For the best experience, open
https://m.punjabitribuneonline.com
on your mobile browser.
Advertisement

ਦਲ ਬਦਲੀ ਅਤੇ ਸਿਆਸੀ ਨਿਘਾਰ ਦੇ ਮਸਲੇ

06:11 AM Apr 10, 2024 IST
ਦਲ ਬਦਲੀ ਅਤੇ ਸਿਆਸੀ ਨਿਘਾਰ ਦੇ ਮਸਲੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪ੍ਰੋ. (ਰਿਟਾ.) ਸੁਖਦੇਵ ਸਿੰਘ

Advertisement

ਜਮਹੂਰੀ ਪ੍ਰਬੰਧ ਵਿੱਚ ਲੋਕਾਂ ਦੀ ਨੁਮਾਇੰਦਗੀ ਭਾਵੇਂ ਲੋਕਾਂ ਦੁਆਰਾ ਹੁੰਦੀ ਹੈ ਪਰ ਸਿਆਸੀ ਪਾਰਟੀਆਂ ਦੀ ਹੋਂਦ ਵਿਚਾਰਧਾਰਾ, ਸੋਚ ਅਤੇ ਪ੍ਰੋਗਰਾਮ ਆਧਾਰਿਤ ਹੋਣ ਕਰ ਕੇ ਇਹ ਲੋਕਾਂ ਦੀ ਨੁਮਾਇੰਦਗੀ ਨੂੰ ਸੰਗਠਿਤ ਅਤੇ ਸਮੂਹਿਕ ਕਰ ਕੇ ਜਮਹੂਰੀ ਸ਼ਾਸਨ ਨੂੰ ਇੱਕਜੁੱਟ ਅਤੇ ਮਜ਼ਬੂਤ ਬਣਾਉਂਦੀ ਹੈ। ਇਉਂ ਲੋਕ ਸ਼ਾਸਨ ਦਾ ਮੁਹਾਂਦਰਾ ਕਿਆਸ ਸਕਦੇ ਹਨ ਅਤੇ ਉਸ ਅਨੁਸਾਰ ਸਿਆਸੀ ਪਾਰਟੀਆਂ ਦੇ ਨਾਮਜ਼ਦ ਉਮੀਦਵਾਰਾਂ ਵਿੱਚੋਂ ਆਪਣਾ ਨੁਮਾਇੰਦਾ ਚੁਣ ਸਕਦੇ ਹਨ। ਉਂਝ, ਨੁਮਾਇੰਦਗੀ ਲੋਕਾਂ ਦੁਆਰਾ ਹੋਣ ਕਰ ਕੇ ਨੇਤਾਵਾਂ ਅਤੇ ਪੈਰੋਕਾਰਾਂ ਦੁਆਰਾ ਪਾਰਟੀ ਬਦਲਣ ਦੀ ਸਿਆਸਤ ਆਮ ਵਰਤਾਰਾ ਹੈ ਜੋ ਨੇਤਾਵਾਂ ਅਤੇ ਸਿਆਸੀ ਪਾਰਟੀਆਂ ਦੀ ਹਾਰ ਤੇ ਜਿੱਤ ਦਾ ਕਾਰਨ ਬਣਦਾ ਹੈ। ਜੇ ਪਾਰਟੀ ਬਦਲਣਾ ਸਿਆਸੀ ਵਿਚਾਰਧਾਰਾਵਾਂ, ਵਿਕਾਸ ਨੀਤੀਆਂ ਅਤੇ ਹੋਰ ਨੀਤੀ ਪ੍ਰੋਗਰਾਮਾਂ ਤੋਂ ਪ੍ਰਭਾਵਿਤ ਹੋਵੇ ਤਾਂ ਜਮਹੂਰੀਅਤ ਵਿੱਚ ਇਹ ਸਿਹਤਮੰਦ ਵਿਹਾਰ ਹੋ ਸਕਦਾ ਹੈ ਪਰ ਜੇ ਦਲ ਬਦਲੀ ਚੋਣ ਜਿੱਤਣ, ਅਹੁਦੇ ਹਾਸਲ ਕਰਨ ਜਾਂ ਕਿਸੇ ਲਾਲਚ ਜਾਂ ਡਰ ਤੋਂ ਪ੍ਰਭਾਵਿਤ ਹੋਵੇ ਤਾਂ ਇਹ ਜਮਹੂਰੀਅਤ, ਲੋਕਾਂ ਅਤੇ ਕੌਮ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਚਿੰਤਾ ਦਾ ਇਕ ਹੋਰ ਕਾਰਨ ਆਗੂਆਂ ਦੀ ਕਹਿਣੀ ਅਤੇ ਕਰਨੀ ਵਿਚਕਾਰ ਡੂੰਘੇ ਪਾੜੇ ਕਰ ਕੇ ਸਿਆਸੀ ਜਮਾਤ ਵਿਚ ਲੋਕਾਂ ਦੇ ਭਰੋਸੇ ਦੀ ਘਾਟ ਹੈ।
ਭਾਰਤੀ ਜਮਹੂਰੀਅਤ ਹੁਣ ਇਨ੍ਹਾਂ ਦੋਵਾਂ ਸਿਆਸੀ ਵਰਤਾਰਿਆਂ ਤੋਂ ਪਹਿਲਾਂ ਨਾਲੋਂ ਵੱਧ ਖ਼ਤਰੇ ਵਿੱਚ ਹੈ। ਖੇਤਰੀ ਅਤੇ ਦੇਸ਼ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਬਿਹਤਰ ਕਰਨ ਦੀ ਬਜਾਇ ਬੰਦ ਕਰਨ ਦੇ ਰਸਤੇ ਹਨ ਪਰ ਚੋਣਾਂ ਜਿੱਤਣ ਹਿੱਤ ਆਮ ਲੋਕਾਂ ਨਾਲ ਵਾਅਦੇ ਕਰ ਕੇ ਚੋਣਾਂ ਤੋਂ ਬਾਅਦ ਭੁੱਲ ਜਾਣ ਦੀ ਸਿਆਸਤ ਕਰ ਰਹੀਆਂ ਹਨ। ਹਕੀਕਤ ਵਿੱਚ ਨਾ ਪ੍ਰਬੰਧਕ ਸੁਧਾਰ ਅਤੇ ਨਾ ਹੀ ਜਨ-ਜੀਵਨ ਬਿਹਤਰ ਹੋਣ ਕਰ ਕੇ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਵਿੱਚ ਲੋਕਾਂ ਦਾ ਵਿਸ਼ਵਾਸ ਘਟਦਾ ਜਾਂਦਾ ਹੈ। ਇੱਕ ਪਾਸੇ ਲਗਾਤਾਰ ਵਧਦਾ ਅਮੀਰ ਗਰੀਬ ਦਾ ਪਾੜਾ, ਦੂਜੇ ਪਾਸੇ ਪ੍ਰਫੁੱਲਿਤ ਅਰਥਚਾਰੇ ਦੇ ਦਾਅਵਿਆਂ ਦਾ ਰੌਲਾ-ਰੱਪਾ ਲੋਕਾਂ ਨੂੰ ਉਲਝਣ ਵਿੱਚ ਪਾਈ ਰੱਖਦਾ ਹੈ।
ਵਿਅਕਤੀਗਤ ਅਤੇ ਪਾਰਟੀ ਹਿੱਤਾਂ ਦੀ ਪੂਰਤੀ ਲਈ ਦਲ ਬਦਲੀ ਦੀ ਖੇਡ ਬੇਝਿਜਕ ਖੇਡੀ ਜਾ ਰਹੀ ਹੈ। ਚੋਣ ਜਿੱਤਣ ਦੀ ਸਮਰੱਥਾ ਵਾਲੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਕੇ ਚੋਣ ਦੀ ਬਾਜ਼ੀ ਚੱਲ ਰਹੀ ਹੈ। ਇਸ ਖੇਡ ਵਿੱਚ ਨੇਤਾ ਨਿੱਤ ਦਿਨ ਨਵਾਂ ਰੰਗ ਬਦਲਣ ਵਿੱਚ ਭੋਰਾ ਸੰਗ ਨਹੀਂ ਮੰਨਦੇ। ਅਸਲ ਵਿੱਚ ਵਿਚਾਰਧਾਰਾਵਾਂ ਅਤੇ ਨੀਤੀਆਂ ਵਿੱਚ ਬੇਮੇਲ ਹੋਣ ਬਾਰੇ ਨਾ ਨੇਤਾਵਾਂ ਅਤੇ ਨਾ ਹੀ ਸਿਆਸੀ ਪਾਰਟੀਆਂ ਨੂੰ ਕੋਈ ਸੰਕੋਚ ਰਿਹਾ ਹੈ; ਬੱਸ ਚੋਣਾਂ ਜਿੱਤਣਾ ਹੀ ਮੁੱਖ ਮਕਸਦ ਹੈ। ਨਾ ਨੇਤਾਵਾਂ ਅਤੇ ਨਾ ਹੀ ਸਿਆਸੀ ਪਾਰਟੀਆਂ ਨੂੰ ਦਲ ਬਦਲੀ ਨਾਲ ਸ਼ਾਸਨ, ਲੋਕਾਂ ਦੇ ਵਿਸ਼ਵਾਸ, ਨੁਮਾਇੰਦਗੀ ਅਤੇ ਨੀਤੀ ਨਿਰਮਾਣ ਉੱਤੇ ਅਸਰ ਦੀ ਕੋਈ ਚਿੰਤਾ ਹੈ। ਅੱਜ ਭਾਰਤੀ ਜਮਹੂਰੀਅਤ ਦੇ ਇਹ ਪੱਖ ਸਿਆਸੀ ਵਫ਼ਾਦਾਰੀ, ਪਾਰਟੀ ਸਿਆਸਤ ਅਤੇ ਚੋਣ ਮਨੋਰਥ ਪੱਤਰਾਂ ਦੀ ਵਾਜਬੀਅਤ ਦਾ ਪੇਤਲੇਪਣ ਉਭਾਰਦੇ ਹਨ।
