ਗੁਲਜ਼ਾਰ ਗਰੁੱਪ ਵਿੱਚ ਇਸਰੋ ਦੀ ਪੁਲਾੜ ਪ੍ਰਦਰਸ਼ਨੀ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਜੁਲਾਈ
ਇੱਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਤਿੰਨ ਰੋਜ਼ਾ ਵਿਕਰਮ ਸਾਰਾਭਾਈ ਪੁਲਾੜ ਪ੍ਰਦਰਸ਼ਨੀ ਆਰੰਭ ਹੋਈ ਜਿਸ ਵਿੱਚ 90 ਤੋਂ ਵਧੇਰੇ ਵਿੱਦਿਅਕ ਸੰਸਥਾਵਾਂ ਦੇ ਚਾਰ ਹਜ਼ਾਰ ਵਿਦਿਆਰਥੀਆਂ ਅਤੇ ਆਮ ਲੋਕ ਸ਼ਾਮਲ ਹੋਏ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਫੈਕਲਟੀ ਅਤੇ ਲੋਕਾਂ ਨੂੰ ਪੁਲਾੜ ਵਿਗਿਆਨ ਤੇ ਤਕਨਾਲੋਜੀ ਵਿੱਚ ਤਰੱਕੀ ਸਬੰਧੀ ਸਿੱਖਿਅਤ ਕਰਨਾ ਹੈ। ਚੇਅਰਮੈਨ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਦੌਰਾਨ ਆਰੀਆ ਭੱਟ ਤੋਂ ਲੈ ਕੇ ਚੰਦਰਯਾਨ-3 ਤੱਕ ਦੀਆਂ ਸੈਟੇਲਾਈਟ ਪ੍ਰਣਾਲੀਆਂ ਅਤੇ ਔਰਬਿਟ ਮਾਡਲ ਪ੍ਰਦਸ਼ਿਤ ਕੀਤੇ ਗਏ।
ਇਸ ਮੌਕੇ ਪਰੇਸ਼ ਸਰਵਈਆ, ਐੱਸਐੱਸਈ ਨੇ ਪ੍ਰਦਰਸ਼ਨੀ ਦਾ ਆਗਾਜ਼ ਕੀਤਾ ਜਦੋਂਕਿ ਦਿਸ਼ਾ ਦਵੇ, ਹੈਪੀ ਜੀ ਪਟੇਲ ਤੇ ਹੈਪੀ ਐੱਮ ਪਟੇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਅਗਲੇ ਦੋ ਦਿਨ ਸਕੂਲੀ ਵਿਦਿਆਰਥੀਆਂ ਅਤੇ ਲੋਕਾਂ ਲਈ ਸ਼ਾਮ ਪੰਜ ਵਜੇ ਤੱਕ ਖੁੱਲ੍ਹੀ ਰਹੇਗੀ। ਇਸ ਪ੍ਰਦਰਸ਼ਨੀ ਤੋਂ ਇਸਰੋ ਵੱਲੋਂ ਚਲਾਏ ਮਿਸ਼ਨ ਅਤੇ ਪੁਲਾੜ ਯਾਤਰਾ ਬਾਰੇ ਫਾਰਮੈਟ ਵਿੱਚ ਇਸਰੋ ਲਾਂਚ ਵਾਹਨਾਂ, ਉਪਗ੍ਰਹਿਾਂ ਤੇ ਸੰਚਾਰ ਪ੍ਰਣਾਲੀਆਂ ਦੇ ਆਧੁਨਿਕ ਮਾਡਲਾਂ ਦੀ ਵਿਸ਼ੇਸ਼ਤਾ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸਰਲ ਭਾਸ਼ਾ ਵਿਚ ਨਿਗਰਾਨੀ ਕਰਨ ਲਈ ਦਸਤਾਵੇਜ਼ੀ ਫਿਲਮ ਦਿਖਾਈ ਗਈ ਤਾਂ ਜੋ ਉਹ ਸਮਝ ਸਕਣ ਕਿ ਰਾਕੇਟ ਕਿਵੇਂ ਲਾਂਚ ਕੀਤਾ ਜਾਂਦਾ ਹੈ। ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਕਾਲਜ ਲਈ ਇੱਕ ਯਾਦਗਾਰੀ ਮੌਕਾ ਹੈ, ਜਿਸ ਤੋਂ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ।