ਇਸਰੋ ਨੇ ਪੁਲਾੜ ਵਿੱਚ ਉਗਾਏ ਬੀਜ
ਬੰਗਲੂਰੂ, 6 ਜਨਵਰੀ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅੱਜ ਕਿਹਾ ਕਿ ‘ਪੀਐੱਸਐੱਲਵੀ-ਸੀ60 ਪੀਓਈਐੱਮ-4 ਪਲੈਟਫਾਰਮ’ ’ਤੇ ਪੁਲਾੜ ’ਚ ਭੇਜੇ ਰੌਂਗੀ ਦੇ ਬੀਜ ਪੁੰਗਰਨ ਮਗਰੋਂ ਇਨ੍ਹਾਂ ’ਚੋਂ ਪਹਿਲੀਆਂ ਪੱਤੀਆਂ ਨਿਕਲ ਆਈਆਂ ਹਨ। ਇਸਰੋ ਨੇ ਕਿਹਾ ਕਿ ਇਹ ਪੁਲਾੜ ਅਧਾਰਿਤ ਪਨੀਰੀ ਖੋਜ ਪ੍ਰੋਗਰਾਮ ’ਚ ਇੱਕ ਮੀਲ ਪੱਥਰ ਹੈ। ਭਾਰਤ ਦੀ ਕੌਮੀ ਪੁਲਾੜ ਏਜੰਸੀ ਅਨੁਸਾਰ ਵਿਕਰਮ ਸਾਰਾਭਾਈ ਪੁਲਾੜ ਕੇਂਦਰ (ਵੀਐੱਸਐੱਸਸੀ) ਵੱਲੋਂ ਵਿਕਸਿਤ ‘ਕੰਪੈਕਟ ਰਿਸਰਚ ਮਾਡਿਊਲ ਫਾਰ ਆਰਬੀਟਲ ਪਲਾਂਟ ਸਟੱਂਡੀਜ਼’ ਇੱਕ ਆਟੋਮਟਿਡ ਮੰਚ ਹੈ ਜਿਸ ਨੂੰ ਪੁਲਾੜ ਦੇ ਸੂਖਮ ਗੁਰਤਾਕਰਸ਼ਨ ਵਾਤਾਵਰਣ ’ਚ ਬੂਟਿਆਂ ਦਾ ਜੀਵਨ ਵਿਕਸਿਤ ਕਰਨ ਅਤੇ ਬਣਾਏ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸਰੋ ਨੇ ਕਿਹਾ ਕਿ ਉਸ ਦੇ ਹਾਲੀਆ ਪ੍ਰਯੋਗਾਂ ਵਿਚੋਂ ਇੱਕ ਵਿੱਚ ਵਿਸ਼ੇਸ਼ ਵਾਤਾਵਰਨ ਅਧੀਨ ਰੌਂਗੀ ਦੇ ਬੀਜ ਉਗਾਉਣਾ ਹੈ। ਪੁਲਾੜ ਏਜੰਸੀ ਅਨੁਸਾਰ ਇਸ ਪ੍ਰਣਾਲੀ ਨੇ ਪੁਲਾੜ ’ਚ ਰੌਂਗੀ ਦੇ ਬੀਜ ਪੁੰਗਰਨ ਤੇ ਦੋ ਪੱਤੀਆਂ ਵਾਲੀ ਸਥਿਤੀ ਤੱਕ ਦੇ ਵਿਕਾਸ ਨੂੰ ਕਾਮਯਾਬੀ ਨਾਲ ਮਦਦ ਮੁਹੱਈਆ ਕੀਤੀ। ਇਸਰੋ ਨੇ ਐਕਸ ’ਤੇ ਕਿਹਾ, ‘ਇਹ ਪ੍ਰਾਪਤੀ ਨਾ ਸਿਰਫ਼ ਪੁਲਾੜ ’ਚ ਬੂਟੇ ਉਗਾਉਣ ਦੀ ਇਸਰੋ ਦੀ ਸਮਰੱਥਾ ਨੂੰ ਪ੍ਰਗਟ ਕਰਦੀ ਹੈ ਬਲਕਿ ਭਵਿੱਖ ਦੇ ਲੰਮੇ ਸਮੇਂ ਦੇ ਮਿਸ਼ਨ ਲਈ ਅਹਿਮ ਜਾਣਕਾਰੀ ਵੀ ਦਿੰਦੀ ਹੈ।’ ਇਸਰੋ ਨੇ ਕਿਹਾ ਕਿ ਬੂਟੇ ਸੂਖਮ ਗੁਰਤਾਕਰਸ਼ਨ ਅਨੁਸਾਰ ਕਿਸ ਤਰ੍ਹਾਂ ਢਲਦੇ ਹਨ, ਇਸ ਸਮਝਣਾ ਜੀਵਨ ਸਮਰਥਨ ਪ੍ਰਣਾਲੀ ਵਿਕਸਿਤ ਕਰਨ ਲਈ ਅਹਿਮ ਹੈ ਜੋ ਪੁਲਾੜ ਮੁਸਾਫਰਾਂ ਲਈ ਭੋਜਨ ਦਾ ਉਤਪਾਦਨ ਕਰ ਸਕਦੀ ਹੈ ਅਤੇ ਹਵਾ ਤੇ ਪਾਣੀ ਬਣਾ ਸਕਦੀ ਹੈ। ਪੁਲਾੜ ਏਜੰਸੀ ਨੇ ਕਿਹਾ, ‘ਸੀਆਰਓਪੀਐੱਸ ਪ੍ਰਯੋਗ ਦੀ ਕਾਮਯਾਬੀ ਪੁਲਾੜ ’ਚ ਸਥਾਈ ਮਨੁੱਖੀ ਮੌਜੂਦਗੀ ਦੀ ਦਿਸ਼ਾ ਵਿੱਚ ਇੱਕ ਉਮੀਦ ਭਰਿਆ ਕਦਮ ਹੈ।’ -ਪੀਟੀਆਈ