ਪੰਜਾਬ ਵਿੱਚ ਪਿਛਲੇ ਸਮੇਂ ਵਾਲੀਆਂ ਸਿਆਸੀ ਘਟਨਾਵਾਂ ਭਾਰਤੀ ਸਿਆਸਤ ਦਾ ਇਹੀ ਰੂਪ ਨਸ਼ਰ ਕਰਦੀਆਂ ਹਨ। ਰਵਾਇਤੀ ਸਿਆਸੀ ਧੜਿਆਂ ਦੁਆਰਾ ਚੋਣਾਂ ਜਿੱਤਣ ਲਈ ਵਿਤੋਂ ਬਾਹਰੇ ਵਾਅਦੇ ਅਤੇ ਚੋਣਾਂ ਬਾਅਦ ਵਾਅਦੇ ਭੁੱਲ ਜਾਣ ਤੇ ਫਿਰ ਮਿਹਣਿਆਂ ਦੀ ਤੂੰ-ਤੂੰ ਮੈਂ-ਮੈਂ ਵਾਲੀ ਖੇਡ ਤੋਂ ਨਿਰਾਸ਼ ਹੋ ਕੇ ਪੰਜਾਬ ਦੇ ਲੋਕਾਂ ਨੇ ਨਵੀਂ ਬਣੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ’ਤੇ ਜਿਤਾ ਕੇ ਰਵਾਇਤੀ ਪਾਰਟੀ ਪ੍ਰਣਾਲੀ ਨੂੰ ਚੁਣੌਤੀ ਦਿੱਤੀ। ਇਸੇ ਦੌਰਾਨ ਸਿਆਸੀ ਦਲ ਬਦਲੀ ਕਰਨ ਕਰਵਾਉਣ ਦਾ ਦੌਰ ਸ਼ੁਰੂ ਹੋ ਗਿਆ। ਸਾਰੇ ਦਲਾਂ ਤੋਂ ਨੇਤਾਵਾਂ ਦੀ ਪਲਟਬਾਜ਼ੀ ਹੋਈ ਪਰ ਇਸ ਵਰਤਾਰੇ ਦੀ ਸਭ ਤੋਂ ਵੱਧ ਸ਼ਿਕਾਰ ਕਾਂਗਰਸ ਹੋਈ; ਇੱਥੋਂ ਤੱਕ ਕਿ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਹੁਣ ਭਾਜਪਾ ਦੇ ਸੂਬਾ ਪ੍ਰਧਾਨ ਹਨ। ਇਸ ਨੇ ਕਾਂਗਰਸ ਹਾਈਕਮਾਂਡ ਨੂੰ ਨਮੋਸ਼ੀ ਅਤੇ ਨਿਰਾਸ਼ਤਾ ਤਾਂ ਦਿੱਤੀ ਹੀ, ਪੁਰਾਣੇ ਭਾਜਪਾ ਨੇਤਾਵਾਂ ਅਤੇ ਕਾਰਕੁਨਾਂ ਨੂੰ ਵੀ ਖੁਸ਼ ਨਹੀਂ ਕੀਤਾ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ, ਮੰਤਰੀ, ਵਿਧਾਇਕ, ਸੰਸਦ ਮੈਂਬਰ ਅਤੇ ਹੋਰ ਨੇਤਾ ਭਾਜਪਾ ਵਿੱਚ ਸ਼ਾਮਲ ਹੋ ਗਏ ਜਾਂ ਕਰ ਲਏ ਗਏ।
ਪੰਜਾਬ ਵਿਚ 2022 ’ਚ ਸਰਕਾਰ ਬਣਾਉਣ ਪਿੱਛੋਂ ‘ਆਪ’ ਸਿਆਸੀ ਅਤੇ ਪ੍ਰਬੰਧਕੀ ਕਾਰਗੁਜ਼ਾਰੀ ਬਦਲ ਕੇ ਲੋਕਾਂ ਦੇ ਭਰੋਸੇ ਨਵੇਂ ਨੇਤਾ ਪੈਦਾ ਕਰਨ ਦੀ ਬਜਾਇ ਰਵਾਇਤੀ ਪਾਰਟੀਆਂ ਵਾਲੇ ਰਸਤੇ ਚਲੀ ਗਈ। ਇਸ ਨੇ 2023 ਵਿੱਚ ਲੋਕ ਸਭਾ ਹਲਕੇ ਜਲੰਧਰ ਦੀ ਜਿ਼ਮਨੀ ਚੋਣ ਲਈ ਕਾਂਗਰਸ ਨੇਤਾ ਸੁਸ਼ੀਲ ਕੁਮਾਰ ਰਿੰਕੂ ਦੀ ਦਲ ਬਦਲੀ ਕਰਵਾ ਕੇ ਚੋਣ ਜਿੱਤੀ ਪਰ ਹੁਣ ਉਹ ਪਾਰਟੀ ਟਿਕਟ ਮਿਲਣ ਦੇ ਬਾਵਜੂਦ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ ਹੀ 2022 ਵਾਲੀ ਵਿਧਾਨ ਸਭਾ ਚੋਣ ’ਚ ਕਾਂਗਰਸ ਦੇ ਰਿੰਕੂ ਦੇ ਮੁਕਾਬਲੇ ਭਾਜਪਾ ਛੱਡ ‘ਆਪ’ ਦੀ ਟਿਕਟ ’ਤੇ ਵਿਧਾਇਕ ਬਣੇ ਅਨੁਰਾਗ ਸ਼ੀਤਲ ‘ਆਪ’ ਛੱਡ ਕੇ ਮੁੜ ਭਾਜਪਾ ਵਿੱਚ ਸ਼ਾਮਲ ਹੋ ਗਏ।
ਅਗਸਤ 2023 ਵਿੱਚ ਦਿੱਲੀ ਸੇਵਾਵਾਂ ਬਿੱਲ ’ਤੇ ਭਾਜਪਾ ਸਰਕਾਰ ਦਾ ਵਿਰੋਧ ਕਰਦੇ ਸਮੇਂ ਸੁਸ਼ੀਲ ਕੁਮਾਰ ਰਿੰਕੂ ਨੂੰ ਲੋਕ ਸਭਾ ਸਪੀਕਰ ਨੇ ਸੰਸਦ ਵਿੱਚ ਖਰੂਦੀ ਵਿਹਾਰ ਕਾਰਨ ਸੰਸਦ ਤੋਂ ਮੁਅੱਤਲ ਕੀਤਾ ਸੀ। ਜਵਾਬ ਵਜੋਂ ਰਿੰਕੂ ਨੇ ‘ਗ਼ੁਲਾਮੀ ਵਿੱਚ ਜਮਹੂਰੀਅਤ’ ਦੇ ਪ੍ਰਤੀਕ ਵਜੋਂ ਆਪਣੇ ਗਲ ਜ਼ੰਜੀਰਾਂ ਪਾ ਕੇ ਸੰਸਦ ਭਵਨ ਦੇ ਸਾਹਮਣੇ ਆਪਣੀ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਸੰਸਦ ਤੋਂ ਮੁਅੱਤਲੀ ਦਾ ਵਿਰੋਧ ਕੀਤਾ ਸੀ। ਉਸ ਸਮੇਂ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰ ਸਰਕਾਰ, ਭਾਵ, ਭਾਜਪਾ ਦੀ ਆਲੋਚਨਾ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸੰਵਿਧਾਨ ਦੀ ਭਾਵਨਾ ਅਤੇ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨੂੰ ਜਿ਼ੰਦਾ ਰੱਖਣ ਲਈ 2024 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ।
ਹੁਣੇ ਜਿਹੇ ਦੋ ਕਾਂਗਰਸੀ ਨੇਤਾਵਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ (ਜਿੱਤਣ) ਯੋਗ ਉਮੀਦਵਾਰ ਮੰਨ ਕੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਲੋਕ ਸਭਾ ਚੋਣ ਲਈ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੰਨੇ ਜਾਣ ਬਾਅਦ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਕੁੁਝ ਦੇਰ ਪਹਿਲਾਂ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਦੇ ਵਧ ਰਹੇ ਕਰਜ਼ੇ ਦੇ ਪ੍ਰਤੀਕ ਵਜੋਂ ਆਪਣੇ ਸਿਰ ਉੱਤੇ ਗਠੜੀ ਚੁੱਕੀ ਵਿਧਾਨ ਸਭਾ ਵਿੱਚ ਨਾਟਕੀ ਅੰਦਾਜ਼ ਨਾਲ ਦਾਖ਼ਲ ਹੋਏ ਅਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਨਾਕਾਮ ਹਾਲਤ ਦੇ ਚਿੰਨ੍ਹ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲੋਹੇ ਦੀ ਜ਼ੰਜੀਰੀ ਪੇਸ਼ ਕੀਤੀ ਸੀ। ‘ਆਪ’ ਸਰਕਾਰ ਦੀਆਂ ਨੀਤੀਆਂ ਦੇ ਸਖ਼ਤ ਆਲੋਚਕ ਰਹੇ ਰਾਜ ਕੁਮਾਰ ਚੱਬੇਵਾਲ ਨੂੰ ਦਲ ਬਦਲੀ ਦੇ ਨਾਲ ਹੀ ‘ਆਪ’ ਸਰਕਾਰ ਦੀਆਂ ਲੋਕ ਪੱਖੀ, ਖਾਸ ਕਰ ਕੇ ਗਰੀਬ ਵਰਗਾਂ ਲਈ ਨੀਤੀਆਂ ਦਾ ਇਲਹਾਮ ਹੋਇਆ ਹੈ। ਅਖ਼ਬਾਰੀ ਸੁਰਖੀਆਂ ਮੁਤਾਬਿਕ ਉਨ੍ਹਾਂ ਵੱਲੋਂ ‘ਆਪ’ ਸਰਕਾਰ ਦੀ ਆਲੋਚਨਾ ਉਨ੍ਹਾਂ ਦੇ ਵਿਰੋਧੀ ਧਿਰ ਵਿੱਚ ਹੋਣ ਕਰ ਕੇ ਸੀ। ਉਨ੍ਹਾਂ ਨੂੰ ਇਹ ਵੀ ਹੁਣੇ ਪਤਾ ਲੱਗਾ ਹੈ ਕਿ ‘ਆਪ’ ਸਰਕਾਰ ਡਾ. ਬੀਆਰ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ’ਤੇ ਚੱਲ ਰਹੀ ਹੈ।
ਬੱਸੀ ਪਠਾਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ‘ਆਪ’ ਵਿੱਚ ਸ਼ਾਮਲ ਹੋ ਕੇ ਫਤਹਿਗੜ੍ਹ ਸਾਹਿਬ ਤੋਂ ਪਾਰਟੀ ਦੇ ਲੋਕ ਸਭਾ ਉਮੀਦਵਾਰ ਬਣ ਗਏ ਹਨ। ਸੂਤਰਾਂ ਮੁਤਾਬਿਕ ਕਾਂਗਰਸ ਨਾਲ ਉਨ੍ਹਾਂ ਦੀ ਨਿਰਾਸ਼ਾ ਉਨ੍ਹਾਂ ਦੇ ਮੁਕਾਬਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨਮੋਹਨ ਸਿੰਘ ਵੱਲੋਂ ਚੋਣ ਲੜਨਾ ਹੈ।
