਕ ਕਰ ਰਹੀਆਂ ਹੁੰਦੀਆਂ ਹਨ, ਤੇ ਜਾਂ ਮੰਜੇ ਬੁਣ ਰਹੀਆਂ ਹੁੰਦੀਆਂ ਹਨ। ਇਹ ਸਾਰਾ ਸਮਾਨ ਕਾਰਖਾਨੇ ਵਿੱਚੋਂ ਬਣ ਕੇ ਇਨ੍ਹਾਂ ਇਲਾਕਿਆਂ ਵਿੱਚ ਆ ਜਾਂਦਾ ਹੈ ਤੇ ਫਿਰ ਇਸ ਨੂੰ ਜੋੜਨ, ਕੱਟਣ ਦਾ ਬਰੀਕ ਕੰਮ, ਪੀਸ ਰੇਟ ’ਤੇ ਇਨ੍ਹਾਂ ਮਜ਼ਦੂਰਾਂ ਤੋਂ ਕਰਵਾਇਆ ਜਾਂਦਾ ਹੈ। ਸਰਮਾਏਦਾਰਾਂ ਵੱਲੋਂ ਪੀਸ ਰੇਟ ’ਤੇ ਕੰਮ ਕਰਵਾਉਣਾ ਬੇਹੱਦ ਘੱਟ ਮਜ਼ਦੂਰੀ ’ਤੇ ਮਜ਼ਦੂਰਾਂ ਨੂੰ ਲੁੱਟਣ ਦਾ ਕਾਰਗਰ ਤਰੀਕਾ ਹੈ। ਮਜ਼ਦੂਰਾਂ ਨੂੰ ਨਿਚੋੜ ਕੇ ਰੱਖ ਦਿੰਦੇ ਇਸ ਕੰਮ ਨੂੰ ਹੋਰ ਬਰੀਕੀ ਵਿੱਚ ਸਮਝਦੇ ਹਾਂ।
ਮਜ਼ਦੂਰਾਂ ਨੂੰ ਜਿਹੜੇ ਨਟ, ਬੋਲਟ ਮਿਲਦੇ ਹਨ, ਉਹ ਅੱਡ-ਅੱਡ ਹੁੰਦੇ ਹਨ; ਇਸ ਉੱਪਰ ਵਾਸ਼ਲ ਲਾ ਕੇ ਇਸ ਨੂੰ ਚੜ੍ਹਾਇਆ ਜਾਂਦਾ ਹੈ ਤੇ ਫਿਰ ਲਫਾਫੇ ਵਿੱਚ ਪਾ ਕੇ ਇਸ ਨੂੰ ਦੀਵੇ/ਮੋਮਬੱਤੀ ਦੇ ਸੇਕ ’ਤੇ ਪੈਕ ਕੀਤਾ ਜਾਂਦਾ ਹੈ। ਜੇ ਕੋਈ ਲਫਾਫਾ ਸਹੀ ਢੰਗ ਨਾਲ ਨਾ ਪੈਕ ਹੋਇਆ ਹੋਵੇ ਤਾਂ ਇਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਇਸ ਤਰੀਕੇ ਨਾਲ ਇੱਕ ਕਿੱਲੋ ਨਟਾਂ ਦੇ ਪੈਕਟ ਬਣਾਉਣ ਦੇ ਸਿਰਫ 8-10 ਰੁਪਏ ਮਿਲ਼ਦੇ ਹਨ। ਦਿਨ ਵਿੱਚ ਛੇ-ਸੱਤ ਘੰਟੇ ਕੰਮ ਕਰ ਕੇ ਮੁਸ਼ਕਲ ਨਾਲ ਛੇ-ਸੱਤ ਕਿੱਲੋ ਪੈਕਟ ਤਿਆਰ ਹੁੰਦੇ ਹਨ ਤੇ ਇਉਂ ਦਿਹਾੜੀ ਵਿੱਚ ਬਾਮੁਸ਼ਕਲ 60-70 ਰੁਪਏ ਵੱਟੇ ਜਾਂਦੇ ਹਨ; ਭਾਵ, ਮਹੀਨੇ ਦੇ 24-2500 ਰੁਪਏ! ਤੇ ਜੇ ਬੱਚਿਆਂ ਨੂੰ ਨਾਲ ਰਲਾ ਕੇ ਔਰਤਾਂ ਲਗਾਤਾਰ ਕੰਮ ਕਰਨ ਤਾਂ ਮਸਾਂ 3500 ਰੁਪਏ ਤੱਕ ਬਣਦੇ ਹਨ! ਪਰ ਤੁਸੀਂ ਬਾਜ਼ਾਰ ਵਿੱਚ ਇਹੀ ਪੈਕਟ ਲੈਣ ਜਾਓ ਤਾਂ ਤੁਹਾਨੂੰ ਦਸ ਕੁ ਰੁਪਏ ਦਾ ਇੱਕ ਪੈਕਟ ਮਿਲੇਗਾ; ਕਿੱਲੋ ਪੈਕਟ ਵਿੱਚ 250-300 ਨਟ ਬੋਲਟ ਦੇ ਪੀਸ ਹੁੰਦੇ ਹਨ।
ਮੈਂ ਜਦੋਂ ਇਨ੍ਹਾਂ ਔਰਤਾਂ ਨੂੰ ਪੁੱਛਿਆ ਕਿ ਉਹ ਐਨੇ ਘੱਟ ਰੇਟ ’ਤੇ ਇਹ ਕੰਮ ਹੀ ਕਿਉਂ ਕਰਦੀਆਂ ਹਨ ਤਾਂ ਉਨ੍ਹਾਂ ਦੱਸਿਆ, “ਅੱਜ ਦੇ ਸਮੇਂ ਵਿੱਚ ਇੱਕ ਬੰਦੇ ਦੀ ਕਮਾਈ ਨਾਲ ਘਰ ਦਾ ਖਰਚਾ ਚੱਲਣਾ ਮੁਸ਼ਕਲ ਹੈ। ਅਸੀਂ ਵਧੇਰੇ ਤਨਖਾਹ ਵਾਲੇ ਕਿਸੇ ਹੋਰ ਕਾਰਖਾਨੇ ਜਾ ਕੇ ਕੰਮ ਨਹੀਂ ਕਰ ਸਕਦੀਆਂ ਕਿਉਂਕਿ ਘਰੇ ਬੱਚੇ ਅਜੇ ਛੋਟੇ ਹਨ, ਉਨ੍ਹਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਇਸ ਲਈ ਘਰੇ ਰਹਿ ਕੇ ਅਸੀਂ ਇਹ ਕੰਮ ਕਰਦੀਆਂ ਹਾਂ ਤੇ ਅਕਸਰ ਆਪਣੇ ਬੱਚਿਆਂ ਨੂੰ ਵੀ ਨਾਲ ਕੰਮ ’ਤੇ ਲਾ ਲੈਂਦੀਆਂ ਹਾਂ। ਇਸ ਤਰ੍ਹਾਂ ਘਰ ਵਿੱਚ ਬੰਦੇ ਦੀ ਤਨਖਾਹ ਤੋਂ ਬਿਨਾਂ 3000-3500 ਰੁਪਏ ਹੋਰ ਜੁੜ ਜਾਂਦੇ ਨੇ ਜਿਸ ਨਾਲ ਹੋਰ ਨਹੀਂ ਤਾਂ ਕਮਰੇ ਦਾ ਕਿਰਾਇਆ ਨਿੱਕਲ ਜਾਂਦਾ ਹੈ।”
ਸੋਚਣ ਵਾਲੀ ਗੱਲ ਹੈ ਕਿ ਜਿਨ੍ਹਾਂ ਬੱਚਿਆਂ ਦੀ ਬਾਹਰ ਖੇਡਣ-ਦੌੜਨ ਵਾਲੀ ਉਮਰ ਹੁੰਦੀ ਹੈ, ਉਹ ਵੀ ਅਕਸਰ ਘਰੇ ਰਹਿ ਕੇ ਇਸ ਕੰਮ ਵਿੱਚ ਹੱਥ ਵਟਾਉਣ ਲਈ ਮਜਬੂਰ ਹਨ। ਕਹਿਣ ਦੀ ਲੋੜ ਨਹੀਂ ਕਿ ਬੱਚਿਆਂ ਵਿੱਚੋਂ ਵੀ ਇਹ ਕੰਮ ਖਾਸ ਕਰ ਕੇ ਕੁੜੀਆਂ ਦੇ ਹਿੱਸੇ ਆਉਂਦਾ ਹੈ। ਇਸ ਲੁੱਟ ਵਿੱਚ ਸਰਮਾਏਦਾਰ ਦੇ ਨਾਲ-ਨਾਲ ਉਸ ਦਾ ਵਿਚੋਲੀਆ, ਭਾਵ, ਠੇਕੇਦਾਰ ਵੀ ਰਲਿਆ ਹੁੰਦਾ ਹੈ ਕਿਉਂ ਜੋ ਉਹ ਕੋਸ਼ਿਸ਼ ਕਰਦਾ ਹੈ ਕਿ ਔਰਤਾਂ ਕੋਲ਼ੋਂ ਘੱਟ ਤੋਂ ਘੱਟ ਰੇਟ ’ਤੇ ਕੰਮ ਪੂਰਾ ਕਰਵਾ ਕੇ ਖੁਦ ਕਮਿਸ਼ਨ ਵਧਾ ਲਿਆ ਜਾਵੇ।
ਇਸ ਕੰਮ ਵਿੱਚ ਇਨ੍ਹਾਂ ਮਜ਼ਦੂਰ ਔਰਤਾਂ ਦੀ ਮਿਹਨਤ ਦੀ ਲੁੱਟ ਤਾਂ ਹੁੰਦੀ ਹੀ ਹੈ, ਇਹ ਬਰੀਕ ਕੰਮ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਵੀ ਨਿਚੋੜ ਦਿੰਦਾ ਹੈ। ਅਜਿਹੀਆਂ ਔਰਤਾਂ ਵਿੱਚੋਂ ਇੱਕ ਸੰਗੀਤਾ ਜਿਸ ਦੀ ਉਮਰ 47 ਸਾਲ ਹੈ, ਨੇ ਦੱਸਿਆ ਕਿ ਉਹ ਇਸ ਕੰਮ ਨੂੰ ਤਿੰਨ ਸਾਲ ਤੋਂ ਕਰ ਰਹੀ ਹੈ; ਮੋਮਬੱਤੀ ਦੀ ਲੋਅ ਵਿੱਚ ਕੰਮ ਕਰਨ ਨਾਲ ਉਸ ਦੀਆਂ ਅੱਖਾਂ ’ਤੇ ਕਾਫੀ ਅਸਰ ਪਿਆ ਹੈ ਤੇ ਹੁਣ ਪਿਛਲੇ ਦੋ ਮਹੀਨਿਆਂ ਤੋਂ ਅੱਖਾਂ ਵਿੱਚੋਂ ਲਗਾਤਾਰ ਪਾਣੀ ਡਿੱਗਦਾ ਰਹਿੰਦਾ ਹੈ। ਪੀਸ ਰੇਟ ਦੀ ਇਹ ਪ੍ਰਕਿਰਿਆ ਮਜ਼ਦੂਰਾਂ ਅੰਦਰ ਅਜਿਹੀ ਅਣਮਨੁੱਖੀ ਦੌੜ ਨੂੰ ਜਨਮ ਦਿੰਦੀ ਹੈ ਕਿ ਉਨ੍ਹਾਂ ਦੀ ਪੂਰੇ ਦਿਨ ਵਿੱਚ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਕਿਵੇਂ ਦਿਨ ਦਾ ਮਿੰਟ-ਮਿੰਟ ਬਚਾ ਕੇ ਵੱਧ ਤੋਂ ਵੱਧ ਪੀਸ ਤਿਆਰ ਕਰ ਦੇਣ ਤਾਂ ਜੋ ਚਾਰ ਪੈਸੇ ਵੱਧ ਕਮਾ ਸਕਣ। ਕਈ ਔਰਤਾਂ ਅਜਿਹੀਆਂ ਵੀ ਹਨ ਜਿਹੜੀਆਂ ਦਿਨ ਵੇਲ਼ੇ ਕਾਰਖਾਨੇ ਜਾਂ ਕਿਸੇ ਹੋਰ ਥਾਂ ਕੰਮ ਕਰਦੀਆਂ ਹਨ ਤੇ ਸ਼ਾਮੀਂ ਮੁੜ ਕੇ ਘਰ ਦੇ ਕੰਮ ਤੋਂ ਬਿਨਾਂ ਇੱਕ-ਦੋ ਘੰਟੇ ਇਹ ਪੀਸ ਰੇਟ ਵਾਲਾ ਕੰਮ ਵੀ ਕਰਦੀਆਂ ਹਨ।
ਰੋਜ਼ੀ-ਰੋਟੀ ਦੀ ਇਸ ਚੱਤੋ-ਪਹਿਰ ਫਿਕਰ ਤੋਂ ਬਿਨਾਂ ਵੀ ਜਿ਼ੰਦਗੀ ਵਿੱਚ ਕੋਈ ਵਿਹਲ, ਮਨੋਰੰਜਨ, ਸੈਰ, ਪੜ੍ਹਾਈ ਆਦਿ ਜ਼ਰੂਰੀ ਹੈ, ਇਸ ਸਭ ਦੇ ਖਿਆਲ ਲਈ ਵੀ ਉਨ੍ਹਾਂ ਕੋਲ ਸਮਾਂ ਨਹੀਂ ਹੁੰਦਾ। ਹਾਂ, ਜੇ ਥੋੜ੍ਹਾ-ਬਹੁਤ ਸਮਾਂ ਮਿਲਦਾ ਹੈ ਤਾਂ ਗੁਆਂਢਣਾਂ ਨਾਲ ਇੱਧਰ-ਉੱਧਰ ਜਾਂ ਘਰ-ਬਾਰ ਆਦਿ ਦੀਆਂ ਗੱਲਾਂ ਕਰ ਮਨ ਹੌਲਾ ਕਰ ਲੈਂਦੀਆਂ ਹਨ। ਇਹ ਸਾਰੀਆਂ ਮਜ਼ਦੂਰ ਔਰਤਾਂ ਆਪੋ-ਆਪਣੇ ਘਰਾਂ ਵਿੱਚ ਇਹ ਕੰਮ ਕਰਦੀਆਂ ਹਨ ਜਿਸ ਕਾਰਨ ਇਹ ਇੱਕ-ਦੂਜੀ ਨਾਲ ਕੋਈ ਸਿੱਧਾ ਰਾਬਤਾ ਨਹੀਂ ਰੱਖ ਸਕਦੀਆਂ ਤੇ ਇਨ੍ਹਾਂ ਅੰਦਰ ਮਜ਼ਦੂਰਾਂ ਵਾਲੀ ਸਮੂਹਿਕ ਚੇਤਨਾ ਵੀ ਬਹੁਤ ਪੱਛੜੀ ਹੁੰਦੀ ਹੈ ਤੇ ਇਹ ਆਪਣੀਆਂ ਉਜਰਤਾਂ ਵਧਾਉਣ ਜਾਂ ਹੋਰ ਹੱਕਾਂ ਲਈ ਜੱਥੇਬੰਦ ਵੀ ਨਹੀਂ ਹੋ ਸਕਦੀਆਂ। ਕਾਗਜ਼ਾਂ ਵਿੱਚ ਦਰਜ ਮਾੜੇ-ਮੋਟੇ ਕਿਰਤ ਕਾਨੂੰਨਾਂ ਬਾਰੇ ਵੀ ਕੋਈ ਜਾਣਕਾਰੀ ਇਨ੍ਹਾਂ ਔਰਤਾਂ ਨੂੰ ਨਹੀਂ ਹੁੰਦੀ, ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਵਾਉਣਾ ਤਾਂ ਅਜੇ ਬਹੁਤ ਦੂਰ ਦੀ ਗੱਲ ਹੈ। ਇਨ੍ਹਾਂ ਮਜ਼ਦੂਰ ਔਰਤਾਂ ਦੇ ਇਸੇ ਖਿੰਡਾਅ ਦਾ ਫਾਇਦਾ ਸਰਮਾਏਦਾਰ ਚੁੱਕਦੇ ਹਨ।
ਘਰੋ-ਘਰੀ ਪੀਸ ਰੇਟ ’ਤੇ ਆਊਟਸੋਰਸ ਕਰ ਕੇ ਮਜ਼ਦੂਰਾਂ ਨੂੰ ਲੁੱਟਣ ਦਾ ਇਹ ਬਹੁਤ ਕੋਝਾ ਤਰੀਕਾ ਹੈ ਪਰ ਇਹੀ ਇਸ ਸਰਮਾਏਦਾਰਾ ਢਾਂਚੇ ਦੀ ਖਸਲਤ ਹੈ ਕਿ ਇਹ ਆਪਣੇ ਮੁਨਾਫੇ ਵਧਾਉਣ ਲਈ ਮਜ਼ਦੂਰਾਂ ਨੂੰ ਲੁੱਟਣ ਦੇ ਨਿੱਤ ਨਵੇਂ ਤਰੀਕੇ ਲੱਭਦਾ ਰਹਿੰਦਾ ਹੈ। ਇਸੇ ਲਈ ਇਸ ਢਾਂਚੇ ਤੋਂ ਮਜ਼ਦੂਰਾਂ ਦੇ ਭਲੇ ਦੀ, ਉਨ੍ਹਾਂ ਦੀ ਬੰਦਖਲਾਸੀ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਇੱਕੋ ਢੰਗ ਜੋ ਮਜ਼ਦੂਰਾਂ ਨੂੰ ਇਸ ਗੁਲਾਮੀ ਤੋਂ ਮੁਕਤੀ ਦਿਵਾ ਸਕਦਾ ਹੈ, ਉਹ ਹੈ ਉਨ੍ਹਾਂ ਦਾ ਜੱਥੇਬੰਦ ਹੋ ਕੇ ਇਸ ਮੁਨਾਫਾਖੋਰ ਢਾਂਚੇ ਖਿਲਾਫ ਸੰਘਰਸ਼ ਕਰਨਾ।
ਸੰਪਰਕ: 73474-27205

Advertisement
Author Image

joginder kumar

View all posts

Advertisement
Advertisement
×