ਇਸ ਦਲ ਬਦਲੀ ਅਤੇ ਚੋਣ ਜੇਤੂ ਖੇਡ ਵਿੱਚ ਸਭ ਕੁਝ ਉਲਟਾ-ਪੁਲਟਾ ਹੈ। ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸੇ ਆਗੂ ਦੀ ਸੋਚ ਦਾ ਰੰਗ ਹੁਣ ਕਿਹੜਾ ਹੈ। ਬੱਸ ਆਪਣਾ ਕਲਿਆਣ ਹੋਵੇ! ਜਨਤਾ ਲਈ ਇੰਨਾ ਹੀ ਕਾਫੀ ਹੈ ਕਿ ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਮਿਲਦਾ ਹੈ। ਹੁਣ ਸਵਾਲ ਇਹ ਹੈ: ਜਿਹੜਾ ਆਗੂ ਅਜੇ ਕੁਝ ਮਹੀਨੇ ਪਹਿਲਾਂ ਹੀ ਜਮਹੂਰੀਅਤ ਦੀ ਰਾਖੀ ਲਈ ‘ਭਾਜਪਾ ਹਰਾਓ’ ਦੇ ਨਾਅਰੇ ਲਾ ਰਿਹਾ ਸੀ, ਕੀ ਹੁਣ ਉਸ ਨੂੰ ਲੋਕਾਂ ਨੂੰ ‘ਭਾਜਪਾ ਜਿਤਾਓ’ ਕਹਿਣ ਵਿੱਚ ਜ਼ਰਾ ਵੀ ਝਿਜਕ ਨਹੀਂ ਹੋਵੇਗੀ? ਅਜੇ ਪਿਛਲੇ ਸਾਲ ਉਨ੍ਹਾਂ ‘ਆਪ ਜਿਤਾਓ’ ਅਤੇ ਉਸ ਤੋਂ ਪਿਛਲੇ ਸਾਲ ‘ਕਾਂਗਰਸ ਜਿਤਾਓ’ ਦਾ ਨਾਅਰਾ ਮਾਰਿਆ ਸੀ। ਕੀ ਉਹ ਇੰਨੇ ਮਹਾਨ ਹਨ ਕਿ ਉਹ ਕੁਝ ਵੀ ਕਹਿਣ, ਤੇ ਲੋਕ ਮੰਨ ਲੈਣ? ਕੀ ਲੋਕ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਹੁਣ ਭਾਜਪਾ ਪ੍ਰਧਾਨ ਵਜੋਂ ਨੀਤੀਗਤ ਬਿਆਨਾਂ ਉੱਤੇ ਭਰੋਸਾ ਕਰ ਸਕਣਗੇ? ਕਾਂਗਰਸ ਦੀ ਟਿਕਟ ’ਤੇ ਤਿੰਨ ਵਾਰ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਵੱਲੋਂ ਦਲ ਬਦਲੀ ਮੌਕੇ ‘ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੰਜਾਬ ਨਾਲ ਬਹੁਤ ਪਿਆਰ ਹੈ’ ਵਾਲਾ ਬਿਆਨ ਨਿਸ਼ਚਤ ਤੌਰ ’ਤੇ ਪ੍ਰਮਾਣਿਕ ਨਹੀਂ ਹੋ ਸਕਦਾ।
ਸਿਆਸੀ ਨੇਤਾ ਅਤੇ ਪਾਰਟੀਆਂ ਅਜਿਹੀਆਂ ਖੇਡਾਂ ਅਤੇ ਅਰਥ ਵਿਹੂਣੇ ਕਥਨਾਂ ਨਾਲ ਚੋਣ ਤਾਂ ਜਿੱਤ ਸਕਦੇ ਹਨ ਕਿਉਂਕਿ ਕਿਸੇ ਨੇ ਤਾਂ ਜਿੱਤਣਾ ਹੀ ਹੈ ਪਰ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕਦੇ।
ਸੰਪਰਕ: 94642-25655

Advertisement

Advertisement
Author Image

joginder kumar

View all posts

Advertisement